ਚੀਨੀ ਸਾਮਾਨ ਦਾ ਬਾਈਕਾਟ ਹੀ ਦੇਸ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਮੁਹੰਮਦ ਸਦੀਕ
Saturday, Jun 27, 2020 - 03:40 PM (IST)
ਜੈਤੋ (ਜਿੰਦਲ) : ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਦੌਰਾਨ ਗਲਵਾਣ ਘਾਟੀ ਦੇ ਕੋਲ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਰਾਮਲੀਲਾ ਗਰਾਊਂਡ ਜੈਤੋ ਵਿਖੇ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਰੋਹ ਦੀ ਅਗਵਾਈ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਕਰ ਰਹੇ ਸਨ।
ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁਹੰਮਦ ਸਦੀਕ ਨੇ ਕਿਹਾ ਕੇ ਭਾਰਤ ਦੇ ਵਾਸੀਆਂ ਨੂੰ ਚੀਨ ਦੇ ਬਣੇ ਸਾਮਾਨ ਦਾ ਪੂਰਨ ਤੌਰ 'ਤੇ ਬਾਈਕਾਟ ਕਰਕੇ ਆਪਣੇ ਦੇਸ਼ ਵਿਚ ਬਣੇ ਹੋਏ ਸਾਮਾਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹੈ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਵੇ ਨਹੀਂ ਤਾਂ ਭਾਰਤੀ ਫੌਜਾਂ ਮੂੰਹ ਤੋੜ ਜਵਾਬ ਦੇਣਗੀਆਂ। ਇਸ ਮੌਕੇ ਸ਼ਰਧਾਂਜਲੀ ਸਮਾਰੋਹ 'ਚ ਪਹੁੰਚੇ ਸਾਰੇ ਕਾਂਗਰਸੀ ਵਰਕਰਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।