ਪਿਤਾ ਹੈ ਜਾਂ ਰਾਖਸ਼ਸ, ਰਾਤ ਨਾਲ ਸੁੱਤੇ 2 ਸਾਲਾ ਪੁੱਤ ਨਾਲ ਕੀਤੀ ਅਜਿਹੀ ਵਾਰਦਾਤ ਸੁਣ ਕੰਬ ਜਾਵੇ ਰੂਹ

Wednesday, Aug 02, 2017 - 11:59 AM (IST)

ਪਿਤਾ ਹੈ ਜਾਂ ਰਾਖਸ਼ਸ, ਰਾਤ ਨਾਲ ਸੁੱਤੇ 2 ਸਾਲਾ ਪੁੱਤ ਨਾਲ ਕੀਤੀ ਅਜਿਹੀ ਵਾਰਦਾਤ ਸੁਣ ਕੰਬ ਜਾਵੇ ਰੂਹ

ਡੇਰਾਬੱਸੀ (ਸ. ਹ.) : ਪਿੰਡ ਮਾਹੀਵਾਲਾ 'ਚ ਕਲਯੁਗੀ ਪਿਓ ਨੇ ਆਪਣੇ ਦੋ ਸਾਲਾ ਬੇਟੇ ਦੀ ਬਦਫੈਲੀ ਤੋਂ ਬਾਅਦ ਹੱਤਿਆ ਕਰ ਦਿੱਤੀ। ਬੱਚਾ ਚਾਰ ਭੈਣਾਂ ਦਾ ਸਭ ਤੋਂ ਛੋਟਾ ਭਰਾ ਸੀ। ਪੋਸਟਮਾਰਟਮ ਵਿਚ ਬਦਫੈਲੀ ਦੀ ਪੁਸ਼ਟੀ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਿਓ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਮੁਹੰਮਦ ਫਰਮਾਨ ਪੁੱਤਰ ਮੁਹੰਮਦ ਸਲੀਮ ਵਾਸੀ ਮਾਹੀਵਾਲਾ ਦੀ ਲਾਸ਼ ਦਾ ਮੰਗਲਵਾਰ ਨੂੰ ਡਾ. ਪ੍ਰਭਾ ਗੁਪਤਾ, ਡਾ. ਜਗਜੀਤ ਸਿੰਘ ਤੇ ਡਾ. ਐੱਚ. ਐੱਸ. ਚੀਮਾ ਦੇ ਬੋਰਡ ਨੇ ਪੋਸਟਮਾਰਟਮ ਕੀਤਾ।
ਇਸ ਵਿਚ ਮੌਤ ਦਾ ਕਾਰਨ ਢਿੱਡ ਦੀਆਂ ਨਾੜਾਂ ਫਟਣ 'ਤੇ ਜ਼ਿਆਦਾ ਖੂਨ ਵਗਣਾ ਪਾਇਆ ਗਿਆ। ਪੁਲਸ ਦਾ ਸ਼ੱਕ ਪਿਤਾ ਸਲੀਮ 'ਤੇ ਗਿਆ ਕਿਉਂਕਿ ਬੱਚਾ ਉਸਦੇ ਨਾਲ ਸੁੱਤਾ ਹੋਇਆ ਸੀ। ਸ਼ਰਾਬ ਦੇ ਨਸ਼ੇ ਵਿਚ ਉਸ ਨੇ ਬੱਚੇ ਨਾਲ ਪਹਿਲਾਂ ਬਦਫੈਲੀ ਕੀਤੀ ਅਤੇ ਬੱਚੇ ਦੇ ਬੇਹੋਸ਼ ਹੋਣ 'ਤੇ ਖੁਦ ਹੀ ਰੌਲਾ ਪਾ ਕੇ ਕਹਾਣੀ ਬਣਾ ਦਿੱਤੀ। ਆਈ. ਓ. ਕੁਲਦੀਪ ਸਿੰਘ ਅਨੁਸਾਰ ਸਲੀਮ ਨੂੰ ਮੰਗਲਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਲੀਮ ਨੇ ਕਹਾਣੀ ਰਚੀ ਸੀ ਕਿ ਸੋਮਵਾਰ ਅੱਧੀ ਰਾਤ ਨੂੰ ਜਦੋਂ ਉਹ ਬਾਥਰੂਮ ਕਰਨ ਲਈ ਉੱਠਿਆ ਤਾਂ ਉਸਦਾ ਬੇਟਾ ਗਾਇਬ ਸੀ। ਉਸਨੇ ਆਪਣੀ ਪਤਨੀ ਨਾਲ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਇਕ ਵਿਅਕਤੀ ਉਸ ਨੂੰ ਚੁੱਕ ਕੇ ਭੱਜਦਾ ਹੋਇਆ ਦਿਖਾਈ ਦਿੱਤਾ। ਹਨੇਰੇ ਕਾਰਨ ਉਹ ਮੁਲਜ਼ਮ ਦਾ ਚਿਹਰਾ ਨਹੀਂ ਵੇਖ ਸਕਿਆ ਪਰ ਮੁਲਜ਼ਮ ਆਵਾਜ਼ ਸੁਣ ਕੇ ਉਸਦੇ ਬੇਟੇ ਨੂੰ ਛੱਡ ਕੇ ਫਰਾਰ ਹੋ ਗਿਆ।


Related News