ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ‘ਚ ਐਂਟੀ ਕੋਵਿਡ ਵੈਕਸੀਨ ਦਾ ਸਟਾਕ ਹੋਇਆ ਖਤਮ
Tuesday, May 04, 2021 - 07:43 PM (IST)
ਬਾਬਾ ਬਕਾਲਾ ਸਾਹਿਬ, (ਰਾਕੇਸ਼)- ਤਹਿਸੀਲ ਬਾਬਾ ਬਕਾਲਾ ਸਾਹਿਬ ਦੇ 100 ਤੋਂ ਵਧੇਰੇ ਪਿੰਡਾਂ ਦਾ ਕੇਂਦਰ ਬਿੰਦੂ ਅਤੇ ਇੰਨ੍ਹਾਂ ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਵਾਲਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ‘ਚ 45 ਸਾਲ ਦੀ ਵਧੇਰੇ ਉਮਰ ਤੋਂ ਲੋਕਾਂ ਨੂੰ ਲੱਗਣ ਵਾਲੀ ਐਂਟੀ ਕੋਵਿਡ ਵੈਕਸੀਨ ਦਾ ਸਟਾਕ ਖਤਮ ਹੋ ਜਾਣ ਕਾਰਨ ਸਿਵਲ ਹਸਪਤਾਲ ਪਹਿਲੀ ਅਤੇ ਦੂਜੀ ਖੁਰਾਕ ਲੈਣ ਆਏ ਲੋਕਾਂ ਨੂੰ ਨਿਰਾਸ਼ਾ ਅਤੇ ਮਾਯੂਸ਼ੀ ਨਾਲ ਵਾਪਿਸ ਪਰਤਣਾ ਪੈ ਰਿਹਾ ਹੈ। ਇੰਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਅਜੇ ਤੱਕ ਅਜਿਹੀ ਵੈਕਸੀਨ ਨੂੰ ਪੂਰਾ ਕਰਨ ਵਿਚ ਵੀ ਕਾਮਯਾਬ ਨਹੀ ਹੋ ਸਕੀ, ਜਦਕਿ 18 ਸਾਲ ਤੋਂ ਵਧੇਰੇ ਦੇ ਲੋਕਾਂ ਨੂੰ 1 ਮਈ ਤੋਂ ਵੈਕਸੀਨ ਦਿੱਤੇ ਜਾਣ ਦੀ ਸ਼ੁਰੂਆਤ ਵੀ ਠੁੱਸ ਹੋ ਕੇ ਰਹਿ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਪਹਿਲੀ ਖੁਰਾਕ ਵਜੋਂ ਇਹ ਟੀਕੇ ਲਗਾਏ ਹੋਏ ਹਨ ਅਤੇ ਹੁਣ ਦੂਜੀ ਖੁਰਾਕ ਲੈਣ ਦਾ ਸਮਾਂ ਵੀ ਨਿਰਧਾਰਤ ਸਮੇਂ ਤੋਂ ਜਿਆਦਾ ਹੋ ਚੁੱਕਾ ਹੈ ਪਰ ਉਨ੍ਹਾਂ ਨੂੰ ਦੂਜੀ ਖੁਰਾਕ ਲੈਣ ਲਈ ਸਿਵਲ ਹਸਪਤਾਲ ਦੇ ਗੇੜੇ ਮਾਰਨੇ ਪੈ ਰਹੇ ਹਨ ਅਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਅਜਿਹੇ ਪੀੜਿਤ ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਤੋਂ ਮੰਗ ਕੀਤੀ ਹੈ ਕਿ ਇਸ ਹਸਪਤਾਲ ਵਿਚ ਲੌੜੀਦੀਆਂ ਖੁਰਾਕਾਂ ਤੁਰੰਤ ਭੇਜੀਆ ਜਾਣ, ਕਿਉਂਕਿ ਇਸ ਹਸਪਤਾਲ ਤੋਂ ਹੀ ਹੋਰ ਵੀ ਕਈ ਜਗ੍ਹਾਂ ਬਣਾਏ ਗਏ ਆਰਜੀ ਵੈਕਸੀਨੇਸ਼ਨ ਕੇਂਦਰਾ ਨੂੰ ਖੁਰਾਕਾਂ ਭੇਜੀਆਂ ਜਾਂਦੀਆਂ ਹਨ, ਪ੍ਰੰਤੂ ਇੰਨ੍ਹਾਂ ਖੁਰਾਕਾਂ ਦੀ ਕਮੀ ਕਾਰਨ ਆਰਜੀ ਬਣਾਏ ਗਏ ਵੈਕਸੀਨੇਸ਼ਨ ਸੈਂਟਰ ਬੰਦ ਹੋ ਗਏ ਹਨ।