ਸਰਕਾਰ ਜੀ ਜ਼ਰਾ ਇੱਧਰ ਵੀ ਧਿਆਨ ਦਿਓ

Saturday, Feb 03, 2018 - 04:27 AM (IST)

ਸਰਕਾਰ ਜੀ ਜ਼ਰਾ ਇੱਧਰ ਵੀ ਧਿਆਨ ਦਿਓ

ਰਾਮਾਂ ਮੰਡੀ ਸਿਵਲ ਹਸਪਤਾਲ ਸਿਹਤ ਸਹੂਲਤਾਂ ਤੋਂ ਵਾਂਝਾ
ਰਾਮਾਂ ਮੰਡੀ(ਪਰਮਜੀਤ)-ਪੰਜਾਬ ਸਰਕਾਰ ਜਿੱਥੇ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਦਾਅਵੇ ਕਰ ਰਹੀ ਹੈ, ਉਥੇ ਹੀ ਅਸੀਂ ਜੇਕਰ ਰਾਮਾਂ ਮੰਡੀ ਦੇ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਇਥੇ ਸਿਰਫ ਇਕ ਡਾਕਟਰ ਹੀ ਹੈ। ਹਸਪਤਾਲ ਵਿਖੇ ਵਿਸ਼ੇਸ਼ ਬੀਮਾਰੀ ਲਈ ਕੋਈ ਵੀ ਮਾਹਰ ਡਾਕਟਰ ਮੌਜੂਦ ਨਹੀਂ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੁਆਰਾ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਤਾਇਨਾਤੀ ਲਈ ਕਈ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਗਏ ਪਰ ਸਰਕਾਰ ਨੇ ਇਥੇ ਡਾਕਟਰਾਂ ਦੀ ਤਾਇਨਾਤੀ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਇਹ ਹਸਪਤਾਲ ਬੁਨਿਆਦੀ ਸਿਹਤ ਸਹੂਲਤਾਂ ਨਾ ਹੋਣ ਕਾਰਨ ਮਰੀਜ਼ਾਂ ਲਈ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਲੋਕ ਜ਼ਿਆਦਾਤਰ ਆਪਣਾ ਇਲਾਜ ਸਿਵਲ ਹਸਪਤਾਲ ਵਿਚ ਹੀ ਕਰਵਾਉਂਦੇ ਹਨ, ਹੁਣ ਡਾਕਟਰਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਆਪਣਾ ਇਲਾਜ ਪ੍ਰਾਈਵੇਟ ਡਾਕਟਰਾਂ ਤੋਂ ਕਰਵਾਉਣਾ ਪੈ ਰਿਹਾ ਹੈ। ਜਿਸ ਹਸਪਤਾਲ ਵਿਚ ਡਾਕਟਰ ਹੀ ਨਾ ਮਿਲਣ ਤਾਂ ਉਸ ਹਸਪਤਾਲ ਵਿਚ ਮਿਲਣ ਵਾਲੀਆਂ ਦਵਾਈਆਂ ਦਾ ਉਨ੍ਹਾਂ ਨੂੰ ਕੀ ਫਾਇਦਾ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਡਲਿਵਰੀ ਸਮੇਂ ਸਿਵਲ ਹਸਪਤਾਲ ਵਿਖੇ ਲੇਡੀਜ਼ ਡਾਕਟਰ ਨਾ ਹੋਣ ਕਾਰਨ ਔਰਤਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 24 ਘੰਟੇ ਹਸਪਤਾਲ ਵਿਖੇ ਡਾਕਟਰ ਮੁਹੱਈਆ ਕਰਵਾਉਣ ਲਈ ਹੁਕਮ ਜਾਰੀ ਕੀਤੇ ਜਾਣ। ਅਸੀਂ ਜੇਕਰ ਸਫਾਈ ਵਿਵਸਥਾ ਦੀ ਗੱਲ ਕਰੀਏ ਤਾਂ ਇਸ ਹਸਪਤਾਲ ਦਾ ਪਿਛਲਾ ਪਾਸਾ ਦਿਨੋ-ਦਿਨ ਜੰਗਲ ਦਾ ਰੂਪ ਧਾਰਨ ਕਰ ਰਿਹਾ ਹੈ ਅਤੇ ਹਸਪਤਾਲ ਵਿਖੇ ਲੱਗੇ ਕੂੜੇ-ਕਰਕਟ ਦੇ ਢੇਰ ਅਤੇ ਜੰਗਲ ਵਾਂਗ ਖੜ੍ਹੀਆਂ ਝਾੜੀਆਂ ਸਵੱਛ ਭਾਰਤ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀਆਂ ਹਨ। ਹਸਪਤਾਲ ਵਿਖੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਬਜਾਏ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। 
ਕੀ ਕਹਿੰਦੇ ਹਨ ਐੱਸ. ਐੱਮ. ਓ.
ਸਰਕਾਰੀ ਹਸਪਤਾਲ ਵਿਖੇ ਸਫਾਈ ਪ੍ਰਬੰਧ ਨਾ ਹੋਣ ਸਬੰਧੀ ਜਦ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਮਨਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਿਰਫ ਇਕ ਹੀ ਸਫਾਈ ਕਰਮਚਾਰੀ ਹੈ, ਜਿਸ ਕਾਰਨ ਸਫਾਈ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਐੱਨ. ਜੀ. ਓ. ਨਾਲ ਗੱਲਬਾਤ ਕਰ ਕੇ ਹਸਪਤਾਲ ਦੀ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਤੋਂ ਜਦ ਸਿਵਲ ਹਸਪਤਾਲ ਵਿਖੇ ਸਿਰਫ ਇਕ ਹੀ ਡਾਕਟਰ ਤਾਇਨਾਤ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਡਾਕਟਰਾਂ ਦੀ ਤਾਇਨਾਤੀ ਲਈ ਸਰਕਾਰ ਨੂੰ ਕਈ ਵਾਰ ਲਿਖ ਕੇ ਭੇਜਿਆ ਹੋਇਆ। 
ਸਰਕਾਰ ਹਸਪਤਾਲ ਨੂੰ 100 ਹਸਪਤਾਲਾਂ ਦੀ ਲੜੀ 'ਚ ਸ਼ਾਮਲ ਕਰੇ : ਅਸ਼ੋਕ ਗੋਇਲ
ਸ਼੍ਰੋਮਣੀ ਅਕਾਲੀ ਦਲ ਰਾਮਾਂ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਰਾਮਾਂ ਮੰਡੀ ਦੇ ਇਸ ਸਰਕਾਰੀ ਹਸਪਤਾਲ ਨੂੰ 100 ਹਸਪਤਾਲਾਂ ਦੀ ਲੜੀ ਵਿਚ ਸ਼ਾਮਲ ਕਰ ਕੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇ ਤਾਂ ਜੋ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਆਪਣਾ ਇਲਾਜ ਕਰਵਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਗਾਇਨੀ ਡਾਕਟਰ ਅਤੇ ਬੱਚਿਆਂ ਦੇ ਮਾਹਰ ਡਾਕਟਰ ਵੀ ਤਾਇਨਾਤ ਕੀਤੇ ਜਾਣ।
ਸਿਹਤ ਵਿਭਾਗ ਆਪਣੇ ਪੱਧਰ 'ਤੇ ਸਫਾਈ ਦਾ ਪ੍ਰਬੰਧ ਕਰੇ : ਅਮਰਜੀਤਪਾਲ ਮਿੱਤਲ
ਨਿਰੰਕਾਰੀ ਭਵਨ ਦੇ ਚੇਅਰਮੈਨ ਅਮਰਜੀਤਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਗੰਦਗੀ ਦੇ ਢੇਰ ਲੱਗੇ ਪਏ ਹਨ। ਉਨ੍ਹਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਵੱਲੋਂ ਹਰ ਸਾਲ ਸਰਕਾਰੀ ਹਸਪਤਾਲ ਦੀ ਸਫਾਈ ਕੀਤੀ ਜਾਂਦੀ ਹੈ ਅਤੇ ਜਲਦੀ ਹੀ ਇਸ ਸਬੰਧੀ ਨਿਰੰਕਾਰੀ ਭਵਨ ਵਿਖੇ ਸੇਵਾਦਾਰਾਂ ਨਾਲ ਮੀਟਿੰਗ ਕਰ ਕੇ ਆਪਣੇ ਪੱਧਰ 'ਤੇ ਹਸਪਤਾਲ ਦੀ ਸਫਾਈ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੀ ਆਪਣੇ ਪੱਧਰ 'ਤੇ ਸਰਕਾਰੀ ਹਸਪਤਾਲ ਵਿਖੇ ਸਫਾਈ ਕਰਮਚਾਰੀ ਰੱਖੇ। 


Related News