...ਤੇ ਹੁਣ ਮੋਹਾਲੀ ''ਚ ਜਲਦ ਹੀ ਸ਼ੁਰੂ ਹੋਵੇਗੀ ''ਸਿਟੀ ਬੱਸ ਸਰਵਿਸ''
Thursday, May 30, 2019 - 03:58 PM (IST)

ਮੋਹਾਲੀ (ਰਾਣਾ) : ਸ਼ਹਿਰ 'ਚ ਸਿਟੀ ਬੱਸ ਸਰਵਿਸ ਚਲਾਉਣ ਦਾ ਜਿਹੜਾ ਮਤਾ ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਪਾਸ ਹੋਇਆ ਸੀ, ਉਸ ਨੂੰ 3 ਸਾਲ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ ਗਿਆ ਸੀ ਪਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਅਜੇ ਤਕ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ, ਪਰ ਹੁਣ ਸ਼ਹਿਰ 'ਚ ਸਿਟੀ ਬੱਸ ਸਰਵਿਸ ਛੇਤੀ ਚਲਾਉਣ ਲਈ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਪਹਿਲ ਕਰ ਦਿੱਤੀ ਹੈ। ਹੁਣ ਵੇਖਣਾ ਇਹ ਹੈ ਕਿ ਸ਼ਹਿਰ ਦੀਆਂ ਸੜਕਾਂ 'ਤੇ ਕਦੋਂ ਤਕ ਸਿਟੀ ਬੱਸ ਸਰਵਿਸ ਚੱਲੇਗੀ, ਜਿਸ ਦਾ ਇੰਤਜ਼ਾਰ ਕਾਫ਼ੀ ਲੰਬੇ ਸਮੇਂ ਇਹ ਸ਼ਹਿਰ ਵਾਸੀ ਕਰ ਰਹੇ ਹਨ।
ਇਕ ਕਰੋੜ ਦਾ ਬਣਾਇਆ ਸੀ ਬਜਟ
ਜਾਣਕਾਰੀ ਅਨੁਸਾਰ ਹਾਊਸ ਦੀ ਮੀਟਿੰਗ ਵਿਚ ਸਿਟੀ ਬੱਸ ਸਰਵਿਸ ਦਾ ਮਤਾ ਪਾਸ ਕੀਤਾ ਗਿਆ ਸੀ ਤਾਂ ਇਸ ਲਈ ਇਕ ਕਰੋੜ ਰੁਪਏ ਦਾ ਬਜਟ ਬਣਾਇਆ ਗਿਆ ਸੀ, ਜੋ ਅਜੇ ਵੀ ਇੰਝ ਹੀ ਪਿਆ ਹੋਇਆ ਹੈ ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਕੋਈ ਫੈਸਲਾ ਨਹੀਂ ਦਿੱਤਾ ਗਿਆ। ਜਦੋਂ ਤਕ ਉਨ੍ਹਾਂ ਦੇ ਕੋਲ ਲਿਖਤੀ ਵਿਚ ਸਿਟੀ ਬੱਸ ਸਰਵਿਸ ਚਲਾਉਣ ਦੇ ਪ੍ਰਪੋਜ਼ਲ ਨੂੰ ਕੈਂਸਲ ਕਰਨ ਸਬੰਧੀ ਕੋਈ ਚਿੱਠੀ ਨਹੀਂ ਆਉਂਦੀ, ਉਦੋਂ ਤਕ ਉਨ੍ਹਾਂ ਵਲੋਂ ਬਜਟ ਦੇ ਪੈਸਿਆਂ ਨੂੰ ਨਹੀਂ ਛੇੜਿਆ ਜਾ ਸਕਦਾ। ਪੀ. ਆਰ. ਟੀ. ਸੀ. ਨੇ ਜਿਨ੍ਹਾਂ ਰੂਟਾਂ 'ਤੇ ਬੱਸ ਚਲਾਉਣ ਦੀ ਤਿਆਰੀ ਕੀਤੀ ਸੀ, ਬਾਕਾਇਦਾ ਉਸ ਲਈ ਸਰਵੇ ਵੀ ਕਰਵਾਇਆ ਗਿਆ ਸੀ ਪਰ ਇਹ ਪ੍ਰਾਜੈਕਟ ਵੀ ਵਿਚਕਾਰ ਹੀ ਲਟਕਿਆ ਹੋਇਆ ਹੈ।
41 ਸਾਲਾਂ ਤੋਂ ਚੰਡੀਗੜ੍ਹ ਦੇ ਸਹਾਰੇ
ਸ਼ਹਿਰ ਨੂੰ ਵਸਿਆਂ 41 ਸਾਲ ਬੀਤ ਚੁੱਕੇ ਹਨ ਪਰ ਸ਼ਹਿਰ ਵਿਚ ਅਜੇ ਤੱਕ ਵੀ ਕੋਈ ਆਪਣੀ ਬੱਸ ਸਰਵਿਸ ਨਹੀਂ ਹੈ। ਲੋਕ 41 ਸਾਲਾਂ ਤੋਂ ਚੰਡੀਗੜ੍ਹ ਵਲੋਂ ਚਲਾਈ ਜਾ ਰਹੀ ਬੱਸ ਸਰਵਿਸ 'ਤੇ ਨਿਰਭਰ ਹਨ ਪਰ ਚੰਡੀਗੜ੍ਹ ਵਲੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਦੇ ਰੂਟ ਕਾਫ਼ੀ ਸੀਮਤ ਹਨ। ਇਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਸਭ ਤੋਂ ਜ਼ਿਆਦਾ ਇੰਡਸਟਰੀਅਲ ਏਰੀਏ ਵਿਚ ਕੰਮ ਕਰਨ ਵਾਲੇ ਲੋਕ ਪਰੇਸ਼ਾਨ ਹੁੰਦੇ ਹਨ। ਉਥੇ ਹੀ ਨਿਗਮ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਸਿਟੀ ਬੱਸ ਲਈ ਸ਼ਹਿਰ ਵਿਚ ਕਈ ਥਾਵਾਂ 'ਤੇ ਕਿਊ ਸ਼ੈਲਟਰ ਬਣਵਾਏ ਗਏ ਹਨ। ਉਹ ਵੀ ਬੱਸਾਂ ਦਾ ਇੰਤਜ਼ਾਰ ਕਰਦੇ-ਕਰਦੇ ਟੁੱਟਣ ਲੱਗੇ ਹਨ।
ਨਵੇਂ ਸਿਰੇ ਤੋਂ ਫਿਰ ਹੋਇਆ ਸੀ ਕੰਮ ਸ਼ੁਰੂ
ਨਗਰ ਨਿਗਮ ਚੋਣ ਤੋਂ ਪਹਿਲਾਂ ਜਨਵਰੀ 2014 ਵਿਚ ਨਿਗਮ ਵਲੋਂ ਕੇਂਦਰ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾ ਤਹਿਤ ਮੋਹਾਲੀ, ਜ਼ੀਰਕਪੁਰ, ਖਰੜ ਅਤੇ ਕੁਰਾਲੀ ਖੇਤਰ ਵਿਚ ਲੋਕਲ ਬੱਸ ਸਰਵਿਸ ਚਲਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਪਰ ਮਈ 2014 ਵਿਚ ਕੇਂਦਰ ਸਰਕਾਰ ਬਦਲਣ ਕਾਰਨ ਉਕਤ ਪ੍ਰਾਜੈਕਟ ਵਿਚਾਲੇ ਹੀ ਰਿਹਾ ਗਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਦੀ ਚੋਣ ਤੋਂ ਬਾਅਦ ਸਿਟੀ ਬੱਸ ਸਰਵਿਸ ਪ੍ਰਾਜੈਕਟ 'ਤੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਹੋਇਆ ਸੀ। ਫਿਰ ਇਸ ਪ੍ਰਾਜੈਕਟ ਨੂੰ ਗਮਾਡਾ ਖੇਤਰ ਵਿਚ ਸੀਮਤ ਰੱਖਣ ਦਾ ਫੈਸਲਾ ਲਿਆ ਗਿਆ ਸੀ। ਇਸ ਸਬੰਧੀ ਮਾਰਚ 2016 ਵਿਚ ਗਮਾਡਾ ਅਧਿਕਾਰੀਆਂ ਨੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਰੂਟ ਭੇਜੇ ਸਨ
- ਫੇਜ਼-6 ਬੱਸ ਸਟੈਂਡ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਤੱਕ।
- ਰੇਲਵੇ ਸਟੇਸ਼ਨ ਮੋਹਾਲੀ ਤੋਂ ਹੁੰਦੇ ਹੋਏ ਨਵਾਂ ਬੱਸ ਸਟੈਂਡ ਫੇਜ਼-6, ਗੌਰਮਿੰਟ ਕਾਲਜ, ਸਿਵਲ ਹਸਪਤਾਲ ਤਕ।
- ਨਿਊ ਬੱਸ ਸਟੈਂਡ ਫੇਜ਼-6 ਤੋਂ ਹੁੰਦੇ ਹੋਏ ਓਲਡ ਅਮਰ ਟੈਕਸ ਚੌਕ ਤਕ।
- ਨਿਊ ਬੱਸ ਸਟੈਂਡ ਫੇਜ਼-6 ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਕ।
- ਨਿਊ ਬੱਸ ਸਟੈਂਡ ਫੇਜ਼-6 ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਤਕ।
- ਨਿਊ ਬੱਸ ਸਟੈਂਡ ਫੇਜ਼-6 ਤੋਂ ਹੁੰਦੇ ਹੋਏ ਲਾਂਡਰਾਂ ਤਕ।
- ਨਿਊ ਬੱਸ ਸਟੈਂਡ ਫੇਜ਼-6 ਤੋਂ ਹੁੰਦੇ ਹੋਏ ਸੈਕਟਰ-65 ਤਕ।
- ਮੁੰਡੀ ਖਰੜ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਤਕ।
- ਲਾਂਡਰਾਂ ਸੈਕਟਰ-91 ਤੋਂ ਹੁੰਦੇ ਹੋਏ ਐਰੋਸਿਟੀ ਤਕ।
- ਫੇਜ਼-6 ਨਿਊ ਬੱਸ ਸਟੈਂਡ ਤੋਂ ਹੁੰਦੇ ਹੋਏ ਪੀ. ਸੀ. ਏ. ਸਟੇਡੀਅਮ ਚੌਕ ਸੈਕਟਰ-64, 65, 48 ਤਕ।
- ਲਾਂਡਰਾਂ ਤੋਂ ਲਖਨੌਰ, ਫੇਜ਼-8ਏ, 8ਬੀ, ਓਲਡ ਅਮਰਟੈਕਸ ਚੌਂਕ, ਇੰਡਸਟਰੀਅਲ ਏਰੀਆ ਫੇਜ਼-1, 2 ਤਕ।