EVM ਨਹੀਂ, ਬੈਲੇਟ ਪੇਪਰ ਨਾਲ ਹੋਵੇ ਚੋਣ : ਕੈਪਟਨ
Friday, Mar 19, 2021 - 12:28 AM (IST)
ਚੰਡੀਗੜ੍ਹ,(ਅਸ਼ਵਨੀ)– ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਦੇ ਇਸਤੇਮਾਲ ’ਤੇ ਪੰਜਾਬ ਵਿਚ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਨਿਸ਼ਚਿਤ ਤੌਰ ’ਤੇ ਚਾਹੁੰਦੇ ਹਨ ਕਿ ਈ. ਵੀ. ਐੇੱਮ. ਨਹੀਂ ਸਗੋਂ ਬੈਲੇਟ ਪੇਪਰ ਰਾਹੀਂ ਚੋਣ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਈ. ਵੀ. ਐੱਮਜ਼ ਦਾ ਵਿਰੋਧ ਕਰਨ ਵਾਲੇ ਵਿਅਕਤੀਆ ਵਿਚੋਂ ਇਕ ਰਹੇ ਹਨ ਕਿਉਂਕਿ ਇਨ੍ਹਾਂ ਵਿਚ ਛੇੜਛਾੜ ਹੋ ਸਕਦੀ ਹੈ। ਬਕਾਇਦਾ ਉਨ੍ਹਾਂ ਨੇ ਇਕ ਸਮੇਂ ਚੋਣ ਕਮਿਸ਼ਨ ਦੇ ਸਾਹਮਣੇ ਵੀ ਈ. ਵੀ. ਐੱਮ. ਵਿਚ ਗੜਬੜੀ ਦੀ ਸੰਭਾਵਨਾ ਨੂੰ ਸਾਬਿਤ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ 15 ਮਿੰਟ ਦੌਰਾਨ ਈ. ਵੀ. ਐੱਮ. ਰਾਹੀਂ ਪਾਈਆਂ ਗਈਆਂ ਸਾਰੀਆਂ ਵੋਟਾਂ ਨੂੰ ਕਾਂਗਰਸ ਦੇ ਖਾਤੇ ਵਿਚ ਦਿਖਾ ਕੇ ਆਪਣੀ ਗੱਲ ਸਾਬਿਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕੀ ਕਾਰਨ ਹੈ ਕਿ ਇਲੈਕਟ੍ਰਾਨਿਕ ਐਡਵਾਂਸਡ ਦੇਸ਼ਾਂ ਵਿਚ ਈ. ਵੀ. ਐੱਮ. ਰਾਹੀਂ ਚੋਣਾਂ ਨਹੀਂ ਹੁੰਦੀਆਂ।
ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਮਾਂ ਨੇ ਗਲਾ ਘੁੱਟ ਮਾਰ ਮੁਕਾਇਆ 6 ਮਹੀਨੇ ਦਾ ਬੱਚਾ
ਖਾਸਤੌਰ ’ਤੇ ਜਾਪਾਨ, ਸਵੀਡਨ ਅਤੇ ਯੂ. ਕੇ. ਜਿਹੇ ਵਿਕਸਿਤ ਦੇਸ਼ ਵੀ ਈ. ਵੀ. ਐੱਮ. ਦਾ ਪ੍ਰਯੋਗ ਨਹੀਂ ਕਰਦੇ। ਇਨ੍ਹਾਂ ਸਾਰੇ ਦੇਸ਼ਾਂ ਵਿਚ ਬੈਲੇਟ ਪੇਪਰ ਦਾ ਇਸਤੇਮਾਲ ਹੁੰਦਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਨੂੰ ਪਤਾ ਹੈ ਕਿ ਈ. ਵੀ. ਐੱਮ. ਵਿਚ ਗੜਬੜੀ ਸੰਭਵ ਹੈ। ਮੁੱਖ ਮੰਤਰੀ ਕਿਹਾ ਕਿ ਉਹ ਨਿਜੀ ਤੌਰ ’ਤੇ ਬੈਲੇਟ ਪੇਪਰ ਦਾ ਸਮਰਥਨ ਕਰਦੇ ਹਨ ਅਤੇ ਦੇਸ਼ ਨੂੰ ਬੈਲੇਟ ਪੇਪਰ ਰਾਹੀਂ ਚੋਣਾਂ ’ਤੇ ਵਾਪਸ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 2387 ਨਵੇਂ ਮਾਮਲੇ ਆਏ ਸਾਹਮਣੇ, 32 ਦੀ ਮੌਤ
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਵਿਧਾਨਸਭਾ ਦੇ ਬਜਟ ਸੈਸ਼ਨ ਵਿਚ ਵੀ ਈ. ਵੀ. ਐੱਮ. ਦਾ ਮੁੱਦਾ ਗਰਮਾਇਆ ਸੀ। ਸਿਫ਼ਰਕਾਲ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਮਾਮਲੇ ਨੂੰ ਚੁੱਕਿਆ ਸੀ, ਜਿਸ ’ਤੇ ਬੈਂਸ ਦੇ ਮੁੱਦੇ ਦਾ ਸਮਰਥਨ ਕਰਦਿਆਂ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਕੇਂਦਰ ਵੱਲੋਂ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਅਮਰੀਕਾ ਅਤੇ ਇੰਗਲੈਂਡ ਜਿਹੇ ਵਿਕਸਿਤ ਦੇਸ਼ਾਂ ਨੇ ਈ. ਵੀ. ਐੱਮ. ਨੂੰ ਨਾ-ਮਨਜ਼ੂਰ ਕਰ ਦਿੱਤਾ ਅਤੇ ਦਲੀਲ਼ ਦਿੱਤੀ ਕਿ ਕਿਸੇ ਵੀ ਤਕਨੀਕ ਨੂੰ ਮੈਨੂਪਲੇਟ ਕੀਤਾ ਜਾ ਸਕਦਾ ਹੈ ਪਰ ਬੈਲੇਟ ਪੇਪਰ ਵਿਵਸਥਾ ਨੂੰ ਨਹੀਂ। ਸਿੱਧੂ ਨੇ ਕਿਹਾ ਸੀ ਕਿ ਜੇਕਰ ਬੈਲੇਟ ਪੇਪਰ ’ਤੇ ਚੋਣ ਕਰਵਾਈ ਜਾਂਦੀ ਹੈ ਤਾਂ ਪੰਜਾਬ ਵਿਚ ਇਕ ਵੀ ਸੀਟ ਭਾਜਪਾ ਨੂੰ ਨਹੀਂ ਮਿਲ ਸਕੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਵੋਟ ਦੇਣਾ ਨਹੀਂ ਚਾਹੁੰਦੇ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਇਸ ਦਾ ਸਮਰਥਨ ਕੀਤਾ ਸੀ।