ਬਾਲ ਸਾਹਿਤ ਵਿਸ਼ੇਸ਼-4 : ਜਨਮ ਦਿਨ

5/23/2020 6:10:07 PM

ਅੱਜ ਠੰਡ ਜ਼ਿਆਦਾ ਲੱਗ ਰਹੀ ਸੀ। ਕਹਿੰਦੇ ਨੇ ਚੱਲਦੀ ਹਵਾ ਮੌਸਮ ਨੂੰ ਹੋਰ ਠੰਡਾ ਕਰਦੀ ਹੈ। 

ਉਹ ਅੱਜ ਵੀ ਪਹਿਲੇ ਦਿਨਾਂ ਵਾਂਗ ਆਪਣੀ ਥਾਂ ਉੱਤੇ ਖੜ੍ਹਾ ਸੀ। ਉਸ ਦੇ ਪਿੰਡੇ ਪਏ ਲੀੜੇ ਠੰਡ ਨੂੰ ਰੋਕ ਰਹੇ ਸਨ ਜਾਂ ਸੱਦ ਰਹੇ ਸਨ ਪਤਾ ਨਹੀਂ ਸੀ ਲੱਗਦਾ। 

ਉਹ ਆਪਣੇ ਪਾਏ ਕੱਪੜਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਧਰ ਕਰ ਲੈਂਦਾ, ਜਦੋਂ ਉਸ ਨੂੰ ਲੱਗਦਾ ਹਵਾ ਉਸ ਤੱਕ ਪਹੁੰਚ ਰਹੀ ਹੈ।

ਇਹ ਕੰਮ ਦੇਖਣ ਵਾਲੇ ਨੂੰ ਕਾਫ਼ੀ ਔਖਾ ਅਤੇ ਥਕਾ ਦੇਣ ਵਾਲਾ ਲੱਗ ਸਕਦਾ ਸੀ। ਕਿਉਂਕਿ ਇਉਂ ਕਰਦਿਆਂ ਉਸ ਨੂੰ ਹੱਥ ਫੜ੍ਹੇ ਗੁਬਾਰੇ ਵੀ ਸੰਭਾਲਣੇ ਪੈਂਦੇ ਸਨ। 

ਉਹ ਓਨੇ ਕੁ ਗੁਬਾਰੇ ਲੈ ਕੇ ਖੜ੍ਹਦਾ, ਜਿੰਨੇ ਕੁ ਸੰਭਾਲਣ ਦੇ ਸਮਰੱਥ ਹੁੰਦਾ ਜਾਂ ਉਸ ਨੂੰ ਉਮੀਦ ਹੁੰਦੀ ਕਿ ਉਹ ਵਿਕ ਜਾਣਗੇ। ਰੰਗ ਬਰੰਗੇ ਗੁਬਾਰਿਆਂ ਨੂੰ ਉਹ ਖੁਦ ਫੁਲਾਉਂਦਾ ਅਤੇ ਸਜਾਉਦਾ।

ਠੰਡ ਕਰਕੇ ਉਹ ਅੱਜ ਦੇਰ ਤੱਕ ਇੱਥੇ ਠਹਿਰਨਾ ਨਹੀਂ ਚਾਹੁੰਦਾ ਸੀ। 

ਨੀਵੇਂ ਹੋ ਕੇ ਤੁਰ ਰਹੇ ਬੱਦਲ ਕਦੇ ਵੀ ਮੀਂਹ ਜਾਂ ਬਰਫ ਨੂੰ ਰਾਹ ਦੇ ਸਕਦੇ ਸਨ। ਉਹ ਸੂਰਜ ਛੁਪਣ ਦੇ ਬਾਅਦ ਹੀ ਇੱਥੇ ਪੁੱਜਦਾ। ਹਲਕਾ-ਹਲਕਾ ਹਨੇਰਾ ਸਮਾਂ ਗੁਜ਼ਰਨ ਦੇ ਨਾਲ ਗੂੜ੍ਹਾ ਹੋ ਜਾਂਦਾ। ਉਹ ਉਨੀ ਦੇਰ ਤੱਕ ਉੱਥੇ ਰਹਿੰਦਾ ਜਦ ਤੱਕ ਸਾਰਾ ਸਾਮਾਨ ਨਾ ਵਿਕ ਜਾਂਦਾ ਜਾਂ ਥੱਕ ਨਾ ਜਾਂਦਾ।

ਹਨੇਰ-ਚਾਨਣ ਵਿੱਚ ਗੁਬਾਰਿਆਂ ਦਾ ਸਮੂਹ ਇਵੇਂ ਲੱਗਦਾ ਜਿਵੇਂ ਕੋਈ ਫੁੱਲਾਂ ਦਾ ਬਗੀਚਾ ਤੁਰ ਫਿਰ ਰਿਹਾ ਹੈ। ਕਾਫੀ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਕਈ ਗੁਬਾਰੇ ਅਜੇ ਵੀ ਉਹਦੇ ਕੋਲ ਸਨ। ਉਹ ਕਈ ਤਰ੍ਹਾਂ ਦੀਆਂ ਸੋਚਾਂ ਵਿੱਚ ਘਿਰਿਆ ਨਿੱਕੇ-ਨਿੱਕੇ ਪੈਰ ਪੁੱਟਦਾ ਏਧਰ ਓਧਰ ਹੋ ਰਿਹਾ ਸੀ।

ਅਚਾਨਕ ਵੱਡੀ ਸਾਰੀ ਕਾਰ ਉਹਦੇ ਨੇੜੇ ਆ ਖੜ੍ਹੀ ਹੋਈ। ਕਾਰ ਸਵਾਰੀਆਂ ਨਾਲ ਭਰੀ ਹੋਈ ਸੀ। ਕਾਰ ਦੇ ਦਰਵਾਜੇ ਖੁੱਲ੍ਹਦਿਆਂ ਹੀ ਗੰਨਾਂ ਅਤੇ ਹਾਦਸੇ ਦੀ ਹਾਰ ਨਾਲ ਉਹ ਘਿਰ ਗਿਆ।

"ਲਓ ਆਪਣੀ ਗੱਲ ਬਣ ਗਈ। ਚੰਗਾ ਹੋਇਆ ਏਧਰ ਨਿਕਲ ਆਏ ਹਾਂ।"
"ਹਾਏ ਬਾਹਰ ਕਿੰਨੀ ਠੰਡ ਏ।"
"ਤੁਸੀਂ ਸਾਰੇ ਗੁਬਾਰੇ ਖਰੀਦ ਲੈਣਾ। ਹੋਰ ਕਿੱਥੇ ਜਾਵਾਂਗੇ ਇਸ ਵੇਲੇ।"
"ਬੱਚੂ ਤੇਰੇ ਜਨਮ ਦਿਨ 'ਤੇ ਚੰਗੀ ਰੌਣਕ ਲੱਗ ਜਾਵੇਗੀ। ਕਿਵੇਂ ਲੁਕਿਆ ਬੈਠਾ...।"
"ਇਹ ਗੁਬਾਰੇ ਤਾਂ ਬਹੁਤ ਸੋਹਣੇ ਹਨ ।"

ਪੜ੍ਹੋ ਇਹ ਵੀ - ਬਾਲ ਸਾਹਿਤ ਵਿਸ਼ੇਸ਼-3 : ਘਰ

ਪਲਾਂ ਵਿੱਚ ਹੀ ਸਾਰਾ ਮਾਹੌਲ ਗਰਮਾ ਗਿਆ ਵੇਖਦਿਆਂ ਵੇਖਦਿਆਂ ਉਹ ਰੰਗ ਬਰੰਗੇ ਕੱਪੜੇ ਪਾਈ ਲੋਕਾਂ ਵਿੱਚ ਘਿਰ ਗਿਆ ਉਸ ਨੇ ਮਹਿਸੂਸ ਕੀਤਾ ਜਿਵੇਂ ਹੁਣ ਠੰਢ ਘੱਟ ਲੱਗਣ ਲੱਗੀ ਹੈ। 

ਉਸ ਦੀ ਨਜ਼ਰ ਕਾਰ ਵਿੱਚ ਬੈਠੇ ਪੰਜ ਕੁ ਸਾਲ ਦੇ ਬੱਚੇ ਉੱਪਰ ਜਾ ਟਿਕੀ। ਉਹ ਸਾਰਿਆਂ ਤੋਂ ਵੱਖਰਾ ਜਿਹਾ ਲੱਗ ਰਿਹਾ ਸੀ। ਉਹਦੇ ਸਿਰ ਤੇ ਚਮਕਦਾਰ ਟੋਪੀ ਸੋਭ ਰਹੀ ਸੀ। ਉਹ ਰੂਪ ਉਹਦੇ ਅੰਦਰ ਤੱਕ ਲਹਿ ਗਿਆ। ਉਸ ਰੂਪ ਨੇ ਉਸ ਨੂੰ ਗਰਮਾ ਦਿੱਤਾ।

"ਇਹ ਗੁਬਾਰਾ ਮੈਂ ਲਵਾਂਗੀ। ਕੇਕ ਕੱਟਣ ਵੇਲੇ ਦੇਵਾਂਗੀ।" 
"ਕੇਕ ਦਾ ਨਾਮ ਨਾਲ ਲੈ। ਮੇਰੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ।" 
"ਇਸ ਵਾਰ ਤਾਂ ਬਹੁਤ ਵੱਡਾ ਕੇਕ ਬਣਵਾਇਆ। ਖਾ ਲਓ ਜਿੰਨਾ ਜੀਅ ਕਰੇ।" 
"ਮੰਗ ਕੇ ਖਾਣ ਨਾਲ ਮਜ਼ਾ ਨਹੀਂ ਆਉਂਦਾ। ਮੈਂ ਤਾਂ ਖੋਹ ਕੇ ਖਾਵਾਂਗੀ।"
"ਤੈਨੂੰ ਤਾਂ ਮੈਂ ਆਪਣੀ ਪਲੇਟ ਵੱਲ ਝਾਕਣ ਵੀ ਨਾ ਦੇਵਾਂਗੀ।"
 "ਆਪਣੀਆਂ ਗੱਲਾਂ ਛੱਡੋ। ਏਧਰ ਦੇਖੋ, ਦੇਰ ਨਾ ਕਰੋ, ਜਿਸ ਨੂੰ ਜੋ ਚਾਹੀਦਾ ਦੱਸੋ।" 
"ਮੈਨੂੰ ਤਾਂ ਸਾਰੇ ਪਸੰਦ ਹਨ। ਸਾਲ ਬਾਅਦ ਆਉਣਾ ਜਨਮ ਦਿਨ..।" 

ਸਾਰੇ ਮਾਹੌਲ ਨੇ ਗ਼ੁਬਾਰੇ ਵੇਚਣ ਵਾਲੇ ਨੂੰ ਅਸਥਿਰ ਕਰ ਦਿੱਤਾ। ਉਹ ਜੋ ਵੇਖ ਸੁਣ ਰਿਹਾ ਸੀ ਉਹ ਸਰੀਰ ਕਰਕੇ ਸੀ। ਉਸ ਦਾ ਮਨ ਕਿਸੇ ਹੋਰ ਪਾਸੇ ਘੁੰਮ ਰਿਹਾ ਸੀ।

ਉਸ ਨੇ ਜਨਮ ਦਿਨ ਪਹਿਲੀ ਵਾਰ ਸੁਣਿਆ ਸੀ। ਜਨਮ ਦਿਨ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ? ਲੋਕ ਉਸ ਵੇਲੇ ਕੀ ਕਰਦੇ ਹਨ? ਕੀ ਇਹ ਮੰਗ ਕੇ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ - ਬਾਲ ਸਾਹਿਤ ਵਿਸ਼ੇਸ਼-2 : ਰਾਜੇ ਦੀ ਪਰਜਾ

ਇਹ ਪ੍ਰਸ਼ਨ ਉਸ ਦੇ ਦਿਮਾਗ ਵਿਚ ਵਾ-ਵਰੋਲੇ ਵਾਂਗ ਘੁੰਮਣ ਲੱਗੇ। 

ਉਹ ਇਹ ਵੀ ਸੋਚ ਰਿਹਾ ਸੀ ਕਿ ਮੰਗਣ ਨਾਲ ਉਸ ਦਾ ਸਬੰਧ ਬਹੁਤ ਪੁਰਾਣਾ ਹੈ, ਸ਼ਾਇਦ ਜਨਮ ਤੋਂ ਹੀ। 

ਜਦ ਉਹ ਬੱਚਾ ਸੀ ਤਾਂ ਮਾਂ ਉਸ ਨੂੰ ਕੁੱਛੜ ਚੁੱਕ ਮੰਗਦੀ ਹੁੰਦੀ ਸੀ। ਥੋੜ੍ਹਾ ਵੱਡਾ ਹੋਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਨੂੰ ਮੰਗਣ ਲਾ ਦਿੱਤਾ।

ਆਸ-ਪਾਸ ਦੀ ਸੋਝੀ ਹੋਣ ਤੋਂ ਬਾਅਦ ਉਸ ਨੂੰ ਮੰਗਣਾ ਚੰਗਾ ਨਾ ਲੱਗਾ। ਉਹ ਕੋਈ ਕੰਮ ਕਰਕੇ ਪੈਸੇ ਕਮਾਉਣਾ ਚਾਹੁੰਦਾ ਸੀ।

ਮੰਗਣ ਸਮੇਂ ਫੈਲੇ ਹੱਥ ਅਤੇ ਆਪਣੀਆਂ ਲੇਲ੍ਹੜੀਆਂ ਵੀ ਉਸ ਨੂੰ ਚੇਤੇ ਆਈਆਂ। ਉਹ ਜਦ ਆਪਣੀ ਉਮਰ ਤੋਂ ਕਿਤੇ ਵੱਡੇ ਅਣਜਾਣੇ ਲੋਕਾਂ ਨੂੰ ਅਸੀਸ ਦਿੰਦਾ ਤਾਂ ਉਸ ਨੂੰ ਸ਼ਰਮ ਆ ਜਾਂਦੀ।

ਬਦਲੇ ਵਿੱਚ ਉਸ ਨੂੰ ਕਦੇ ਅਸੀਸ ਨਾ ਮਿਲੀ। ਪੈਸੇ ਦੇਣ ਅਤੇ ਨਾ ਦੇਣ ਵਾਲੇ ਦੋਹਾਂ ਦੀਆਂ ਨਜ਼ਰਾਂ ਉਸ ਨੂੰ ਵਿੰਨ ਜਾਂਦੀਆਂ। ਜਿਨ੍ਹਾਂ ਦੀ ਚੌਬ ਦੇਰ ਤੱਕ ਮਹਿਸੂਸ ਹੁੰਦੀ ਰਹਿੰਦੀ।  

ਅੱਜ ਉਸ ਦੇ ਸਾਰੇ ਗੁਬਾਰੇ ਵਿਕ ਗਏ। ਇਸ ਨੇ ਉਸ ਨੂੰ ਖੁਸ਼ੀ ਨਾਲ ਭਰਨ ਦੇ ਨਾਲ ਨਾਲ ਉਸ ਦਾ ਸਰੀਰ ਵੀ ਗਰਮਾ ਦਿੱਤਾ। ਹੱਥ ਵਿੱਚ ਆਏ ਨੋਟਾਂ ਅਤੇ ਸਿੱਕਿਆਂ ਨੇ ਉਹਦੇ ਖੰਭ ਲਾ ਦਿੱਤੇ। ਬਿਜਲੀ ਜਿਹਾ ਵਿਚਾਰ ਲਿਸ਼ਕਿਆ। ਉਹ ਵੀ ਜਨਮ ਦਿਨ ਮਨਾ ਕੇ ਵੇਖੇਗਾ।

ਬੱਚੇ-ਵੱਡੇ ਕਾਰ ਵਿੱਚ ਬੈਠਣ ਲੱਗੇ। ਹਰ ਜੀਅ ਦੂਜੇ ਨੂੰ ਥਾਂ ਦੇਣ ਲਈ ਸੁੰਗੜ ਰਿਹਾ ਸੀ। ਗਰਮ ਕੱਪੜਿਆਂ ਨੇ ਉਨ੍ਹਾਂ ਨੂੰ ਲੋੜੋਂ ਵੱਧ ਮੋਟਾ ਕੀਤਾ ਹੋਇਆ ਸੀ।

ਪੜ੍ਹੋ ਇਹ ਵੀ - ਬਾਲ ਸਾਹਿਤ ਵਿਸ਼ੇਸ਼ : ਅੱਧੀ ਚੁੰਝ ਵਾਲੀ ਚਿੜੀ

ਗੁਬਾਰੇ ਵਾਲਾ ਮੁੰਡਾ ਘਰ ਜਾਣ ਨੂੰ ਪਿਛਾਂਹ ਵੱਲ ਮੁੜਿਆ। ਉਸ ਦੀ ਨਜ਼ਰ ਕਾਰ ਦੀ ਖੁੱਲ੍ਹੀ ਡਿੱਗੀ ਵੱਲ ਗਈ। ਪਲ ਛਿਣ ਵਿੱਚ ਉਹ ਸਾਮਾਨ ਨਾਲ ਸਮਾਨ ਬਣ ਬੈਠ ਗਿਆ। 

ਸਾਰਾ ਰਾਹ ਉਹ ਠੰਢ ਅਤੇ ਸੋਚ ਨਾਲ ਲੜਦਾ ਰਿਹਾ। ਖੁਸ਼ੀ ਦੀ ਲੋਅ ਇਹ ਸੀ ਕਿ ਆਪਣੀਆਂ ਅੱਖਾਂ ਨਾਲ ਉਹ ਪਹਿਲੀ ਵਾਰ ਜਨਮ ਦਿਨ ਮਨਾਇਆ ਜਾਂਦਾ ਵੇਖੇਗਾ। ਕਾਰ ਰੁਕਦਿਆਂ ਹੀ ਉਸ ਵਿੱਚੋਂ ਸਭ ਤੋਂ ਪਹਿਲਾਂ ਉੱਤਰਨ ਵਾਲਾ ਗੁਬਾਰੇ ਵੇਚਣ ਵਾਲਾ ਮੁੰਡਾ ਸੀ। ਹਨੇਰੇ ਵਿੱਚ ਵੀ ਉਸ ਨੇ ਛੁਪਣ ਲਈ ਦਰੱਖਤ ਦੀ ਓਟ ਲਈ। 

ਦੂਜੇ ਲੋਕ ਵੀ ਕਾਰ ਵਿੱਚੋਂ ਉੱਤਰੇ। ਸਾਮਾਨ ਉਤਾਰਿਆ ਅਤੇ ਗੱਲਾਂ ਕਰਦੇ, ਹੱਸਦੇ ਘਰ ਅੰਦਰ ਚਲੇ ਗਏ।

ਹੁਣ ਬਾਹਰ ਖ਼ਾਮੋਸ਼ੀ ਅਤੇ ਠੰਡ ਬਚੀ ਸੀ। ਬੰਦ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਥਾਣੀ ਪੀਲੀ ਲੋਅ ਦਿੱਸਦੀ ਸੀ। ਹਵਾ ਨੂੰ ਸਹਾਰਦਾ ਹੋਇਆ ਉਹ ਇਹੋ ਜਿਹੀ ਥਾਂ ਲੱਭਣ ਲੱਗਾ ਜਿੱਥੋਂ ਉਸ ਨੂੰ ਘਰ ਦੇ ਅੰਦਰ ਦੀ ਹਲਚਲ ਦਾ ਪਤਾ ਲੱਗ ਸਕੇ। 

ਆਪਣੇ ਯਤਨ ਵਿੱਚ ਉਹ ਉਸ ਵੇਲੇ ਸਫ਼ਲ ਹੋਇਆ ਜਦ ਸ਼ੀਸ਼ੇ ਤੋਂ ਹਟੇ ਪਰਦੇ ਵਿੱਚੋਂ ਦੀ ਹੱਸਦੇ ਟੱਪਦੇ ਬੱਚੇ-ਵੱਡੇ ਦਿਖਾਈ ਦਿੱਤੇ। ਉਸ ਦੀਆਂ ਅੱਖਾਂ ਅੱਗੇ ਸਾਰਾ ਕੁਝ ਕਿਸੇ ਮੂਕ ਫਿਲਮ ਵਾਂਗ ਵਾਪਰ ਰਿਹਾ ਸੀ। 

ਕਮਰੇ ਵਿਚਾਲੇ ਪਏ ਮੇਜ਼ ਉੱਤੇ ਕੇਕ ਉੱਪਰ ਮੋਮਬੱਤੀਆਂ ਬਲ ਰਹੀਆਂ ਸਨ। ਉਨ੍ਹਾਂ ਦੀ ਲੋਅ ਦੇ ਸੇਕ ਨੂੰ ਉਹ ਬਾਹਰ ਖੜ੍ਹਾ ਮਹਿਸੂਸ ਕਰ ਰਿਹਾ ਸੀ। 

ਵੱਧਦੀ ਠੰਡ ਅਤੇ ਇੱਕੋ ਥਾਂ ਖੜ੍ਹੇ ਰਹਿਣ ਨੇ ਉਸ ਨੂੰ ਥਕਾ ਦਿੱਤਾ ਸੀ। ਟਿਕਟਿਕੀ ਲਾ ਕੇ ਦੇਖੀ ਜਾਣ ਕਾਰਨ ਉਸ ਦੀਆਂ ਅੱਖਾਂ ਕਦੇ ਬੰਦ ਹੋ ਜਾਂਦੀਆਂ, ਕਦੇ ਖੁੱਲ੍ਹ ਜਾਂਦੀਆਂ।

ਕਮਰੇ ਵਿੱਚ ਘੁੰਮ ਰਹੇ ਲੋਕਾਂ ਦੇ ਹੱਥੀਂ ਭਾਂਤ ਭਾਂਤ ਦੀਆਂ ਮਠਿਆਈਆਂ ਨੂੰ ਵੇਖ ਉਸ ਦੀ ਭੁੱਖ ਵੀ ਜਾਗ ਪਈ ਸੀ।

ਆਪਣੇ ਦੁਆਲੇ ਕੱਪੜਿਆਂ ਨੂੰ ਕੱਸਦਿਆਂ ਉਸ ਨੇ ਆਪਣੇ ਮੂੰਹ ਵਿੱਚ ਆਈ ਲਾਰ ਨੂੰ ਗਲੇ ਥੱਲੇ ਉਤਾਰਿਆ ਅਤੇ ਖਾਲੀ ਠੰਢੇ ਹੱਥ ਨੂੰ ਢਿੱਡ ਉੱਪਰ ਫੇਰਿਆ। ਢਿੱਡ ਨੂੰ ਹੱਥ ਜ਼ਿਆਦਾ ਠੰਡਾ ਲੱਗਾ। 

ਇਸ ਸਭ ਦੇ ਬਾਵਜੂਦ ਉਹ ਖੁਦ ਨੂੰ ਇਸ ਹੱਲਚੱਲ ਵਿੱਚ ਸ਼ਾਮਲ ਸਮਝ ਰਿਹਾ ਸੀ. ਜੋ ਉਸ ਦੀਆਂ ਅੱਖਾਂ ਮੂਹਰੇ ਹੋ ਰਹੀ ਸੀ। ਫੇਰ ਉਸਨੇ ਆਪਣੀਆਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਖੁਦ ਨੂੰ ਅਤਿ ਸੁੰਦਰ ਕੱਪੜਿਆਂ ਵਿੱਚ ਸਜਿਆ ਵੇਖਿਆ। ਕਈ ਪਛਾਣੇ-ਅਣਪਛਾਣੇ ਚਿਹਰੇ ਉਸ ਦੁਆਲੇ ਖੁਸ਼ ਹੋ ਹੋ ਘੁੰਮ ਰਹੇ ਸਨ।

ਉਹ ਵੀ ਲੋਰ ਵਿੱਚ ਤੇਜ਼ ਤੇਜ਼ ਘੁੰਮਣ ਲੱਗਾ। ਘੁੰਮਦਿਆਂ ਘੁੰਮਦਿਆਂ ਉਸਨੂੰ ਲੱਗਾ ਮੋਮਬੱਤੀਆਂ ਜਿਵੇਂ ਛੱਤ ਪਾੜ ਅਸਮਾਨ ਵੱਲ ਨੂੰ ਤੁਰ ਪਈਆਂ ਹਨ ਅਤੇ ਟਿਮਟਿਮਾਉਂਦੇ ਤਾਰਿਆਂ ਵਿੱਚ ਰਲ ਮਿਲ ਗਈਆਂ ਹਨ। ਹੁਣ ਜਿਵੇਂ ਸਾਰਾ ਅਸਮਾਨ ਉਸ ਦੀ ਖੁਸ਼ੀ ਵਿੱਚ ਸ਼ਾਮਲ ਸੀ। ਇੰਨੀ ਖੁਸ਼ੀ ਆਪਣੇ ਜੀਵਨ ਵਿੱਚ ਉਸ ਨੇ ਕਦੇ ਮਹਿਸੂਸ ਨਹੀਂ ਕੀਤੀ ਸੀ। ਚੰਦ ਦੀਆਂ ਕਿਰਨਾਂ ਉਸ ਨੂੰ ਕੂਲੇ ਕੂਲੇ ਹੱਥ ਲੱਗੇ, ਜਿਹੜੇ ਨਿੱਕੇ ਨਿੱਕੇ ਇਸ਼ਾਰਿਆਂ ਨਾਲ ਉਸ ਨੂੰ ਆਪਣੇ ਵੱਲ ਸੱਦ ਰਹੇ ਸਨ।

ਇਹ ਵੇਖ ਕੇ ਉਹ ਬਹੁਤ ਖੁਸ਼ ਹੋ ਰਿਹਾ ਸੀ। ਹੁਣ ਤਾਂ ਉਸ ਨੂੰ ਠੰਡ ਵੀ ਨਹੀਂ ਲੱਗ ਰਹੀ ਸੀ। ਕੁਝ ਨਾ ਖਾਣ ਦੇ ਬਾਵਜੂਦ ਉਸ ਨੂੰ ਭੁੱਖ ਮਹਿਸੂਸ ਨਹੀਂ ਹੋ ਰਹੀ ਸੀ। ਹੌਲਾ ਹੋਇਆ ਸਰੀਰ ਜਿੱਧਰ ਚਿੱਤ ਕਰਦਾ ਤੁਰ ਪੈਂਦਾ। ਉਹ ਆਪਣੇ ਸੰਗੀ ਸਾਥੀਆਂ ਨੂੰ ਪਿੱਛੇ ਛੱਡਦਾ ਚਲਾ ਗਿਆ। ਹੁਣ ਕੱਲਾ ਹੀ ਉਹ ਆਪਣੇ ਰਾਹ ਤੁਰ ਰਿਹਾ ਸੀ।

ਪਲ ਪਲ ਕਰਦਿਆਂ ਰਾਤ ਬੀਤ ਗਈ। ਸਵੇਰ ਵੇਲੇ ਪੰਛੀਆਂ ਨੇ ਆਪਣੇ ਰਸੀਲੇ ਬੋਲਾਂ ਨਾਲ ਅਸਮਾਨ ਭਰ ਦਿੱਤਾ। ਪੰਛੀਆਂ ਦੀ ਆਵਾਜ਼ ਸੁਣ ਕੇ ਉੱਠਣ ਵਾਲਾ ਅਜੇ ਵੀ ਸੁੱਤਾ ਪਿਆ ਸੀ। ਘਰਾਂ ਵਿੱਚੋਂ ਨਿਕਲ ਲੋਕ ਜਦ ਘੁੰਮਣ ਫਿਰਨ ਲੱਗੇ ਤਾਂ ਉਨ੍ਹਾਂ ਖਿੜਕੀ ਥੱਲੇ ਅੱਧ ਲੇਟੇ ਮੁੰਡੇ ਨੂੰ ਵੇਖਿਆ। ਜਿਸ ਦੇ ਅੱਧ-ਖੁੱਲ੍ਹੇ ਹੱਥੋਂ ਪੈਸੇ ਨਿਕਲ ਕੇ ਖਿੱਲਰੇ ਪਏ ਸਨ ਅਤੇ ਦੂਜੇ ਹੱਥ ਨਾਲ ਕਮੀਜ਼ ਨੂੰ ਘੁੱਟ ਕੇ ਫੜਿਆ ਹੋਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur