ਗੰਦੇ ਪਾਣੀ ਨਾਲ ਪਿੰਡ ਫੰਬੀਆਂ ਬਣ ਰਿਹੈ ਦਲ ਦਲ, ਡੇਢ ਸਾਲਾ ਬੱਚਾ ਛੱਪੜ ''ਚ ਡਿੱਗਿਆ

02/17/2018 2:46:00 AM

ਸ਼ਾਮਚੁਰਾਸੀ, (ਚੁੰਬਰ)- ਸ਼ਾਮਚੁਰਾਸੀ ਕੋਲ ਪਿੰਡ ਫੰਬੀਆਂ ਵਿਖੇ ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਵੱਡੀ ਆਬਾਦੀ ਇਸ ਦਰਪੇਸ਼ ਮੁਸ਼ਕਿਲ ਨਾਲ ਜੂਝ ਰਹੀ ਹੈ। ਪਿੰਡ ਦੇ ਕੁਝ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿਚ ਕਰੀਬ ਦੋ ਛੱਪੜ ਹਨ, ਜਿੰਨ੍ਹਾਂ ਵਿਚੋਂ ਇਕ ਛੱਪੜ ਦਾ 15 ਕਨਾਲ ਦੇ ਖੇਤਰ ਵਿਚ ਹੈ ਤੇ ਦੂਜਾ ਤਿੰਨ ਕਨਾਲ ਵਿਚ। ਵੱਡੇ  ਛੱਪੜ ਵਿਚ ਪਿੰਡ ਦੇ ਸਿਰਫ਼ ਕੁਝ ਘਰਾਂ ਦਾ ਹੀ ਪਾਣੀ ਪੈਂਦਾ ਹੈ ਜਦ ਕਿ ਦੂਸਰੇ ਛੱਪੜ ਜਿਸ ਦਾ ਅਕਾਰ ਘੱਟ ਹੈ, ਵਿਚ ਪੰਚਾਇਤ ਵਲੋਂ ਸਾਰੇ ਪਿੰਡ ਦਾ ਪਾਣੀ ਪਾਇਆ ਗਿਆ ਹੈ। ਪਿੰਡ ਵਾਸੀਆਂ ਦੇ ਬਾਰ-ਬਾਰ ਕਹਿਣ 'ਤੇ ਵੀ ਇਸ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਪੰਚਾਇਤ ਤੋਂ ਇਲਾਵਾ ਪਿੰਡ ਵਾਸੀਆ ਨੇ ਇਸ ਮੁਸ਼ਕਿਲ ਦਾ ਹੱਲ ਕਰਵਾਉਣ ਲਈ ਸਬੰਧਿਤ ਵਿਭਾਗਾਂ ਤਕ ਵੀ ਪਹੁੰਚ ਕੀਤੀ ਪਰ ਮਾਮਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਲਗਪਗ 6 ਮਹੀਨੇ ਪਹਿਲਾਂ ਬੀ. ਡੀ. ਪੀ. ਓ. ਨੂੰ ਉਕਤ ਮੌਕਾ ਦਿਖਾਇਆ ਗਿਆ, ਜਿਸ ਨੇ ਆਪਣੀ ਟੀਮ ਭੇਜ ਕੇ ਪੰਚਾਇਤ ਨੂੰ ਇਸ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ, ਪਰ ਪੰਚਾਇਤ ਨੇ ਇਸ ਨੂੰ ਟਾਲ ਮਟੋਲ ਵਿਚ ਹੀ ਪਾਈ ਰੱਖਿਆ। 
PunjabKesari
ਜਿਸ ਕਾਰਨ ਕੰਮ ਲਟਕਦਾ ਦੇਖ ਕੇ ਅਫਸਰਾਂ ਨੇ ਇਥੇ ਪ੍ਰਬੰਧਕ ਨਿਯੁਕਤ ਕਰ ਦਿੱਤਾ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਸ਼ਿਵਰਾਤਰੀ ਮੌਕੇ ਜਸਪਾਲ ਸਿੰਘ ਦਾ ਡੇਢ ਸਾਲਾ ਲੜਕਾ ਅਚਾਨਕ ਛੱਪੜ ਵਿਚ ਡਿੱਗ ਪਿਆ, ਜਿਸ ਨੂੰ ਪਿੰਡ ਵਾਸੀਆਂ ਨੇ ਮਸਾਂ ਬਚਾਇਆ। ਇਸ ਤਰ੍ਹਾਂ ਉਕਤ ਛੱਪੜ ਦਾ ਪਾਣੀ ਸਮੁੱਚੇ ਪਿੰਡ ਦੇ ਘਰਾਂ ਨੂੰ ਤਹਿਸ-ਨਹਿਸ ਕਰ ਰਿਹਾ ਹੈ ਅਤੇ ਸਮੁੱਚੇ ਪਿੰਡ ਵਿਚ ਗੰਦੇ ਪਾਣੀ ਦੀ ਬਦਬੂ ਭੜਾਸ ਮਾਰ ਰਹੀ ਹੈ। ਜਿਸ ਕਾਰਨ ਕੋਈ ਮਹਾਂਮਾਰੀ ਫੈਲਣ ਦਾ ਖਦਸਾ ਹੈ। ਲੋਕਾਂ ਨੇ ਮੰਗ ਕੀਤੀ ਕਿ ਉਕਤ ਪਿੰਡ ਵਿਚ ਜੋ ਗੰਦੇ ਪਾਣੀ ਦਾ ਓਵਰ ਫਲੋਅ ਹੈ, ਉਸ ਨੂੰ ਅਤੇ ਛੱਪੜਾਂ ਨੂੰ ਕਿਸੇ ਸੀਵਰੇਜ ਸਿਸਟਮ ਨਾਲ ਵਸੋਂ ਤੋਂ ਲਾਂਭੇ ਕੀਤਾ ਜਾਵੇ ਤਾਂ ਜੋ ਪਿੰਡ ਦੇ ਸਾਰੇ ਲੋਕ ਸਕੂਨ ਭਰਿਆ ਜੀਵਨ ਬਤੀਤ ਕਰ ਸਕਣ। ਇਸ ਗੰਦੇ ਪਾਣੀ ਨਾਲ ਲੋਕਾਂ ਦੇ ਮਕਾਨ ਵੀ ਖਰਾਬ ਹੋ ਰਹੇ ਹਨ ਅਤੇ ਇਹ ਪਾਣੀ ਲੋਕਾਂ ਦੀ ਜ਼ਮੀਨ ਵੀ ਦਲਦਲੀ ਬਣਾ ਕੇ ਨਿਗਲ ਰਿਹਾ ਹੈ।


Related News