ਘਰ ਦੇ ਬਾਹਰ ਖੇਡ ਰਹੇ ਡੇਢ ਸਾਲਾ ਬੱਚੇ ਨੂੰ ਧੌਣ ਤੋਂ ਫੜ ਕੇ ਚੁੱਕ ਕੇ ਲੈ ਗਿਆ ਆਵਾਰਾ ਕੁੱਤਾ

04/13/2024 5:46:49 PM

ਕੋਟਕਪੂਰਾ (ਨਰਿੰਦਰ) : ਕੋਟਕਪੂਰਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਵਾਰਾ ਕੁੱਤਿਆਂ ਦਾ ਖੌਫ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਸ਼ਾਮ ਵੀ ਸਥਾਨਕ ਸ਼ਹਿਰ ਦੇ ਵਾਲਮੀਕਿ ਨਗਰ ਵਿਚ ਆਵਾਰਾ ਕੁੱਤਾ ਡੇਢ ਸਾਲ ਦੇ ਇਕ ਬੱਚੇ ਨੂੰ ਚੁੱਕ ਕੇ ਲੈ ਗਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਉਸਦੀ ਮਾਂ ਅਤੇ ਭੈਣ ਨੇ ਬੜੀ ਹਿੰਮਤ ਨਾਲ ਬੱਚੇ ਨੂੰ ਕੁੱਤੇ ਤੋਂ ਛੁਡਵਾਇਆ ਪਰ ਉਦੋਂ ਤੱਕ ਬੱਚਾ ਲਹੂ-ਲੁਹਾਨ ਹੋ ਚੁੱਕਿਆ ਸੀ। ਇਸ ਸਬੰਧ ਵਿਚ ਸ਼ਹਿਰ ਦੇ ਮੁਹੱਲਾ ਵਾਲਮੀਕਿ ਨਗਰ ਦੇ ਵਸਨੀਕ ਸੰਜੇ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਦਿਹਾੜੀ-ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਬੱਚਾ ਸ਼ਾਮ ਸਮੇਂ ਘਰ ਦੇ ਬਾਹਰ ਖੇਡ ਰਿਹਾ ਸੀ। 

ਇਸ ਦੌਰਾਨ ਅਚਾਨਕ ਉਥੇ ਇਕ ਆਵਾਰਾ ਕੁੱਤਾ ਆਇਆ ਅਤੇ ਉਨ੍ਹਾਂ ਦੇ ਇਸ ਡੇਢ ਕੁ ਸਾਲ ਦੇ ਬੱਚੇ ਨੂੰ ਗਲੇ ਤੋਂ ਫੜ੍ਹ ਕੇ ਤੇਜ਼ੀ ਨਾਲ ਭੱਜ ਗਿਆ। ਬੱਚੇ ਦਾ ਚੀਕ-ਚਿਹਾੜਾ ਸੁਣ ਕੇ ਬੱਚੇ ਦੀ ਮਾਂ ਅਤੇ ਉਸਦੀ ਭੈਣ ਘਰ ’ਚੋਂ ਭੱਜੀਆਂ-ਭੱਜੀਆਂ ਬਾਹਰ ਆਈਆਂ ਅਤੇ ਭਾਰੀ ਜਦੋ-ਜਹਿਦ ਤੋਂ ਬਾਅਦ ਬੱਚੇ ਨੂੰ ਕੁੱਤੇ ਤੋਂ ਛੁਡਵਾਇਆ। ਉਸਨੇ ਦੱਸਿਆ ਕਿ ਇਸ ਘਟਨਾ ਵਿਚ ਬੱਚੇ ਦੇ ਸਿਰ, ਗਲੇ, ਪੇਟ, ਪਿੱਠ ਅਤੇ ਹੱਥਾਂ ਤੋਂ ਇਲਾਵਾ ਹੋਰ ਕਈ ਜਗ੍ਹਾ ’ਤੇ ਗੰਭੀਰ ਜ਼ਖਮ ਹੋ ਗਏ। ਬੱਚੇ ਨੂੰ ਤੁਰੰਤ ਫਰੀਦਕੋਟ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਥੋੜੀ ਦੇਰ ਹੋ ਜਾਂਦੀ ਜਾਂ ਬੱਚੇ ਦਾ ਚੀਕ-ਚਿਹਾੜਾ ਉਸਦੀ ਮਾਂ ਤੇ ਭੈਣ ਨੂੰ ਨਾ ਸੁਣਦਾ ਤਾਂ ਕੁੱਝ ਵੀ ਹੋ ਸਕਦਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਕ ਨਿੱਜੀ ਕੰਪਨੀ ਦੇ ਸੇਲਜ਼ਮੈਨ ਨੂੰ ਵੀ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਸੀ, ਜਿਸਨੂੰ ਇਲਾਜ ਲਈ ਕੋਟਕਪੂਰਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


Anuradha

Content Editor

Related News