ਡਰੱਗਜ਼ ਮਾਮਲੇ ’ਚ ਜਲੰਧਰ ਦੇ ਅਵਤਾਰ ਨਗਰ ’ਚ ਸੀ. ਆਈ. ਏ. ਸਟਾਫ ਦੀ ਰੇਡ

Saturday, May 21, 2022 - 04:40 PM (IST)

ਜਲੰਧਰ(ਜ. ਬ.): ਅਵਤਾਰ ਨਗਰ ਵਿਚ ਸ਼ੁੱਕਰਵਾਰ ਸਵੇਰੇ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਇਕ ਘਰ ਵਿਚ ਰੇਡ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਅਨੁਸਾਰ ਪੁਲਸ ਨੇ ਇਕ ਨੌਜਵਾਨ ਨੂੰ ਇਕ ਕਿਲੋ 5 ਗ੍ਰਾਮ ਹੈਰੋਇਨ ਸਮੇਤ ਫੜਿਆ ਸੀ, ਜਿਸ ਦਾ ਨਾਂ ਦੀਪਕ ਦੱਸਿਆ ਜਾ ਰਿਹਾ ਹੈ। ਉਸ ਕੋਲੋਂ ਪੁੱਛਗਿੱਛ ਤੋਂ ਬਾਅਦ ਉਕਤ ਨੌਜਵਾਨ ਦਾ ਨਾਂ ਸਾਹਮਣੇ ਆਇਆ ਸੀ। ਹਾਲਾਂਕਿ ਪੁਲਸ ਨੇ ਇਸ ਰੇਡ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਰਸੂਖਦਾਰਾਂ ਦੀ ਲਾਬੀ ਵਿਚੋਂ ਹੈ।

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ’ਚ ਹਵਾਲਾਤੀਆਂ ਕੋਲੋਂ 9 ਮੋਬਾਇਲ ਬਰਾਮਦ

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਜਗਜੀਵਨ ਰਾਮ ਚੌਕ ਵਿਚ ਟਰੈਪ ਲਾ ਕੇ ਦੀਪਕ ਉਰਫ ਦੀਪਾ ਨੂੰ 35 ਗ੍ਰਾਮ ਹੈਰੋਇਨ ਅਤੇ ਦੇਸੀ ਪਿਸਤੌਲ ਸਮੇਤ ਫੜਿਆ ਸੀ। ਉਸ ਕੋਲੋਂ ਪੁੱਛਗਿੱਛ ਤੋਂ ਬਾਅਦ ਉਸ ਦੇ ਘਰ ਵਿਚ ਵੀ ਰੇਡ ਕੀਤੀ ਗਈ, ਜਿਸ ਦੌਰਾਨ ਹੈਰੋਇਨ ਅਤੇ 1.72 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੋਈ ਸੀ । ਬਰਾਮਦ ਹੋਈ ਹੈਰੋਇਨ 1.05 ਕਿਲੋ ਸੀ। ਮੁਲਜ਼ਮ ਦੀਪੂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਹਿਲਾਂ ਤਾਂ ਉਹ ਪੁਲਸ ਨੂੰ ਗੁੰਮਰਾਹ ਕਰਦਾ ਸੀ ਕਿ ਉਹ ਖੁਦ ਹੀ ਅੰਮ੍ਰਿਤਸਰ ਵਿਚੋਂ ਹੈਰੋਇਨ ਲੈ ਕੇ ਆਉਂਦਾ ਸੀ ਪਰ ਇਹ ਗੱਲ ਪੁਲਸ ਅਧਿਕਾਰੀਆਂ ਦੇ ਗਲੋਂ ਹੇਠਾਂ ਨਹੀਂ ਉਤਰ ਰਹੀ ਸੀ। ਰਿਮਾਂਡ ’ਤੇ ਲੈ ਕੇ ਮੁਲਜ਼ਮ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਅਵਤਾਰ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਕੋਲੋਂ ਹੈਰੋਇਨ ਖਰੀਦਦਾ ਸੀ ਜਿਸਦੇ ਸਿੱਧੇ ਲਿੰਕ ਨਸ਼ਾ ਸਮੱਗਲਰਾਂ ਨਾਲ ਹਨ। 

ਇਹ ਵੀ ਪੜ੍ਹੋ- ਸਿਆਸੀ ਕਰੀਅਰ ਦੀ ਮੁੜ ਉਸਾਰੀ ਲਈ ਜਾਖੜ ਨੇ ਮਿਲਾਇਆ ਭਾਜਪਾ ਨਾਲ ਹੱਥ

ਸੀ. ਆਈ. ਏ. ਸਟਾਫ ਦੀ ਟੀਮ ਨੇ ਅਵਤਾਰ ਨਗਰ ਦੀ ਗਲੀ ਨੰਬਰ 13 ਵਿਚ ਉਸੇ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ। ਪੁਲਸ ਨੇ ਉਸ ਨੂੰ ਕਾਬੂ ਵੀ ਕਰ ਲਿਆ ਪਰ ਉਸ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਨੌਜਵਾਨ ਨੂੰ ਹਿਰਾਸਤ ਵਿਚ ਲੈਣ ਦੇ ਬਾਅਦ ਤੋਂ ਹੀ ਪੁਲਸ ’ਤੇ ਦਬਾਅ ਬਣਨਾ ਸ਼ੁਰੂ ਹੋ ਗਿਆ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਸੁਖਜੀਤ ਸਿੰਘ ਨੇ ਮੀਡੀਆ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਬਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਚੈਕਿੰਗ ਮੁਹਿੰਮ ਵਿਚ ਰੁੱਝੇ ਹੋਏ ਹਨ, ਜਿਸ ਕਾਰਨ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। 

ਸੂਤਰਾਂ ਨੇ ਦੱਸਿਆ ਕਿ ਦੇਰ ਰਾਤ ਸੀ. ਆਈ. ਏ. ਸਟਾਫ ਨੇ ਉਕਤ ਨੌਜਵਾਨ ਨੂੰ ਛੱਡ ਦਿੱਤਾ। ਦੇਰ ਰਾਤ ਏ. ਡੀ. ਸੀ. ਪੀ. ਗੁਰਬਾਜ ਸਿੰਘ ਨਾਲ ਦੁਬਾਰਾ ਗੱਲ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕੋਈ ਵੀ ਵਿਅਕਤੀ ਹਿਰਾਸਤ ਵਿਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਹੈਰੋਇਨ ਸਮੱਗਲਿੰਗ ਦੇ ਲਿੰਕ ਵਿਚ ਜੇਕਰ ਕਿਸੇ ਨੂੰ ਫਡ਼ਿਆ ਹੁੰਦਾ ਤਾਂ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ। ਹਾਲਾਂਕਿ ਇਸ ਨੌਜਵਾਨ ਨੇ ਆਪਣੇ ਬੋਰਡ ਸ਼ਹਿਰ ਭਰ ਵਿਚ ਲਾਏ ਹੋਏ ਸਨ, ਹਿਰਾਸਤ ਵਿਚ ਲੈਣ ਤੋਂ ਬਾਅਦ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ।

ਇਹ ਵੀ ਪੜ੍ਹੋ- ਰੋਡ ਰੇਜ ਮਾਮਲੇ ’ਚ ਜੇਲ ਜਾਣ ਵਾਲੇ ਸਿੱਧੂ ਜੇ ਅਪਣਾਉਂਦੇ ਹਨ ਚੰਗਾ ਆਚਰਣ ਤਾਂ ਸਮੇਂ ਤੋਂ ਪਹਿਲਾਂ ਮਿਲ ਸਕਦੀ ਹੈ ਰਿਹਾਈ

ਦੀਪਕ ਕੋਲੋਂ ਪੁੱਛਗਿੱਛ ਤੋਂ ਬਾਅਦ 4 ਲੋਕਾਂ ਨੂੰ ਕੀਤਾ ਨਾਮਜ਼ਦ

ਸੀ. ਆਈ. ਏ. ਸਟਾਫ ਨੇ ਦੀਪਕ ਕੋਲੋਂ ਪੁੱਛਗਿੱਛ ਤੋਂ ਬਾਅਦ ਬੰਟੀ, ਭਾਰਗੋ ਕੈਂਪ ਦੇ 2 ਨੌਜਵਾਨਾਂ ਸਮੇਤ ਅੰਮ੍ਰਿਤਸਰ ਦੇ ਮੁੱਖ ਸਮੱਗਲਰ ਨੂੰ ਨਾਮਜ਼ਦ ਕੀਤਾ ਸੀ। ਅਵਤਾਰ ਨਗਰ ਵਿਚੋਂ ਹਿਰਾਸਤ ਵਿਚ ਲਏ ਨੌਜਵਾਨ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਦੇਰ ਰਾਤ ਤੱਕ ਵੀ ਪੁਲਸ ਅਧਿਕਾਰੀ ਇਸ ਨੌਜਵਾਨ ਦੀ ਹਿਰਾਸਤ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦੇ ਰਹੇ ਸਨ, ਹਾਲਾਂਕਿ ਨਾਮਜ਼ਦ ਕੀਤੇ ਇਨ੍ਹਾਂ ਲੋਕਾਂ ਦੀ ਪੁਲਸ ਗ੍ਰਿਫ਼ਤਾਰੀ ਦਿਖਾ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News