ਖੁਲਾਸਾ : ਪਹਿਲਾਂ ਬੱਚੇ ਨਾਲ ਕੀਤੀ ਬਦਫੈਲੀ, ਫਿਰ ਕਤਲ ਕਰਕੇ ਭਾਖੜਾ ''ਚ ਸੁੱਟੀ ਲਾਸ਼

Saturday, Dec 14, 2019 - 05:45 PM (IST)

ਖੁਲਾਸਾ : ਪਹਿਲਾਂ ਬੱਚੇ ਨਾਲ ਕੀਤੀ ਬਦਫੈਲੀ, ਫਿਰ ਕਤਲ ਕਰਕੇ ਭਾਖੜਾ ''ਚ ਸੁੱਟੀ ਲਾਸ਼

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ 10 ਦਸੰਬਰ ਨੂੰ ਇਕ ਵਿਆਹ ਸਮਾਗਮ 'ਚੋਂ ਗੁੰਮ ਹੋਏ ਬੱਚੇ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਕਥਿਤ ਦੋਸ਼ੀ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਸ ਲਾਈਨ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐੱਸ.ਪੀ. ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ 10 ਦਸੰਬਰ ਨੂੰ ਇਕ ਵਿਆਹ ਸਮਾਗਮ ਦੌਰਾਨ ਇਕ ਸੱਤ ਸਾਲਾ ਬੱਚੇ ਦੀ ਗੁੰਮ ਹੋਣ ਦੀ ਰਿਪੋਰਟ ਦਿੱਤੀ ਸੀ ਜਿਸ ਵਿਚ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਤਿੰਨ ਲੜਕੇ ਹਨ ਅਤੇ ਤਿੰਨੇ ਲੜਕੇ 10 ਦਸੰਬਰ ਨੂੰ ਆਪਣੇ ਗੁਆਂਢ ਵਿਚ ਵਿਆਹ ਦੀ ਪਾਰਟੀ ਵਿਚ ਗਏ ਸਨ ਅਤੇ ਉਸ ਦਾ ਸਭ ਤੋਂ ਛੋਟਾ ਲੜਕਾ ਵਿਆਹ ਸਮਾਗਮ 'ਚੋ ਘਰ ਵਾਪਸ ਨਹੀਂ ਆਇਆ। ਜਿਸ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਪੜਤਾਲ ਦੌਰਾਨ ਵਿਆਹ ਸਮਾਗਮ ਦੀ ਪੂਰੀ ਵੀਡੀਓ ਦੇਖਦਿਆਂ ਵਿਆਹ ਸਮਾਗਮ ਵਿਚ ਸ਼ਾਮਲ ਮਹਿਮਾਨਾਂ, ਕੈਟਰਿੰਗ ਕਰਨਵਾਲੇ, ਡੀ.ਜੇ ਵਾਲੇ, ਵੀਡੀਓਗ੍ਰਾਫਰਾਂ ਸਮੇਤ ਹੋਰ ਵਿਅਕਤੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਨਾਲ ਹੀ ਭਾਖੜਾ ਨਹਿਰ ਦੇ ਆਸ-ਪਾਸ ਅਤੇ ਖਨੌਰੀ ਹੈਡ ਤੱਕ ਗੋਤਾਖੋਰ ਟੀਮਾਂ ਰਾਂਹੀ ਬੱਚੇ ਦੀ ਭਾਲ ਲਈ ਸਰਚ ਆਪ੍ਰੇਸ਼ਨ ਚਲਾਇਆ। ਐੱਸ.ਪੀ. ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 13 ਦਸੰਬਰ ਨੂੰ ਮੁਦੱਈ ਦੇ ਵੱਡੇ ਲੜਕੇ ਨੇ ਦੱਸਿਆ ਕਿ ਮਿਤੀ 10 ਤੇ 11 ਦਸੰਬਰ ਦੀ ਦਰਮਿਆਨੀ ਰਾਤ ਨੂੰ ਵਿਆਹ ਦੀ ਪਾਰਟੀ ਵਿਚ ਲਖਵਿੰਦਰ ਸਿੰਘ (ਡੀ.ਜੇ ਵਾਲੇ ਅੰਕਲ) ਨੇ ਉਸ ਨੂੰ ਅਤੇ ਉਸ ਦੇ ਛੋਟੇ ਭਰਾ ਨੂੰ ਵਿਆਹ ਵਿਚੋਂ ਪੈਸੇ ਚੁੱਕਣ ਤੋਂ ਮੰਨ੍ਹਾਂ ਕਰਦਿਆਂ ਉਨ੍ਹਾਂ ਨੂੰ ਸਾਈਡ 'ਤੇ ਬੈਠਣ ਲਈ ਕਿਹਾ। ਡੀ.ਜੇ ਵਾਲੇ ਨੇ ਵੱਡੇ ਲੜਕੇ ਨੂੰ ਉਸ ਪਾਸ ਮੌਜੂਦ ਮੋਬਾਇਲ ਨੂੰ ਘਰ ਰੱਖ ਕੇ ਆਉਣ ਲਈ ਕਿਹਾ ਤੇ ਜਦੋਂ ਉਹ ਮੋਬਾਇਲ ਰੱਖਕੇ ਦੋਬਾਰਾ ਰਾਤ ਨੂੰ ਵਿਆਹ ਸਮਾਗਮ ਵਿਚ ਗਿਆ ਤਾਂ ਦੇਖਿਆ ਕਿ ਉਸ ਦਾ ਛੋਟਾ ਭਰਾ ਉੱਥੇ ਨਹੀਂ ਸੀ।              

ਐੱਸ.ਪੀ. ਨੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਬੱਚੇ ਨੂੰ 100 ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਮੋਟਰਸਾਈਕਲ 'ਤੇ ਲੈ ਗਿਆ ਅਤੇ ਉਸੇ ਰਾਤ ਭਾਖੜਾ ਨਹਿਰ ਨੇੜੇ ਬੱਚੇ ਨੂੰ ਲਿਜਾ ਕੇ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਅਤੇ ਫਿਰ ਉਸ ਨੂੰ ਲੱਗਿਆ ਕਿ ਬੱਚਾ ਵਾਪਸ ਘਰ ਜਾ ਕੇ ਇਸ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਤਾਂ ਉਸ ਨੇ ਫੜੇ ਜਾਣ ਦੇ ਡਰ ਤੋਂ ਬੱਚੇ ਦਾ ਗਲਾ ਘੁੱਟ ਕੇ, ਉਸ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਬੱਚੇ ਦੀ ਲਾਸ਼ ਦੀ ਭਾਲ ਲਈ ਗੋਤਾਖੋਰਾਂ ਦੀਆਂ ਟੀਮਾਂ ਲਗਾਈਆਂ ਗਈਆਂ ਹਨ।


author

Gurminder Singh

Content Editor

Related News