ਜੈਤੋ ਨੂੰ ਸਿਆਸੀ ਪਾਰਟੀਆਂ ਵੱਲੋਂ ਕਿਉਂ ਕੀਤਾ ਜਾਂਦੈ ਅਣਡਿੱਠਾ!
Monday, Jun 25, 2018 - 07:43 AM (IST)
ਜੈਤੋ (ਗੁਰਮੀਤ) - ਲੋਕਾਂ ਨੂੰ ਲੁਭਾ ਕੇ ਖੋਖ਼ਲੇ ਵਾਅਦਿਆਂ ਨਾਲ ਸੱਤਾ ’ਚ ਆਈ ਕਾਂਗਰਸ ਸਰਕਾਰ ਤੋਂ ਛੇਤੀ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਸਾਡੇ ਪ੍ਰਤੀਨਿਧੀ ਵੱਲੋਂ ਸ਼ਹਿਰ ਦੇ ਵੱਖ-ਵੱਖ ਬੁੱਧੀ ਜੀਵੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਹਲਕਾ ਜੈਤੋ ਨੂੰ ਆਪਣੀ ਮਾਂ ਸਮਝਣ ਵਾਲਾ ਉਮੀਦਵਾਰ ਨਹੀਂ ਦਿੱਤਾ, ਜਿਸ ਦਾ ਦਿਲੀ ਪਿਆਰ ਵਿਧਾਨ ਸਭਾ ਹਲਕਾ ਜੈਤੋ ਨਾਲ ਹੋਵੇ। ਉਨ੍ਹਾਂ ਕਿਹਾ ਕਿ ਮਹਰੂਮ ਲਾਲ ਭਗਵਾਨ ਦਾਸ ਅਤੇ ਮਹਰੂੂਮ ਮਹਿੰਦਰ ਸਿੰਘ ਬਰਾਡ਼ ਤੋਂ ਇਲਾਵਾ ਤੇ ਉਸ ਤੋਂ ਬਾਅਦ ’ਚ ਵਿਧਾਨ ਸਭਾ ਜੈਤੋ ਨੂੰ ਕਦੇ ਵੀ ਆਪਣੀ ਧਰਤੀ ਦੇ ਜੰਮਪਲ ਕਿਸੇ ਪਾਰਟੀ ਦੇ ਯੋਗ ਲੀਡਰ ਦੀ ਅਗਵਾਈ ਨਹੀਂ ਮਿਲੀ। ਹਲਕੇ ਦੇ ਲੋਕਾਂ ਲਈ ਤਰਸਯੋਗ ਇਹ ਗੱਲ ਵੀ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਹਲਕੇ ਦਾ ਜੰਮਪਲ ਲੀਡਰ ਮਿਲਿਆ ਹੀ ਨਹੀਂ, ਇਸੇ ਕਰ ਕੇ ਇਕੱਲੇ ਵਿਕਾਸ ਕਾਰਨ ਨਹੀਂ, ਬਲਕਿ ਪ੍ਰਪੱਕ ਸਿਆਸਤ ਤੋਂ ਵੀ ਹਲਕਾ ਵਾਂਝਾ ਰਿਹਾ ਅਤੇ ਹਮੇਸ਼ਾ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਇਹ ਗੱਲ ਸਾਹਮਣੇ ਆਈ ਹੈ ਕਿ ਜੈਤੋ ਨੂੰ ਹਮੇਸ਼ਾ ਸਿਆਸੀ ਪਾਰਟੀਆਂ ਵੱਲੋਂ ਅਣਡਿੱਠਾ ਕੀਤਾ ਗਿਆ। ਇੰਝ ਲੱਗਦਾ ਹੈ ਕਿ ਜੈਤੋ ਸਿਆਸੀ ਪਾਰਟੀਆਂ ਵੱਲੋਂ ਬਾਹਰੀ ਹਲਕੇ ਦੇ ਉਮੀਦਵਾਰ ਨੂੰ ਖ਼ੁਸ਼ ਕਰਨ ਲਈ ਵਰਤਿਆ ਜਾਂਦਾ ਹੈ। ਇਸ ਕਰ ਕੇ ਇੱਥੋਂ ਦੇ ਸੂਝਵਾਨ ਵੋਟਰਾਂ ਤੋਂ ਕਦੇ ਵੀ ਮੌਜੂਦਾ ਸਰਕਾਰ ਦੇ ਹੱਕ ਵਿਚ ਫ਼ੈਸਲਾ ਨਹੀਂ ਹੋਇਆ।
ਵਾਰਡ ਨੰ. 5 ਤੋਂ ਐੱਮ. ਸੀ. ਜਸਵੰਤ ਸਿੰਘ ਰਾਮਗਡ਼੍ਹੀਆ ਨੇ ਕਿਹਾ ਕਿ ਸ਼ਹਿਰ ’ਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ। ਸਾਨੂੰ ਪਤਾ ਨਹੀਂ ਇਸ ਕੰਮ ਦਾ ਠੇਕੇਦਾਰ ਕੌਣ ਹੈ ਅਤੇ ਨਾ ਪਤਾ ਇਹ ਕੰਮ ਕਦੋਂ ਖ਼ਤਮ ਹੋਵੇਗਾ। ਲੋਕ ਇਸ ਸਮੱਸਿਆ ਬਾਰੇ ਜਦੋਂ ਸਾਡੇ ਨਾਲ ਗੱਲਬਾਤ ਕਰਦੇ ਹਨ ਤਾਂ ਕੋਈ ਜਵਾਬ ਨਹੀਂ ਹੁੰਦਾ। ਜਦੋਂ ਵਾਰਡ ਦੇ ਕੰਮਾਂ ਬਾਰੇ ਉਸ ਵਾਰਡ ਦੇ ਐੱਮ. ਸੀ. ਨੂੰ ਪਤਾ ਹੀ ਨਹੀਂ ਕਿ ਕਿਵੇਂ ਅਤੇ ਕੰਮ ਕਦੋਂ ਪੂਰਾ ਹੋਊ ਤਾਂ ਫ਼ਿਰ ਐੱਮ. ਸੀ. ਬਣਾਉਣ ਦਾ ਕੀ ਮਤਲਬ ਬਣਦਾ ਹੈ, ਜਿਸ ਕਾਰਨ ਸਾਨੂੰ ਲੋਕਾਂ ਦੀ ਨਿਰਾਜ਼ਗੀ ਦਾ ਸਾਹਮਣਾ ਨਾ ਕਰਨਾ ਪਵੇ।
ਵਾਰਡ ਨੰ. 9 ਤੋਂ ਐੱਮ. ਸੀ. ਹਰੀ ਕਿਸ਼ਨ ਨੇ ਕਿਹਾ ਕਿ ਇਸ ਵਾਰਡ ’ਚ ਸਾਰੀਆਂ ਗਲੀਆਂ ਅਤੇ ਨਾਲੀਆਂ ਪੱਕੀਆਂ ਨਹੀਂ ਬਣੀਆਂ ਅਤੇ ਆਰ. ਓ. ਸਿਸਟਮ ਦੀ ਘਾਟ ਕਰ ਕੇ ਪੀਣ ਯੋਗ ਪਾਣੀ ਦੀ ਕਮੀ ਰਹਿੰਦੀ ਹੈ।
ਵਾਰਡ ਨੰ. 10 ਤੋਂ ਐੱਮ. ਸੀ. ਰਜਨੀ ਜਿੰਦਲ ਨੇ ਕਿਹਾ ਕਿ ਵਾਰਡ ’ਚ ਸਫ਼ਾਈ ਦੀ ਕਮੀ ਹੈ ਅਤੇ ਆਰ. ਓ. ਨਹੀਂ ਹੈ ਤੇ ਵਾਟਰ ਸਪਲਾਈ ਦੀ ਵੀ ਵੱਡੀ ਘਾਟ ਹੈ। ਵਾਰਡ ਦੇ ਲੋਕਾਂ ਦੀ ਸਮੱਸਿਆ ਦੂਰ ਕਰਨੀ ਚਾਹੀਦੀ ਹੈ।
ਵਾਰਡ ਨੰ. 12 ਤੋਂ ਐੱਮ. ਸੀ. ਅਤੇ ਸੀਨੀਅਰ ਕਾਂਗਰਸੀ ਆਗੂ ਵਿਕਾਸ ਡੋਡ (ਘੰਟੀ ਡੋਡ) ਨੇ ਕਿਹਾ ਕਿ ਇਹ ਵਾਰਡ ਸ਼ਹਿਰ ਦੇ ਸੈਂਟਰ ਵਿਚ ਹੈ ਅਤੇ ਵਾਰਡ ਨੂੰ ਬਹੁਤ ਵਧੀਆ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਹਨ ਪਰ ਇਕ ਸਮੱਸਿਆ ਹੈ ਕਿ ਆਰ. ਓ. ਸਿਸਟਮ ਨਹੀਂ ਲੱਗਾ, ਇਸ ਲਈ ਪੀਣ ਵਾਲੇ ਦਾ ਪ੍ਰਬੰਧ ਲੋਕਾਂ ਨੂੰ ਆਪ ਕਰਨਾ ਪੈਂਦਾ ਹੈ।
ਵਾਰਡ ਨੰ. 13 ਤੋਂ ਐੱਮ. ਸੀ. ਰੇਖਾ ਰਾਣੀ ਨੇ ਕਿਹਾ ਹੈ ਕਿ ਵਾਟਰ ਸਪਲਾਈ ਦੀ ਕਮੀ ਹੈ ਅਤੇ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ। ਸ਼ਹਿਰ ਦਾ ਰਾਮਲੀਲਾ ਮੈਦਾਨ ਇਸ ਵਾਰਡ ਵਿਚ ਅਤੇ ਮੈਦਾਨ ਵਿਚ ਕੂਡ਼ੇ ਦਾ ਡੰਪ ਹੈ, ਜਿਸ ਜਗ੍ਹਾ ਆਰ. ਓ. ਸਿਸਟਮ ਹੈ, ਉਸ ਦੇ ਪਿੱਛੇ ਕੂਡ਼ੇ ਦਾ ਬਹੁਤ ਵੱਡਾ ਡੰਪ ਹੈ, ਜਿਸ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਰਡ ਨੰ. 15 ਤੋਂ ਐੱਮ. ਸੀ. ਵਿੱਕੀ ਕੁਮਾਰ ਅਤੇ ਵਾਰਡ ਨੰ. 16 ਤੋਂ ਐੱਮ. ਸੀ. ਵੀਨਾ ਦੇਵੀ ਨੇ ਕਿਹਾ ਕਿ 15 ਨੰਬਰ ਵਾਰਡ ਵਿਚ ਜ਼ਿਆਦਾਤਰ ਗਰੀਬ ਅਤੇ ਮਜ਼ਦੂਰ ਲੋਕਾਂ ਰਹਿੰਦੇ ਹਨ। ਰੇਲਵੇ ਲਾਇਨ ਹੇਠੋਂ ਲੰਘਦੀ ਵਾਟਰ ਸਪਲਾਈ ਦੀ ਪਾਈਪ ਤਿੰਨ ਵਾਰਡਾਂ ਅਤੇ ਛੋਟੀ ਹੋਣ ਕਾਰਨ ਲੋਕਾਂ ਦੇ ਘਰਾਂ ਤੱਕ ਪੀਣ ਯੋਗ ਪਾਣੀ ਨਹੀਂ ਪਹੁੰਚਦਾ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਬਸਤੀਆਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਲੋਡ਼ ਹੈ।
ਵਾਰਡ ਨੰ. 17 ਤੋਂ ਐੱਮ. ਸੀ. ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਵਾਰਡ ’ਚ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਜੈਤੋ ਸ਼ਹਿਰ ’ਚ ਸਫ਼ਾਈ ਲਈ ਰੱਖੇ ਗਏ ਮਜ਼ਦੂਰਾਂ ਦੀ ਗਿਣਤੀ 30 ਦੇ ਕਰੀਬ ਹੈ, ਜਿਨ੍ਹਾਂ ਨੇ ਜੈਤੋ ਦੇ 17 ਵਾਰਡਾਂ ਦੀ ਸਫ਼ਾਈ ਦਾ ਕੰਮ ਕਰਨਾ ਹੁੰਦਾ ਹੈ। ਇਸ ਕਰ ਕੇ ਪੂਰੇ ਜੈਤੋ ਸ਼ਹਿਰ ਅਤੇ ਪਿੰਡ ਦੀ ਸਫ਼ਾਈ ਲਈ ਰੱਖੇ ਸਫਾਈ ਮਜ਼ਦੂਰਾਂ ਦੀ ਗਿਣਤੀ ਘੱਟ ਹੈ ਅਤੇ ਸਮੇਂ ਸਿਰ ਸਫ਼ਾਈ ਦਾ ਕੰਮ ਪੂਰਾ ਕੀਤਾ ਨਹੀਂ ਜਾ ਸਕਦਾ। ਉਨ੍ਹਾਂ ਕਿ ਅਸੀਂ ਸਾਰੇ ਵਾਰਡ ਵਾਸੀਅਾਂ ਦੇ ਸਹਿਯੋਗ ਨਾਲ ਆਪਣੀਆਂ ਜੇਬਾਂ ’ਚ ਖ਼ਰਚਾ ਕਰ ਕੇ ਇਕ ਮਿਸ਼ਨ ਬਣਾ ਕੇ ਸਫ਼ਾਈ ਕਰਵਾਈ ਹੈ।
ਨਗਰ ਕੌਂਸਲ ਪ੍ਰਧਾਨ ਜੈਤੋ ਯਾਦਵਿੰਦਰ ਸਿੰਘ ਜ਼ੈਲਦਾਰ ਨੇ ਕਿਹਾ ਕਿ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਪੂਰੇ ਸ਼ਹਿਰ ’ਚ ਸਫ਼ਾਈ ਅਤੇ ਪੀਣ ਵਾਲੇ ਪਾਣੀ ਦੇ ਟੈਸਟ ਕਰਵਾਏ ਜਾਣਗੇ ਅਤੇ ਲੋਕਾਂ ਦੀ ਸਮੱਸਿਆ ਵੱਲ ਵੱਧ ਤੋਂ ਵੱਧ ਧਿਆਨ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ’ਚ ਲੋਕਾਂ ਦੀਆਂ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।
