ਮੁੱਖ ਸਕੱਤਰ ਜੰਜੂਆ ਨੇ ਮਿਲਾਵਟਖੋਰਾਂ ਨੂੰ ਕੰਟਰੋਲ ਕਰਨ ਲਈ ਨਿਗਰਾਨੀ ਤੇਜ਼ ਕਰਨ ਦੇ ਦਿੱਤੇ ਹੁਕਮ
Wednesday, Nov 23, 2022 - 08:31 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਖੁਰਾਕ ਅਤੇ ਦੁੱਧ ਉਤਪਾਦਾਂ ’ਚ ਮਿਲਾਵਟਖੋਰੀ ਦੀਆਂ ਅਨੈਤਿਕ ਗਤੀਵਿਧੀਆਂ ਬਾਰੇ ਚਰਚਾ ਕਰਨ ਅਤੇ ਇਸ ਦੇ ਕੰਟਰੋਲ ਵਾਸਤੇ ਉਪਾਅ ਕਰਨ ਲਈ ਮੀਟਿੰਗ ਬੁਲਾਈ। ਮੁੱਖ ਸਕੱਤਰ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੂਬਾ ਸਰਕਾਰ ਦੀ ਮਿਲਾਵਟਖੋਰੀ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਏ ਜਾਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਖ਼ੁਰਾਕ ਅਤੇ ਡਰੱਗ ਪ੍ਰਬੰਧਨ (ਐੱਫ. ਡੀ. ਏ.) ਦੇ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਮੁੱਖ ਸਕੱਤਰ ਨੂੰ ਫੂਡ ਸੇਫਟੀ ਵਿੰਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ, ਜਿਸ ’ਚ ਐੱਫ. ਬੀ. ਓ. ਅਤੇ ਖਪਤਕਾਰਾਂ ’ਚ ਜਾਗਰੂਕਤਾ ਪੈਦਾ ਕਰਨਾ, ਲਾਇਸੈਂਸ/ਰਜਿਸਟ੍ਰੇਸ਼ਨ, ਨਿਰੀਖਣ, ਸੈਂਪਲਿੰਗ, ਈਟ ਰਾਈਟ ਸਰਟੀਫਿਕੇਸ਼ਨ ਕਰਨਾ ਸ਼ਾਮਲ ਹਨ। ਮੁੱਖ ਸਕੱਤਰ ਨੇ ਖੁਰਾਕ ਤੇ ਡਰੱਗ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਉੱਤੇ ਜ਼ੋਰ ਦਿੰਦਿਆਂ ਸਟਾਫ ਦੀ ਭਰਤੀ, ਨਿਗਰਾਨੀ ਟੀਮਾਂ ਲਈ ਵਾਹਨਾਂ ਦੀ ਵਿਵਸਥਾ ਅਤੇ ਸੂਬੇ ਭਰ ’ਚ ਹੋਰ ਨਵੀਆਂ ਲੈਬ ਸਥਾਪਿਤ ਕਰਨ ਦੀ ਗੱਲ ਕਹੀ। ਉਨ੍ਹਾਂ ਚੈਕਿੰਗ ਟੀਮਾਂ ਦੀਆਂ ਗਤੀਵਿਧੀਆਂ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ, ਜਿਵੇਂ ਕਿ ਮੱਖਣ, ਪਨੀਰ ਤੇ ਦੇਸੀ ਘਿਓ ਦੀ ਮਿਲਾਵਟ ਕਰਨ ਵਾਲਿਆਂ ਉੱਤੇ ਸਖ਼ਤੀ ਕਰਦਿਆਂ ਛਾਪੇਮਾਰੀ ਕੀਤੀ ਜਾਵੇ। ਇਸ ਸਬੰਧੀ ਨਿਗਰਾਨ ਟੀਮਾਂ ਦੀ ਗਿਣਤੀ ਵਧਾਈ ਜਾਵੇ।
ਮੀਟਿੰਗ ’ਚ ਵਿੱਤ ਕਮਿਸ਼ਨਰ ਸਹਿਕਾਰਤਾ ਰਵਨੀਤ ਕੌਰ, ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਅਰਸ਼ਦੀਪ ਸਿੰਘ ਥਿੰਦ, ਮਿਲਕਫੈੱਡ ਦੇ ਐੱਮ. ਡੀ. ਅਮਿਤ ਢਾਕਾ, ਪੰਜਾਬ ਐਗਰੋ ਦੇ ਐੱਮ. ਡੀ. ਮਨਜੀਤ ਸਿੰਘ ਬਰਾੜ, ਮਾਰਕਫੈੱਡ ਦੇ ਐੱਮ. ਡੀ. ਰਾਮਵੀਰ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ, ਡਾਇਰੈਕਟਰ ਲੈਬ ਰਵਨੀਤ ਕੌਰ ਤੇ ਜੁਆਇੰਟ ਕਮਿਸ਼ਨਰ ਖੁਰਾਕ ਮਨੋਜ ਖੋਸਲਾ ਵੀ ਹਾਜ਼ਰ ਸਨ।