ਬਾਲ ਮਜ਼ਦੂਰੀ ਨੂੰ ਰੋਕਣ ਲਈ ਸਰਕਾਰਾਂ ਦੇ ਵੱਡੇ-ਵੱਡੇ ਦਾਅਵੇ ਫੇਲ
Tuesday, Jul 14, 2020 - 04:26 PM (IST)
ਮੋਗਾ (ਸਾਥੀ) : ਅਸੀਂ ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਜਿਨ੍ਹਾਂ ਬੱਚਿਆਂ ਦਾ ਖ਼ੁਦ ਦਾ ਭਵਿੱਖ ਉਜੜਿਆ ਅਤੇ ਉਦਾਸ ਹੋਵੇ, ਉਹ ਦੇਸ਼ ਦਾ ਕਿਵੇਂ ਕੁਝ ਸੰਵਾਰ ਸਕਦੇ ਹਨ। ਦੇਖਿਆ ਜਾਂਦਾ ਹੈ ਕਿ ਝੁੱਗੀਆਂ-ਝੌਪੜੀਆਂ ਅਤੇ ਕੱਚੇ ਘਰਾਂ 'ਚ ਰਹਿਣ ਵਾਲੇ ਲੋਕ ਆਰਥਿਕ ਤੰਗੀ ਕਾਰਨ ਨਾ ਆਪਣੇ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰ ਸਕਦੇ ਹਨ ਅਤੇ ਨਾ ਹੀ ਸਹੀ ਸਿੱਖਿਆ ਦੁਆ ਸਕਦੇ ਹਨ।
ਫਲਸਰੂਪ ਉਹ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਮਜ਼ਦੂਰੀ ਕਰਨ ਲਾ ਲੈਂਦੇ ਹਨ। ਸੂਬੇ 'ਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਸ਼ਹਿਰ ’ਚ ਹਰ ਗਲੀ, ਦੁਕਾਨ, ਢਾਬਿਆਂ, ਫੈਕਟਰੀਆਂ ’ਚ ਛੋਟੇ ਬੱਚਿਆਂ ਨੂੰ ਕੰਮ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸਰਕਾਰ ਬਾਲ ਦਿਵਸ ਮਨਾਉਣ ਤੱਕ ਹੀ ਸੀਮਿਤ ਹੈ ਪਰ ਸਮੇਂ ਦੀਆਂ ਸਰਕਾਰਾਂ ਬਾਲ ਮਜ਼ਦੂਰੀ ਨਹੀਂ ਰੋਕ ਸਕੀਆਂ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਲਗਾਤਾਰ ਦੁਕਾਨਾਂ, ਢਾਬਿਆਂ, ਫੈਕਟਰੀਆਂ ਆਦਿ ’ਤੇ ਛਾਪੇਮਾਰੀ ਕਰ ਕੇ ਬਾਲ ਮਜ਼ਦੂਰੀ ਨੂੰ ਰੋਕਿਆ ਜਾਵੇ ਅਤੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਭੇਜਣ ਲਈ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਅਤੇ ਬੱਚਿਆਂ ਦੀ ਆਰਥਿਕ ਮਦਦ ਵੀ ਕੀਤੀ ਜਾਵੇ। ਬਾਲ ਮਜ਼ਦੂਰੀ ਸਾਡੇ ਸਮਾਜ ’ਤੇ ਬਹੁਤ ਵੱਡਾ ਕਲੰਕ ਹੈ, ਜਿਹੜੀ ਉਮਰ ਬੱਚਿਆਂ ਦੀ ਸਕੂਲ ਜਾਣ ਦੀ ਹੈ, ਉਸ ਉਮਰ ’ਚ ਬੱਚਿਆਂ ਨੂੰ ਗੰਦੀਆਂ ਥਾਵਾਂ ਤੋਂ ਕੂੜਾ-ਕਰਕਟ ਇਕੱਠੇ ਕਰਦਿਆਂ ਦੇਖਿਆ ਜਾ ਸਕਦਾ ਹੈ।