ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਖੋਹੀ ਬੇਜ਼ੁਬਾਨ ਪਰਿੰਦਿਆਂ ਦੀ ਪ੍ਰਵਾਜ਼

01/17/2018 7:45:47 AM

ਲੁਧਿਆਣਾ(ਖੁਰਾਣਾ)-ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਲੋਹੜੀ ਤੇ ਮਾਘ ਦੀ ਸੰਗਰਾਂਦ 'ਤੇ 100 ਦੇ ਕਰੀਬ ਪਰਿੰਦਿਆਂ ਤੋਂ ਉਨ੍ਹਾਂ ਦੀ ਪ੍ਰਵਾਜ਼ (ਉਡਾਣ) ਹਮੇਸ਼ਾ ਲਈ ਖੋਹ ਲਈ ਹੈ, ਜੋ ਕੱਲ ਤੱਕ ਅੰਬਰਾਂ ਵਿਚ ਉਡਾਰੀਆਂ ਭਰਦੇ ਸਨ, ਉਹ ਅੱਜ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਜ਼ਮੀਨ 'ਤੇ ਰਿੜ੍ਹਨ ਲਈ ਮਜਬੂਰ ਹੋ ਗਏ ਹਨ। ਜਾਣਕਾਰੀ ਮੁਤਾਬਕ ਜ਼ਿਆਦਾਤਰ ਪਰਿੰਦੇ ਕਾਤਲ ਡੋਰ ਤੋਂ ਮਿਲੇ ਡੂੰਘੇ ਜ਼ਖਮਾਂ ਦਾ ਦਰਦ ਨਾ ਝਲਦੇ ਹੋਏ ਦਮ ਤੋੜ ਗਏ। ਹਾਦਸੇ ਦਾ ਸ਼ਿਕਾਰ ਹੋਏ ਪੰਛੀਆਂ ਦਾ ਇਲਾਜ ਕਰ ਰਹੇ ਪੰਛੀ ਸੇਵਾ ਸਮਿਤੀ ਦੇ ਪ੍ਰਮੁੱਖ ਵਿਪਨ ਭਾਟੀਆ ਨੇ ਦੱਸਿਆ ਕਿ ਨੇ ਕਿਹਾ ਕਿ ਪ੍ਰਸ਼ਾਸਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਵਿਚ ਨਾਕਾਮ ਸਾਬਤ ਹੋਇਆ ਹੈ। ਇਸ ਕਾਰਨ ਸੈਂਕੜੇ ਬੇਜ਼ੁਬਾਨ ਪਰਿੰਦਿਆਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਭਾਟੀਆ ਨੇ ਕਿਹਾ ਕਿ ਪੰਛੀ ਕੁਦਰਤ ਦਾ ਮਨੁੱਖ ਜਾਤੀ ਨੂੰ ਭੇਟ ਕੀਤਾ ਗਿਆ ਉਹ ਬੇਸ਼ਕੀਮਤੀ ਤੋਹਫਾ ਹੈ, ਜੋ ਸੂਰਜ ਚੜ੍ਹਦੇ ਹੀ ਮਨੁੱਖ ਨੂੰ ਆਪਣੀ ਚਹਿਕ ਨਾਲ ਗੁੱਡ ਮਾਰਨਿੰਗ ਬੋਲਦੇ ਹਨ। ਪਤੰਗਬਾਜ਼ੀ ਦਾ ਸ਼ੌਕੀਨ ਵਰਗ ਛੋਟੇ ਜਿਹੇ ਸ਼ੌਕ ਲਈ ਇਨ੍ਹਾਂ ਬੇਜ਼ੁਬਾਨਾਂ ਦੀ ਬਲੀ ਚੜ੍ਹਾਉਂਦਾ ਜਾ ਰਿਹਾ ਹੈ। ਜ਼ਖਮੀ ਪੰਛੀਆਂ ਦਾ ਇਲਾਜ ਕਰ ਰਹੇ ਸ਼੍ਰੀ ਭਾਟੀਆ ਨੇ ਦੱਸਿਆ ਕਿ ਡਵੀਜ਼ਨ ਨੰ. 3 ਨੇੜੇ ਪੈਂਦੀ ਗਊਸ਼ਾਲਾ ਕੰਪਲੈਕਸ ਤੇ ਬੱਸ ਸਟੈਂਡ ਨੇੜੇ ਸ਼ਾਮ ਨਗਰ 'ਚ ਜ਼ਖਮੀ ਪੰਛੀਆਂ ਦਾ ਮੁਫਤ ਇਲਾਜ ਉਨ੍ਹਾਂ ਦੇ ਪਰਿਵਾਰ ਤੇ ਸਹਿਯੋਗੀਆਂ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਜ਼ਖਮੀ ਪੰਛੀ ਡਿੱਗਿਆ ਮਿਲਦਾ ਹੈ ਤਾਂ ਉਹ ਉਸ ਦੇ ਇਲਾਜ ਲਈ ਪੰਛੀ ਨੂੰ ਉਕਤ ਸਥਾਨਾਂ 'ਤੇ ਪਹੁੰਚਾ ਸਕਦਾ ਹੈ ਤਾਂ ਕਿ ਪੰਛੀ ਨੂੰ ਠੀਕ ਕਰ ਕੇ ਫਿਰ ਤੋਂ ਹਵਾ ਦਾ ਹਮਸਫਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਚਾਈਨਾ ਡੋਰ ਦੀ ਵਿਕਰੀ ਦੇ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ) ਨੂੰ ਵੀ ਸ਼ਿਕਾਇਤ ਪੱਤਰ ਭੇਜ ਕੇ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਸਾਲ ਲੋਹੜੀ ਮੌਕੇ ਡੋਰ ਦੀ ਵਿਕਰੀ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਕਰੀਬ 35-40 ਫੀਸਦੀ ਵੱਧ ਰਿਹਾ ਹੈ। ਭਾਟੀਆ ਨੇ ਕਿਹਾ ਕਿ ਕਾਤਲ ਡੋਰ ਦੀ ਵਿਕਰੀ 'ਤੇ ਜਦੋਂ ਤੱਕ ਪੂਰੀ ਤਰ੍ਹਾਂ ਪਾਬੰਦੀ ਨਹੀਂ ਲੱਗਦੀ, ਉਦੋਂ ਤੱਕ ਪ੍ਰਸ਼ਾਸਨ ਸਖਤੀ ਨਾਲ ਡੋਰ ਦੀ ਵਿਕਰੀ ਤੇ ਖਰੀਦ ਕਰਨ ਵਾਲਿਆਂ ਪ੍ਰਤੀ ਗਭੀਰ ਨਹੀਂ ਹੋਵੇਗਾ। 
ਜ਼ਖਮੀ ਪੰਛੀਆਂ ਦੇ ਬੱਚੇ ਹੋਰਨਾਂ ਪੰਛੀਆਂ ਦਾ ਬਣ ਜਾਂਦੇ ਹਨ ਖਾਣਾ
ਮਾਹਿਰਾਂ ਅਨੁਸਾਰ ਡੋਰ ਦਾ ਸ਼ਿਕਾਰ ਹੋਏ ਜ਼ਖਮੀ ਤੇ ਮਰਨ ਵਾਲੇ ਜ਼ਿਆਦਾਤਰ ਪੰਛੀ ਆਪਣੇ ਆਲ੍ਹਣਿਆਂ ਵਿਚ ਛੋਟੇ-ਛੋਟੇ ਬੱਚਿਆਂ ਤੇ ਆਂਡਿਆਂ ਨੂੰ ਛੱਡ ਕੇ ਉਨ੍ਹਾਂ ਲਈ ਚੋਗਾ ਚੁਗਣ ਸਵੇਰ-ਸ਼ਾਮ ਨੂੰ ਉਡਾਣ ਭਰਦੇ ਹਨ ਪਰ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਵਾਪਸ ਆਪਣੇ ਆਲ੍ਹਣਿਆਂ ਵਿਚ ਨਹੀਂ ਪਰਤਦੇ ਤਾਂ ਉਨ੍ਹਾਂ ਦੇ ਬੱਚੇ ਤੇ ਆਂਡਿਆਂ ਨੂੰ ਬਾਕੀ ਪੰਛੀ ਆਪਣਾ ਖਾਣਾ ਬਣਾ ਲੈਂਦੇ ਹਨ।


Related News