ਸਮਰਾਲਾ 'ਚ ਲੋਹੜੀ 'ਤੇ ਖੂਨੀ ਚਾਈਨਾ ਡੋਰ ਦਾ ਕਹਿਰ, ਮਾਸੂਮ ਬੱਚੇ ਦਾ ਚਿਹਰਾ ਇੰਨਾ ਵੱਢ ਦਿੱਤਾ ਕਿ...

Saturday, Jan 14, 2023 - 03:23 PM (IST)

ਸਮਰਾਲਾ (ਗਰਗ) : ਲੋਹੜੀ ਵਾਲੇ ਦਿਨ ਸਮਰਾਲਾ ਵਿਖੇ 4 ਸਾਲ ਦੇ ਇੱਕ ਮਾਸੂਮ ਬੱਚੇ ਦੀ ਚਾਈਨਾ ਡੋਰ 'ਚ ਫੱਸ ਜਾਣ ਕਾਰਨ ਉਸ ਦਾ ਚਿਹਰਾ ਬੁਰੀ ਤਰਾਂ ਜ਼ਖਮੀ ਹੋ ਗਿਆ। ਇਸ ਤਰ੍ਹਾਂ ਬੱਚੇ ਦੀ ਜਾਨ ਖ਼ਤਰੇ 'ਚ ਪੈ ਗਈ ਅਤੇ ਉਸ ਦੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਨੀ ਪਈ। ਇਹ ਬੱਚਾ ਹਰਜੋਤ ਸਿੰਘ ਲੋਹੜੀ ਦਾ ਤਿਉਹਾਰ ਹੋਣ ਕਾਰਨ ਆਪਣੇ ਮਾਤਾ-ਪਿਤਾ ਨਾਲ ਕਾਰ 'ਚ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਰਾਲਾ ਵਿਖੇ ਆਪਣੇ ਘਰ ਪਰਤ ਰਿਹਾ ਸੀ। ਪਿੰਡ ਚਹਿਲਾ ਨੇੜੇ ਅਚਾਨਕ ਜਿਵੇਂ ਹੀ ਚੱਲਦੀ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਆਸਮਾਨ 'ਚ ਉੱਡਦੀਆਂ ਪੰਤਗਾਂ ਵੇਖਣ ਲਈ ਇਸ ਬੱਚੇ ਨੇ ਆਪਣਾ ਸਿਰ ਥੋੜ੍ਹਾ ਬਾਹਰ ਕੱਢਿਆ ਤਾਂ ਉਸ ਦਾ ਚਿਹਰਾ ਬਾਹਰ ਹਵਾ ’ਚ ਲਹਿਰਾ ਰਹੀ ਚਾਈਨਾ ਡੋਰ 'ਚ ਫੱਸ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਸਿੰਘ ਚੌਧਰੀ ਦਾ ਦਿਹਾਂਤ

ਇਸ ਘਟਨਾ ’ਚ ਬੱਚਾ ਬੁਰੀ ਤਰਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਮਾਪੇ ਆਪਣੇ ਬੱਚੇ ਨੂੰ ਡੀ. ਐੱਮ. ਸੀ. ਹਸਪਤਾਲ ਲੈ ਗਏ। ਸਮਰਾਲਾ ਦੇ ਰਹਿਣ ਵਾਲੇ ਬੱਚੇ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਸੂਮ ਪੁੱਤਰ ਦਾ ਚਿਹਰਾ ਇੰਨੀ ਬੁਰੀ ਤਰ੍ਹਾਂ ਨਾਲ ਡੋਰ ਨੇ ਵੱਢ ਦਿੱਤਾ ਕਿ ਡਾਕਟਰਾਂ ਨੇ ਪਹਿਲਾਂ ਤਾਂ 120 ਤੋਂ ਵੀ ਵੱਧ ਟਾਂਕੇ ਉਸ ਦੇ ਬੱਚੇ ਦੇ ਚਿਹਰੇ ’ਤੇ ਲਗਾਏ। ਫਿਰ ਬੱਚੇ ਦੀ ਹਾਲਤ ਨੂੰ ਵੇਖਦਿਆ ਰਾਤ ਨੂੰ ਹੀ ਡਾਕਟਰਾਂ ਨੂੰ ਸਰਜਰੀ ਤੱਕ ਕਰਨੀ ਪਈ।

ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ 'ਸੰਤੋਖ ਸਿੰਘ ਚੌਧਰੀ' ਲਾ ਰਹੇ ਸੀ 'ਭਾਰਤ ਜੋੜੋ' ਦੇ ਨਾਅਰੇ, ਡੂੰਘੇ ਸਦਮੇ 'ਚ ਰਾਜਾ ਵੜਿੰਗ (ਤਸਵੀਰਾਂ)

ਉਧਰ ਬੀਤੇ ਦਿਨ ਵਾਪਰੀ ਇਸ ਘਟਨਾ ’ਤੇ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੂਰੀ ਸਖ਼ਤੀ ਵਰਤੀ ਗਈ ਸੀ। ਇਸ ਜਾਨਲੇਵਾ ਡੋਰ ਨਾਲ ਪੰਤਗ ਉਡਾਉਣ ਵਾਲਿਆਂ ’ਤੇ ਵੀ ਪੁਲਸ ਨੇ ਕਾਰਵਾਈ ਕੀਤੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਪੁਲਸ ਦੀ ਸਖ਼ਤੀ ਦੇ ਬਾਵਜੂਦ ਵੀ ਜਾਨਲੇਵਾ ਇਸ ਖੂਨੀ ਚਾਈਨਾ ਡੋਰ ਦੀ ਵਿਕਰੀ ਨਹੀਂ ਰੁਕੀ ਅਤੇ ਇੱਕ 4 ਸਾਲ ਦੇ ਮਾਸੂਮ ਬੱਚੇ ਦੀ ਜਾਨ ਮੁੜ ਖ਼ਤਰੇ 'ਚ ਪੈ ਗਈ ਹੈ, ਜਿਹੜਾ ਕਿ ਅਜੇ ਵੀ ਹਸਪਤਾਲ 'ਚ ਪਿਆ ਅਸਹਿ ਪੀੜਾ ਨਾਲ ਜੂਝ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News