ਬਾਲ ਮਜ਼ਦੂਰਾਂ ਲਈ ਸੁਪਨਾ ਹੋਇਆ ਬਾਲ ਦਿਵਸ, ਕੂੜੇ ਦੇ ਢੇਰਾਂ ਚੋਂ ਲੱਭ ਰਹੇ ਨੇ ਗੁਆਚੇ ਸੁਪਨੇ (ਤਸਵੀਰਾਂ)
Monday, Nov 13, 2017 - 02:39 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਦੇਸ਼ ਭਰ ਵਿਚ ਹਰ ਸਾਲ 14 ਨਵੰਬਰ ਬੱਚਿਆਂ ਨੂੰ ਸਮਰਪਿਤ ਦਿਨ 'ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮੱਧ ਵਰਗੀ ਤੇ ਅਮੀਰ ਘਰਾਂ ਦੇ ਬੱਚੇ ਖੁਸ਼ੀਆਂ ਅਤੇ ਬੜੇ ਹੀ ਚਾਵਾਂ ਨਾਲ ਮਨਾਉਂਦੇ ਹਨ, ਉਥੇ ਗਰੀਬੀ ਦੀ ਹੱਦ ਤੇ ਜੀਵਨ ਬਸਰ ਕਰਨ ਵਾਲੇ ਬੱਚੇ, ਜਿਨ੍ਹਾਂ ਨੂੰ ਕਦੇ ਸਕੂਲ ਜਾਣਾ ਵੀ ਨਸੀਬ ਨਹੀਂ, ਉਹ ਸ਼ਾਇਦ ਇਸ ਗੱਲ ਤੋਂ ਅਣਜਾਣ ਹਨ ਕਿ ਕੋਈ ਬਾਲ ਦਿਵਸ ਵੀ ਹੁੰਦਾ ਹੈ। ਅਫ਼ਸੋਸ ਹੁੰਦਾ ਹੈ ਜਦੋਂ ਅੰਕੜੇ ਇਹ ਤੱਥ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਕਿ ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਲੋੜਵੰਦ ਤੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਸਮੇਤ ਮੁਢਲੀਆਂ ਲੋੜਾਂ ਦੀ ਪ੍ਰਾਪਤੀ ਸੁਪਨਾ ਬਣ ਕੇ ਰਹਿ ਗਈ। ਇਨ੍ਹਾਂ ਬੱਚਿਆਂ ਦੀ ਤਰਸਯੋਗ ਹਾਲਤ ਨੂੰ ਸਮਝਣ ਲਈ ਸ਼ਹਿਰ 'ਚ ਗਰੀਬ ਬਸਤੀਆਂ ਦੇ ਕੁਝ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਇਕ ਕਾਗਜ਼ ਚੁਗ ਰਹੇ ਬਾਲ ਨੇ ਕਿਹਾ, 'ਬਾਬੂ ਜੀ ਸਾਨੂੰ ਨਹੀਂ ਪਤਾ ਕਿ ਬਾਲ ਦਿਵਸ ਕੀ ਹੁੰਦਾ ਹੈ। ਸਾਨੂੰ ਤਾਂ ਇਹ ਪਤਾ ਹੈ ਕਿ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ 'ਚੋਂ ਆਪਣੇ ਪਰਿਵਾਰ ਲਈ ਰੋਟੀ ਲੱਭਣੀ ਹੈ ਅਤੇ ਪਰਿਵਾਰ ਦਾ ਢਿੱਡ ਭਰਣਾ ਹੈ ਜਾਂ ਫਿਰ ਢਾਬੇ, ਚਾਹ ਦੀ ਦੁਕਾਨ ਅਤੇ ਕਿਸੇ ਦੇ ਘਰ ਜੂਠੇ ਭਾਂਡੇ ਧੋਣੇ ਹਨ।' ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਜੋ ਕਿ ਪੂਰੇ ਦੇਸ਼ ਅੰਦਰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਪਰ ਇੰਨਾਂ ਬੱਚਿਆਂ ਨੂੰ ਬਾਲ ਦਿਵਸ ਦੇ ਬਾਰੇ ਪੁੱਛਣ 'ਤੇ ਕਿਹਾ ਕਿ ਬਾਬੂ ਜੀ ਬਾਲ ਦਿਵਸ ਕੀ ਹੁੰਦਾ ਹੈ, ਇਸ ਬਾਰੇ ਤਾਂ ਪਤਾ ਨਹੀਂ ਬੱਸ ਸਿਰਫ ਢਿੱਡ ਭਰਨ ਲਈ ਰੋਟੀ ਚਾਹੀਦੀ ਹੈ। ਬਾਲ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੱਚਿਆਂ ਨੂੰ ਸਕੂਲ ਡ੍ਰੈਸ 'ਚ ਤਿਆਰ ਹੋ ਕੇ ਸਕੂਲ ਜਾਂਦੇ ਵੇਖਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਉਬਾਲ ਉਠਦਾ ਹੈ ਕਿ ਕਦੇ ਉਹ ਵੀ ਸਕੂਲ ਜਾਣ ਪਰ ਉਨ੍ਹਾਂ ਦੀ ਕਿਸਮਤ 'ਚ ਸਿਰਫ ਮਜ਼ਦੂਰੀ ਕਰਕੇ ਪੈਸੇ ਕਮਾਉਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਲਿਖਿਆ ਹੈ।

ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵੇ ਖੋਖਲੇ
ਬਾਲ ਮਜ਼ਦੂਰੀ ਰੋਕਣ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਬੇਸ਼ੱਕ ਬਾਲ ਦਿਵਸ ਦੇ ਕੀਤੇ ਜਾਂਦੇ ਸਮਾਗਮਾਂ 'ਚ ਬੱਚਿਆਂ ਨੂੰ ਦੇਸ਼ ਦਾ ਭਵਿੱਖ ਅਤੇ ਨੇਤਾ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ ਪਰ ਗਰੀਬੀ ਦੀ ਮਾਰ ਝੱਲ ਰਹੇ ਇੰਨਾਂ ਬੱਚਿਆਂ ਵੱਲ ਸ਼ਾਇਦ ਹੀ ਕਿਸੇ ਦੀ ਸਵੱਲੀ ਨਜ਼ਰ ਪੈਂਦੀ ਹੋਵੇ।
ਬਿਨਾਂ ਕਿਸੇ ਡਰ ਅਤੇ ਬੇਖੌਫ਼ ਦੇ ਬਾਲ ਮਜ਼ਦੂਰੀ ਜਾਰੀ-ਸਰਕਾਰ, ਪ੍ਰਸ਼ਾਸਨ ਅਤੇ ਲੇਬਰ ਵਿਭਾਗ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਸ਼ਹਿਰ ਅੰਦਰ ਬਾਲ ਮਜ਼ਦੂਰੀ ਬਿਨਾਂ ਕਿਸੀ ਰੋਕ ਟੋਕ ਦੇ ਜਾਰੀ ਹੈ। ਸ਼ਹਿਰ 'ਚ ਚਾਹ ਦੀਆਂ ਦੁਕਾਨਾਂ, ਰੇਹੜੀਆਂ, ਹਲਵਾਈਆਂ, ਢਾਬਿਆਂ ਅਤੇ ਹੋਰ ਦੁਕਾਨਾਂ ਤੋਂ ਇਲਾਵਾ ਘਰਾਂ 'ਚ ਤਨਖਾਹ ਤੇ ਪਾਰਟ ਟਾਈਮ ਤੋਂ ਜ਼ਿਆਦਾ ਸਮੇਂ ਤੱਕ ਕੰਮ ਕਰਦੇ ਬੱਚਿਆਂ ਨੂੰ ਆਮ ਹੀ ਵੇਖਿਆ ਜਾ ਸਕਦਾ ਹੈ। ਛੋਟੀ ਮੋਟੀ ਗਲਤੀਆਂ ਜਾਂ ਫਿਰ ਨੁਕਸਾਨ ਹੋਣ ਤੇ ਗਾਲੀ ਗਲੋਚ ਅਤੇ ਕੁੱਟਮਾਰ ਕਰਨਾ ਸਧਾਰਨ ਜਿਹੀ ਗੱਲ ਹੈ। ਜੇਕਰ ਕੋਈ ਬਾਲ ਮਜ਼ਦੂਰੀ ਕਰ ਰਿਹਾ ਬੱਚਾ ਹਿੰਮਤ ਕਰਕੇ ਇਸ ਗੱਲ ਦਾ ਵਿਰੋਧ ਕਰਦਾ ਹੈ ਤਾਂ ਤੁਰੰਤ ਮਾਲਕਾਂ ਵਲੋਂ ਛੁੱਟੀ ਕਰ ਦਿੱਤੀ ਜਾਂਦੀ ਹੈ। ਸਰਦੀ ਅਤੇ ਗਰਮੀ ਦਾ ਮੌਸਮ ਬਾਲ ਮਜ਼ਦੂਰਾਂ ਲਈ ਕੋਈ ਮਾਇਨੇ ਨਹੀਂ ਰੱਖਦਾ। ਜੇਕਰ ਕੰਮ ਕਰਣਗੇ ਤਾਂ ਤਨਖਾਹ ਮਿਲੇਗੀ ਨਹੀਂ ਤਾਂ ਪੈਸੇ ਕੱਟੇ ਜਾਣਗੇ।
ਬਾਲ ਸੁਧਾਰ ਯੋਜਨਾਵਾਂ ਸਿਰਫ਼ ਕਾਗਜ਼ੀ
ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਰਗੀਆਂ ਭਲਾਈ ਸਕੀਮਾਂ ਲਾਗੂ ਕਰ ਰਹੀ ਹੈ, ਜਦਕਿ ਇਹ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸਿੱਧ ਹੋ ਰਹੀਆਂ ਹਨ। ਗਰੀਬ ਪਰਿਵਾਰਾਂ ਨਾਲ ਸਬੰਧਤ ਇੰਨ੍ਹਾਂ ਬੱਚਿਆਂ ਨੂੰ ਸਕੀਮਾਂ ਬਾਰੇ ਨਾ ਕੋਈ ਇਲਮ ਹੈ ਤੇ ਨਾ ਹੀ ਸਮਝ।
ਬਾਲ ਮਜ਼ਦੂਰੀ ਸਬੰਧੀ ਅਧਿਆਪਕਾਂ ਦੇ ਕਥਨ
ਜਦ ਇਸ ਸਬੰਧੀ ਤਰਕਸ਼ੀਲ ਸੁਸਾਇਟੀ ਦੇ ਆਗੂ ਅਤੇ ਅਧਿਆਪਕ ਆਗੂ ਰਾਮ ਸਵਰਨ ਲੱਖੇਵਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬਾਲ ਮਜ਼ਦੂਰੀ ਦੇ ਨਾਮ 'ਤੇ ਬੱਚਿਆਂ ਦਾ ਸ਼ੋਸਣ ਹੁੰਦਾ ਰਿਹਾ ਤਾਂ ਭਵਿੱਖ 'ਚ ਇਸਦੇ ਕਾਫੀ ਮਾੜੇ ਸਿੱਟੇ ਸਾਹਮਣੇ ਆਉਣਗੇ। ਡੀ. ਟੀ. ਐਫ਼. ਆਗੂ ਬੂਟਾ ਸਿੰਘ ਵਾਕਫ਼ ਨੇ ਆਖਿਆ ਕਿ ਬਾਲ ਸ਼ੋਸਣ ਕਾਨੂੰਨੀ ਤੌਰ 'ਤੇ ਅਪਰਾਧ ਹੈ। ਪ੍ਰਸ਼ਾਸਨ ਦੀ ਅਣਦੇਖੀ ਦੇ ਕਾਰਨ ਕੱਲ ਦਾ ਸੁਨਹਿਰਾ ਭਵਿੱਖ ਅੱਜ ਗੰਦਗੀ 'ਚ ਪੇਟ ਭਰਨ ਲਈ ਮਜ਼ਬੂਰ ਹੈ, ਨੂੰ ਰੋਕਣ ਦੇ ਲਈ ਸਮਾਜ ਸੇਵਕਾਂ ਨੂੰ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੇ ਸੁਪਨੇ ਨੂੰ ਸਾਕਾਰ ਕਰਨਾ ਹੀ ਉਨ੍ਹਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਕੀ ਕਹਿਣਾ ਹੈ ਜ਼ਿਲ੍ਹਾ ਮੈਜਿਸਟਰੇਟ ਦਾ ਜੂਠੇ ਗਿਲਾਸ ਧੋਂਦਾ ਹੋਇਆ ਬਾਲ ਮਜ਼ਦੂਰ
ਜਦ ਇਸ ਸਬੰਧ ਵਿਚ ਜ਼ਿਲ੍ਹਾ ਮੈਜਿਸਟਰੇਟ ਡਾ. ਸੁਮੀਤ ਜਾਰੰਗਲ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਐਸ. ਡੀ. ਐਮ. ਰਾਮਪਾਲ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਸ਼ਹਿਰ ਅੰਦਰ ਸਮੇਂ-ਸਮੇਂ 'ਤੇ ਚੈਕਿੰਗ ਕਰਕੇ ਦੋਸ਼ੀਆਂ ਦੇ ਚਲਾਨ ਕੱਟਦੀ ਹੈ।
ਹੁਣ ਤੱਕ ਪੜ੍ਹਨ ਲਈ 15 ਬੱਚਿਆਂ ਨੂੰ ਭੇਜਿਆ ਗਿਆ ਸਕੂਲ : ਡਾ. ਸ਼ਿਵਾਨੀ ਨਾਗਪਾਲ
ਜਦ ਸ਼ਹਿਰ 'ਚ ਕੂੜੇ ਦੇ ਢੇਰਾਂ ਤੋਂ ਆਪਣੀ ਰੋਟੀ-ਰੋਜ਼ੀ ਲੱਭਣ ਅਤੇ ਦੁਕਾਨ/ਘਰਾਂ ਅਤੇ ਫੈਕਟਰੀਆਂ ਵਿਚ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਬਾਰੇ ਜ਼ਿਲਾ ਬਾਲ ਭਲਾਈ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਉਨ੍ਹਾਂ ਦੀ ਟੀਮ ਵੱਲੋਂ ਪੜਨ ਵਾਲੇ 15 ਬੱਚਿਆਂ ਨੂੰ ਸਕੂਲ ਬੈਗ, ਕਿਤਾਬਾਂ ਅਤੇ ਕਾਪੀਆਂ ਲੈ ਕੇ ਸਕੂਲ ਭੇਜਿਆ ਜਾ ਚੁੱਕਾ ਹੈ। ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਤੋਂ ਬਾਲ ਮਜ਼ਦੂਰੀ ਕਰਵਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
