ਕੂੜੇ ਦੇ ਢੇਰਾਂ ਨੇ ਵਿਗਾੜੀ ਸ਼ਹਿਰ ਦੀ ਸੁੰਦਰਤਾ

Monday, Jun 19, 2017 - 08:09 AM (IST)

ਫਰੀਦਕੋਟ  (ਹਾਲੀ) - ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ ਦੀ ਹੜਤਾਲ ਰਹਿਣ ਕਾਰਨ ਕੂੜੇ ਦੇ ਢੇਰ ਲੱਗ ਗਏ ਸਨ ਪਰ ਹੁਣ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਕੂੜੇ ਦੇ ਢੇਰਾਂ ਦੀ ਭਰਮਾਰ ਕਾਰਨ ਨਗਰ ਵਾਸੀਆਂ ਅਤੇ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਯੋਗ ਪ੍ਰਬੰਧ ਨਾ ਕੀਤੇ ਜਾਣ ਦਾ ਖੁਮਿਆਜ਼ਾ ਬੀਮਾਰੀਆਂ ਦੇ ਰੂਪ ਵਿਚ ਵੀ ਨਗਰ ਵਾਸੀਆਂ ਨੂੰ ਭੁਗਤਣਾ ਪੈ ਸਕਦਾ ਹੈ। ਇਸ ਸਬੰਧੀ ਗਗਨ, ਸੰਦੀਪ ਕੁਮਾਰ ਅਤੇ ਧਰਮ ਪ੍ਰਵਾਨਾ ਨੇ ਰੋਸ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਘੰਟਾ ਘਰ ਚੌਕ, ਠੰਡੀ ਸੜਕ, ਸਰਕੂਲਰ ਰੋਡ, ਦਸਮੇਸ਼ ਨਗਰ, ਡਾ. ਅੰਬੇਡਕਰ ਨਗਰ, ਰਾਮ ਬਾਗ ਰੋਡ, ਆਰਾ ਮਾਰਕੀਟ ਰੋਡ ਤੋਂ ਇਲਾਵਾ ਅਨੇਕਾਂ ਗਲੀਆਂ- ਮੁਹੱਲਿਆਂ ਵਿਚ ਲੱਗੇ ਕੂੜੇ ਦੇ ਢੇਰਾਂ ਕਾਰਨ ਆਮ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਕਾਰਨ ਸ਼ਹਿਰ ਭਰ ਦੀਆਂ ਮੇਨ ਸੜਕਾਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਵਧਦੇ ਜਾ ਰਹੇ ਹਨ, ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸਕੂਲੀ ਬੱਚਿਆਂ ਤੋਂ ਇਲਾਵਾ ਰਾਹਗੀਰਾਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ ਕਿਉਂਕਿ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ 'ਤੇ ਮੂੰਹ ਮਾਰਦੇ ਆਵਾਰਾ ਪਸ਼ੂਆਂ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਆਏ ਤੇਜ਼ ਮੀਂਹ ਕਾਰਨ ਕਈ ਥਾਵਾਂ 'ਤੇ ਲੱਗੇ ਕੂੜੇ ਦੇ ਢੇਰਾਂ ਦੀ ਗੰਦਗੀ ਸੜਕਾਂ ਤੱਕ ਫੈਲ ਚੁੱਕੀ ਹੈ ਅਤੇ ਇੰਨੀ ਭਿਆਨਕ ਬਦਬੂ ਆ ਰਹੀ ਹੈ ਕਿ ਆਮ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਚੁੱਕਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਇਸ ਸਮੱਸਿਆ ਵੱਲ ਤੁਰੰਤ ਹੀ ਧਿਆਨ ਨਾ ਦਿੱਤਾ ਤਾਂ ਮਲੇਰੀਆ ਅਤੇ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਫੈਲ ਸਕਦੀਆਂ ਹਨ। ਇਸ ਲਈ ਸਬੰਧਤ ਵਿਭਾਗ ਨੂੰ ਤੁਰੰਤ ਪਹਿਲ ਕਦਮੀ ਕਰਦੇ ਹੋਏ ਸ਼ਹਿਰ ਭਰ 'ਚ ਲੱਗੇ ਗੰਦਗੀ ਦੇ ਢੇਰਾਂ ਦੀ ਸਾਫ-ਸਫਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਗੰਦਗੀ ਤੋਂ ਨਿਜਾਤ ਮਿਲ ਸਕੇ।


Related News