ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਕਾਂਗਰਸੀ ਵਫਦ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
Wednesday, Dec 11, 2019 - 06:48 PM (IST)
ਚੰਡੀਗੜ੍ਹ : ਕਾਂਗਰਸ ਪਾਰਟੀ ਨੇ ਅੱਜ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਵੀ. ਪੀ ਸਿੰਘ ਬਦਨੋਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜ ਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਨਾਗਰਿਕਤਾ ਸੋਧ ਬਿੱਲ 2019 ਨੂੰ ਪ੍ਰਵਾਨ ਨਾ ਕਰਨ। ਇਸ ਵਫਦ ਵਿਚ ਜਾਖੜ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿਧੂ, ਅਰੁਣਾ ਚੌਧਰੀ, ਰਾਜ ਕੁਮਾਰ ਵੇਰਕਾ ਤੇ ਹੋਰ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਆਰਥਿਕ ਮੁਹਾਜ 'ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਦੇਸ਼ ਬੁਰੀ ਤਰਾਂ ਮੰਦੀ ਦੀ ਚਪੇਟ ਵਿਚ ਹੈ। ਉਨ੍ਹਾਂ ਕਿਹਾ ਕਿ ਆਪਣੀ ਇਸ ਅਸਫਲਤਾ ਨੂੰ ਲੁਕਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨਾਗਰਿਕਤਾ ਸੋਧ ਬਿੱਲ 2019 ਰਾਹੀਂ ਦੇਸ਼ ਦਾ ਫਿਰਕੂ ਮਾਹੌਲ ਵਿਗਾੜਨਾ ਚਾਹੁੰਦੀ ਹੈ ਤਾਂ ਜੋ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ।
ਜਾਖੜ ਨੇ ਕਿਹਾ ਕਿ ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਰਾਹੀਂ ਇਸ ਦੇਸ਼ ਨੂੰ ਲੋਕਤੰਤਰ ਬਣਾਇਆ ਹੈ ਅਤੇ ਸਾਨੂੰ ਸਾਡੇ ਮੁਲਕ ਦੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ 'ਤੇ ਮਾਣ ਹੈ ਪਰ ਮੋਦੀ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਇਸ ਦੇਸ਼ ਨੂੰ ਧਰਮ ਤੰਤਰ ਬਣਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਮਾਜ ਨੂੰ ਧਰਮ ਦੇ ਨਾਂਅ ਤੇ ਵੰਡਨ ਦਾ ਜੋ ਕੰਮ ਅੰਗਰੇਜਾਂ ਤੋਂ ਅਧੂਰਾ ਰਹਿ ਗਿਆ ਸੀ, ਭਾਜਪਾ ਉਸ ਨੂੰ ਪੂਰਾ ਕਰਨ 'ਚ ਲੱਗੀ ਹੋਈ ਹੈ। ਉਨਾਂ ਕਿਹਾ ਕਿ ਧਰਮ ਅਧਾਰਤ ਨਾਗਰਿਕਤਾ ਦੇਸ਼ ਦੇ ਸੰਵਿਧਾਨ ਦੀ ਧਰਮਨਿਰਪੱਖਤਾ ਦੀ ਮੂਲ ਭਾਵਨਾ ਦੇ ਹੀ ਉਲਟ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀਆਂ ਘੱਟ ਗਿਣਤੀਆਂ ਸ਼ੱਕ ਅਤੇ ਡਰ ਦੇ ਮਹੌਲ ਵਿਚ ਜਿਊਣਗੀਆਂ ਤਾਂ ਦੇਸ਼ ਕਿਵੇਂ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਸਿਰਫ ਬਹੁਮਤ ਨਾਲ ਨਹੀਂ ਚੱਲਦਾ ਸਗੋਂ ਸਮਾਜਿਕ ਸਦਭਾਵਨਾ ਵੀ ਉਨੀ ਹੀ ਜ਼ਰੂਰੀ ਹੈ।