ਪਸ਼ੂ-ਪੰਛੀ ਨਹੀਂ ਇਨਸਾਨਾਂ ਲਈ ਵੀ ਖ਼ਤਰਨਾਕ ਹੈ ‘ਚਾਈਨਾ ਡੋਰ’, ਬੰਦ ਕੀਤਾ ਜਾਵੇ ਕਾਰੋਬਾਰ

Tuesday, Jan 12, 2021 - 02:26 PM (IST)

ਪਸ਼ੂ-ਪੰਛੀ ਨਹੀਂ ਇਨਸਾਨਾਂ ਲਈ ਵੀ ਖ਼ਤਰਨਾਕ ਹੈ ‘ਚਾਈਨਾ ਡੋਰ’, ਬੰਦ ਕੀਤਾ ਜਾਵੇ ਕਾਰੋਬਾਰ

ਫਗਵਾੜਾ (ਹਰਜੋਤ) - ‘ਜਗ ਬਾਣੀ’ ਵੱਲੋਂ ਡ੍ਰੈਗਨ ਡੋਰ (ਚਾਈਨਾ ਡੋਰ) ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਕਾਫ਼ੀ ਸਮਰੱਥਨ ਮਿਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ’ਚ ਅੱਗੇ ਆ ਕੇ ਡ੍ਰੈਗਨ ਡੋਰ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪੁਲਸ ਇਸ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਵਾਏ। ਉਨ੍ਹਾਂ ਕਿਹਾ ਕਿ ਡੋਰ ਨਾਲ ਫੜੇ ਗਏ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਨਾਬਾਲਗਾਂ ਰਾਹੀਂ ਹੁੰਦਾ ਖੂਨੀ ਡੋਰ ਦਾ ਕਾਰੋਬਾਰ
ਲੋਕਾਂ ਦਾ ਕਹਿਣਾ ਹੈ ਕਿ ਕੁੱਝ ਦੁਕਾਨਦਾਰ ਗਲੀਆਂ-ਮੁਹੱਲਿਆਂ ’ਚ ਡ੍ਰੈਗਨ ਡੋਰ, ਜੋ ਖੂਨੀ ਡੋਰ ਵਜੋਂ ਵੀ ਜਾਣੀ ਜਾਂਦੀ ਹੈ, ਦੀ ਵਿਕਰੀ ਲਈ ਨਾਬਾਲਗ ਬੱਚਿਆਂ ਦਾ ਸਹਾਰਾ ਲੈ ਰਹੇ ਹਨ। ਬੱਚਿਆਂ ਨੂੰ ਕਮਿਸ਼ਨ ਦੇ ਨਾਲ ਡ੍ਰੈਗਨ ਡੋਰ ਵੇਚਣ ਲਈ ਭੇਜਿਆ ਜਾ ਰਿਹਾ ਹੈ। ਜੇਕਰ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਨਾ ਲੱਗੀ ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਇਸ ਡੋਰ ਨਾਲ, ਜਿੱਥੇ ਪਤੰਗ ਉਡਾਉਣ ਵਾਲਿਆਂ ਨੂੰ ਖ਼ਤਰਾ ਹੈ, ਉੱਥੇ ਹੀ ਡੋਰ ਨਾਲ ਕੋਈ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਇਨਸਾਨ ਹੀ ਨਹੀਂ ਸਗੋਂ ਪਸ਼ੂ ਪੰਛੀ ਵੀ ਸੁਰੱਖਿਅਤ ਰਹਿਣਗੇ।

ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਡ੍ਰੈਗਨ ਡੋਰ ਵੇਚਣ ਵਾਲਿਆਂ ਖਿਲਾਫ਼ ਇਕ ਵੱਡੀ ਪੱਧਰ ’ਤੇ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਇਹ ਡੋਰ ਵੇਚਣ ਵਾਲੇ ਕਾਬੂ ਆ ਸਕਣ। ਉਨ੍ਹਾਂ ਖਿਲਾਫ਼ ਸਖ਼ਤ ਐਕਸ਼ਨ ਹੋ ਸਕੇ, ਕਿਉਂਕਿ ਇਹੋ ਜਿਹੇ ਦੁਕਾਨਦਾਰ ਜਿੱਥੇ ਆਪਣੇ ਫ਼ਾਇਦੇ ਲਈ ਉਹ ਵੇਚਦੇ ਹਨ,ਉਨ੍ਹਾਂ ’ਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ।  

ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ ਨੇ ਕਿਹਾ ਕਿ ਪੁਲਸ ਨੂੰ ਡ੍ਰੈਗਨ ਡੋਰ ਬਣਾਉਣ ਵਾਲਿਆਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿੱਥੋਂ ਵੀ ਇਸ ਡੋਰ ਦੀ ਸਪਲਾਈ ਆਉਂਦੀ ਹੈ, ਉਨ੍ਹਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਜੇਕਰ ਬਾਜ਼ਾਰ ’ਚ ਸਪਲਾਈ ਹੀ ਬੰਦ ਹੋ ਜਾਵੇ ਤਾਂ ਮਾਰਕੀਟ ’ਚ ਡ੍ਰੈਗਨ ਡੋਰ ਕਿਵੇਂ ਆ ਸਕਦੀ ਹੈ? ਪੁਲਸ ਡ੍ਰੈਗਨ ਡੋਰ ਵਾਲਿਆਂ ’ਤੇ ਸਖ਼ਤ ਕਾਰਵਾਈ ਕਰੇ। 

ਕਾਂਗਰਸੀ ਆਗੂ ਹਰਪ੍ਰੀਤ ਸਿੰਘ ਭੋਗਲ ਨੇ ਕਿਹਾ ਕਿ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਨੂੰ ਸਿਰਫ਼ ਸਾਧਾਰਨ ਡੋਰ ਹੀ ਖ਼ਰੀਦ ਕੇ ਦੇਣ, ਕਿਉਂਕਿ ਡ੍ਰੈਗਨ ਡੋਰ ਨਾਲ ਖਤਰਾ ਬਣਿਆ ਰਹਿੰਦਾ ਹੈ। ਪੂਰੀ ਤਰ੍ਹਾਂ ਇਸ ਦੀ ਵਿਕਰੀ ਬੰਦ ਕੀਤੀ ਜਾਵੇ ਤਾਂ ਜੋ ਲੋਕਾਂ ਤੇ ਬੇਜ਼ੁਬਾਨਾ ਪੰਛੀਆਂ ਦੀ ਜ਼ਿੰਦਗੀ ਸੁਰੱਖਿਅਤ ਹੋ ਸਕੇ।  

ਹੋਵੇਗੀ ਸਖਤ ਕਾਰਵਾਈ : ਡੀ. ਐੱਸ. ਪੀ.
ਇਸ ਸਬੰਧੀ ਗੱਲਬਾਤ ਕਰਦਿਆਂ ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਇਸ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਇਸ ਸਬੰਧੀ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ ਹੈ ਪਰ ਕੋਈ ਵੀ ਵਿਅਕਤੀ ਅੜਿੱਕੇ ਨਹੀਂ ਆਇਆ ਨਾ ਹੀ ਪੁਲਸ ਕੋਲ ਕੋਈ ਸ਼ਿਕਾਇਤ ਪੁੱਜੀ ਹੈ। ਜੇਕਰ ਕੋਈ ਚਾਈਨਾ ਡੋਰ ਵੇਚਦਾ ਜਾਂ ਖ਼ਰੀਦਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News