ਚਿਲਡਰਨ ਹੋਮ ''ਚ ਬੱਚਿਆਂ ਨੂੰ ਲਾਵਾਰਸ ਛੱਡ ਸਰਕਾਰੀ ਮੁਲਾਜ਼ਮ ਹੋਏ ਗੈਰ-ਹਾਜ਼ਰ

Sunday, Oct 29, 2017 - 12:55 PM (IST)

ਰਾਜਪੁਰਾ (ਕੇ.ਬੀ.) — ਮਿਨੀ ਸੈਕ੍ਰੇਟੇਰਿਏਟ ਰਾਜਪੁਰਾ ਦੇ ਨੇੜੇ ਬਣੇ ਚਿਲਡਰਨ ਹੋਮ 'ਚ ਰਹਿਣ ਵਾਲੇ ਮੰਦਬੁੱਧੀ ਬੱਚਿਆਂ ਨੂੰ ਇਕੱਲੇ ਲਾਂਗਰੀ ਦੇ ਸਹਾਰੇ ਛੱਡ ਕੇ ਸਾਰੇ ਮੁਲਾਜ਼ਮ ਚਲੇ ਗਏ। ਇਸ ਗੱਲ ਦੀ ਜਾਣਕਾਰੀ ਜਦ ਐੱਸ.ਡੀ. ਐੱਮ. ਰਾਜਪੁਰਾ ਸੰਜੀਵ ਕੁਮਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਉਕਤ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ।
ਜਾਣਕਾਰੀ ਮੁਤਾਬਕ ਰਾਜਪੁਰਾ 'ਚ ਮਿਨੀ ਸੈਕ੍ਰੇਟਰੀਏਟ ਦੀ ਕੰਧ ਦੇ ਬਿਲਕੁਲ ਨਾਲ ਸਰਕਾਰ ਨੇ ਚਿਲਡਰਨ ਹੋਮ ਬਣਾਇਆ ਹੋਇਆ ਹੈ, ਜਿਸ 'ਚ ਇਕ ਪਾਸੇ ਬਿਨ੍ਹਾਂ ਪਰਿਵਾਰਾਂ ਦੇ ਠੀਕ ਬੱਚੇ ਹਨ ਜਦ ਕਿ ਦੂਜੇ ਪਾਸੇ ਮੰਦਬੁੱਧੀ ਲਗਭਗ 20 ਬੱਚੇ ਰਹਿੰਦੇ ਹਨ। ਇਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਸਰਕਾਰ ਨੇ ਲਗਭਗ ਅੱਧਾ ਦਰਜਨ ਸਟਾਫ ਤਾਇਨਾਤ ਕਰਨ ਦੇ ਨਾਲ ਇਕ ਲਾਂਗਰੀ ਵੀ ਰੱਖਿਆ ਹੋਇਆ ਹੈ।
ਸਵੇਰੇ ਕਿਸੇ ਵਿਅਕਤੀ ਨੇ ਐੱਸ. ਡੀ. ਐੱਮ. ਰਾਜਪੁਰਾ ਨੂੰ ਸੂਚਿਤ ਕੀਤਾ ਕਿ ਇਸ ਚਿਲਡਰਨ ਹੋਮ 'ਚ ਬੱਚਿਆਂ ਦੀ ਦੇਖਭਾਲ ਦੇ ਲਈ ਰੱਖੇ ਗਏ ਸਾਰੇ ਮੁਲਾਜ਼ਮ ਗੈਰ-ਹਾਜ਼ਰ ਹੁੰਦੇ ਹਨ ਤਾਂ ਐੱਸ. ਡੀ. ਐੱਮ. ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਕਤ ਮੰਦਬੁੱਧੀ ਬੱਚੇ ਸਾਰਾ ਸਾਮਾਨ ਇਧਰ-ਉਧਰ ਕਰਨ ਤੋਂ ਇਲਾਵਾ ਕਪੜੇ ਧੋਣ ਵਾਲੀ ਮਸ਼ੀਨ ਆਦਿ ਦੇ ਨਾਲ ਛੇੜਛਾੜ ਕਰ ਰਹੇ ਸਨ।
ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਕਾਫੀ ਦੇਰ ਤੋਂ ਇਥੇ ਕੋਈ ਵੀ ਮੁਲਾਜ਼ਮ ਬੱਚਿਆਂ ਦੀ ਦੇਖਭਾਲ ਦੇ ਲਈ ਮੌਜੂਦ ਨਹੀਂ ਸੀ ਤੇ ਸਿਰਫ ਲਾਂਗਰੀ ਸੀ ਜੋ ਆਪਣਾ ਕੰਮ ਕਰਨ 'ਚ ਲੱਗਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਪਣੇ ਦਫਤਰ ਤੋਂ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ, ਜੋ ਸਮੇਂ-ਸਮੇਂ 'ਤੇ ਪਹੁੰਚ ਕੇ ਚਿਲਡਰਨ ਹੋਮ ਦੀ ਜਾਂਚ ਕਰ ਰਿਪੋਰਟ ਦੇਣਗੇ।  


Related News