ਸਿਵਲ ਹਸਪਤਾਲ ਦੀ ਟੀਮ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ
Sunday, Jul 08, 2018 - 06:49 AM (IST)

ਸਮਰਾਲਾ, (ਗਰਗ)- ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਿਵਲ ਹਸਪਤਾਲ ਸਮਰਾਲਾ ਦੀ ਸੀਨੀਅਰ ਮੈਡੀਕਲ ਅਫ਼ਸਰ ਮੰਨੂ ਵਿਜ ਦੀ ਅਗਵਾਈ ਵਿਚ ਇਕ ਟੀਮ ਵਲੋਂ ਸਮਰਾਲਾ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਟੀਮ ਵਲੋਂ ਵੱਖ-ਵੱਖ ਮੈਡੀਕਲ ਸਟੋਰਾਂ 'ਤੇ ਦਵਾਈਆਂ, ਬਿੱਲ ਤੇ ਹੋਰ ਰਿਕਾਰਡ ਚੈੱਕ ਕੀਤਾ ਗਿਆ।
ਇਸ ਮੌਕੇ ਡਾ. ਕਰਨ ਤੇ ਹਿਤੇਸ਼ ਮਹਾਜਨ ਵਲੋਂ ਸਬੰਧਤ ਸਟੋਰ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਕਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਿਸੇ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵੀ ਮਰੀਜ਼ ਨੂੰ ਦਵਾਈ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਇਹ ਜ਼ਰੂਰੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਨਸ਼ੀਲੀ ਦਵਾਈ ਜਾਂ ਸਰਕਾਰ ਵਲੋਂ ਪਾਬੰਦੀਸ਼ੁਦਾ ਦਵਾਈ ਦੀ ਸਪਲਾਈ ਨਾ ਰੱਖੀ ਜਾਵੇ ਤੇ ਨਾ ਹੀ ਇਸ ਦੀ ਵਿਕਰੀ ਕੀਤੀ ਜਾਵੇ, ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਵਾਲੇ ਦਵਾਈਆਂ ਦੇ ਰਿਕਾਰਡ ਨੂੰ ਚੰਗੀ ਤਰ੍ਹਾਂ ਮੇਨਟੇਨ ਕਰਨ।