ਸਿਵਲ ਹਸਪਤਾਲ ''ਚ ਜੱਚਾ-ਬੱਚਾ ਦੀ ਮੌਤ ''ਤੇ ਰਿਸ਼ਤੇਦਾਰਾਂ ਨੇ ਕੀਤਾ ਹੰਗਾਮਾ

Sunday, Jun 10, 2018 - 06:13 AM (IST)

ਲੁਧਿਆਣਾ(ਸਹਿਗਲ)-ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਹਸਪਤਾਲ 'ਚ ਅੱਜ ਇਕ ਮਾਂ ਤੇ ਬੱਚੇ ਦੀ ਮੌਤ ਹੋਣ 'ਤੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿੱਤਾ। ਮ੍ਰਿਤਕ ਮਰੀਜ਼ ਅਨੀਤਾ ਮੰਡਲ (21) ਦੇ ਪਤੀ ਸੂਰਜ ਕੁਮਾਰ ਨੇ ਦੋਸ਼ ਲਾਇਆ ਕਿ ਉਸਦੀ ਪਤਨੀ ਗਰਭ ਅਵਸਥਾ 'ਚ ਸੀ, ਉਸ ਨੂੰ ਦਰਦ ਹੋਣ 'ਤੇ ਉਹ ਸਿਵਲ ਹਸਪਤਾਲ ਲੈ ਕੇ ਆਏ। ਵਾਰ-ਵਾਰ ਕਹਿਣ 'ਤੇ ਵੀ ਡਾਕਟਰਾਂ ਨੇ ਉਸ 'ਤੇ ਧਿਆਨ ਨਹੀਂ ਦਿੱਤਾ। ਬਾਅਦ 'ਚ ਉਸਨੇ ਇਕ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਪਰ ਪੇਟ 'ਚ ਜੁੜਵਾ ਬੱਚੇ ਹੋਣ 'ਤੇ ਕੁਝ ਦੇਰ ਬਾਅਦ ਦੂਜੇ ਬੱਚੇ ਨੇ ਜਨਮ ਲਿਆ। ਇਸ ਦੌਰਾਨ ਉਸਦੀ ਪਤਨੀ ਦੀ ਹਾਲਤ ਖਰਾਬ ਹੋ ਗਈ ਤੇ ਉਸਦੀ ਮੌਤ ਹੋ ਗਈ। ਮ੍ਰਿਤਕਾ ਦੀ ਸੱਸ ਸੁਸ਼ੀਲਾ ਦੇਵੀ ਦਾ ਕਹਿਣਾ ਸੀ ਕਿ ਜੇਕਰ ਡਾਕਟਰ ਸਮਾਂ ਰਹਿੰਦੇ ਧਿਆਨ ਦਿੰਦੇ ਤਾਂ ਮਰੀਜ਼ ਨੂੰ ਬਚਾਇਆ ਜਾ ਸਕਦਾ ਸੀ। 
ਐੱਸ. ਐੱਮ. ਓ. ਨੇ ਨਕਾਰੇ ਦੋਸ਼ 
ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਮਰੀਜ਼ ਦਾ ਇਲਾਜ ਇਕ ਦਾਈ ਦੀ ਦੇਖ-ਰੇਖ 'ਚ ਚੱਲ ਰਿਹਾ ਸੀ। ਜੁੜਵਾ ਬੱਚੇ ਹੋਣ ਕਾਰਨ ਜਦੋਂ ਡਲਿਵਰੀ ਦਾ ਸਮਾਂ ਆਇਆ ਤਾਂ ਉਹ ਹੈਂਡਲ ਨਹੀਂ ਕਰ ਸਕੀ। ਹਸਪਤਾਲ 'ਚ ਡਲਿਵਰੀ ਦੌਰਾਨ ਪਹਿਲਾਂ ਬੱਚੇ ਦਾ ਸਿਰ ਫਸ ਗਿਆ। ਮੁਸ਼ਕਲ ਡਲਿਵਰੀ ਹੋਣ ਕਾਰਨ ਉਹ ਮ੍ਰਿਤਕ ਪੈਦਾ ਹੋਇਆ ਤਾਂ ਡਾਕਟਰਾਂ ਨੇ ਦੂਜੇ ਬੱਚੇ ਦੀ ਡਲਿਵਰੀ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਬਲੀਡਿੰਗ ਜ਼ਿਆਦਾ ਹੋਣ ਕਾਰਨ ਮਹਿਲਾ ਦੀ ਹਾਲਤ ਖਰਾਬ ਹੋ ਗਈ। ਉਸ 'ਚ ਐੱਚ. ਬੀ. 8 ਗ੍ਰਾਮ ਸੀ। ਜੋ ਜੁੜਵਾ ਡਲਿਵਰੀ ਲਈ ਕਾਫੀ ਘੱਟ ਸੀ। ਜੇਕਰ ਮਹਿਲਾ ਦਾ ਇਲਾਜ ਕਿਸੇ ਦਾਈ ਦੀ ਬਜਾਏ ਯੋਗ ਡਾਕਟਰ ਦੀ ਦੇਖ-ਰੇਖ 'ਚ ਚੱਲਦਾ ਹੁੰਦਾ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ। ਦੂਜੇ ਬੱਚੇ ਦੀ ਡਲਿਵਰੀ ਦੌਰਾਨ ਜਦੋਂ ਮਹਿਲਾ ਦੀ ਹਾਲਤ ਵਿਗੜੀ ਤਾਂ ਉਸ ਨੂੰ ਜ਼ਰੂਰੀ ਦਵਾਈ ਦੇ ਕੇ ਸਟੇਬਲ ਕਰ ਦਿੱਤਾ ਗਿਆ ਪਰ ਬਲੀਡਿੰਗ ਜ਼ਿਆਦਾ ਹੋਣ 'ਤੇ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਮ੍ਰਿਤਕ ਦਾ ਪੋਸਟਮਾਟਰਮ ਕਰਵਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਉਸ ਦੇ ਕਾਰਨ ਸਾਹਮਣੇ ਆ ਸਕਣ।


Related News