ਮੁੱਖ ਮੰਤਰੀ ਨੇ ਧੀਮਾਨ ਨੂੰ ਕੀਤਾ ਤਲਬ , ਧੀਮਾਨ ਨੇ ਨਸ਼ਿਆਂ ਦੀ ਵਿਕਰੀ ਜਾਰੀ ਰਹਿਣ ਦਾ ਦਿੱਤਾ ਸੀ ਬਿਆਨ
Wednesday, Aug 02, 2017 - 07:00 AM (IST)
ਚੰਡੀਗੜ੍ਹ (ਭੁੱਲਰ) - ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਬੀਤੇ ਦਿਨੀਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਹੋਏ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਜਨਤਕ ਤੌਰ 'ਤੇ ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਜਾਰੀ ਰਹਿਣ ਦੀ ਗੱਲ ਕਹਿਣ ਨਾਲ ਕੈਪਟਨ ਸਰਕਾਰ ਵਿਚ ਖਲਬਲੀ ਮਚ ਗਈ ਹੈ। ਅੱਜ ਪੂਰਾ ਦਿਨ ਪੰਜਾਬ ਸਕੱਤਰੇਤ ਦੇ ਗਲਿਆਰਿਆਂ ਵਿਚ ਵੀ ਧੀਮਾਨ ਦੇ ਬਿਆਨ ਦੀ ਖੂਬ ਚਰਚਾ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਵਿਚ ਨਸ਼ਿਆਂ ਨੂੰ ਪੂਰੀ ਤਰ੍ਹਾ ਖਤਮ ਕਰਨ ਦੇ ਦਾਅਵਿਆਂ 'ਤੇ ਪਾਰਟੀ ਦੇ ਹੀ ਇਕ ਵਿਧਾਇਕ ਨੇ ਪ੍ਰਸ਼ਨ ਚਿੰਨ੍ਹ ਲਗਾ ਕੇ ਸਰਕਾਰ ਲਈ ਮੁਸ਼ਕਿਲ ਪੈਦਾ ਕਰ ਦਿੱਤੀ ਹੈ ਕਿਉਂਕਿ ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾਉਂਦਿਆਂ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਕੀ ਕਿਹਾ ਸੀ ਧੀਮਾਨ ਨੇ
ਧੀਮਾਨ ਦਾ ਕਹਿਣਾ ਸੀ ਕਿ ਇਕ ਮਹੀਨੇ ਦੌਰਾਨ ਤਾਂ ਨਸ਼ਿਆਂ 'ਤੇ ਕਾਬੂ ਪੈਂਦਾ ਦਿਖਾਈ ਦੇ ਰਿਹਾ ਸੀ ਪਰ ਬਾਅਦ ਵਿਚ ਕਾਰਵਾਈ ਢਿੱਲੀ ਪੈ ਗਈ। ਸਕੱਤਰੇਤ ਵਿਚ ਪਹੁੰਚੇ ਪੰਜਾਬ ਦੇ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਦੱਬੀ ਜ਼ੁਬਾਨ ਵਿਚ ਧੀਮਾਨ ਦੇ ਵਿਚਾਰਾਂ ਬਾਰੇ ਕਿਹਾ ਕਿ ਬੇਸ਼ੱਕ ਨਸ਼ਿਆਂ 'ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਗਿਆ ਹੈ ਪਰ ਅਜੇ ਪੂਰੀ ਤਰ੍ਹਾਂ ਨਸ਼ੇ ਖਤਮ ਨਹੀਂ ਹੋਏ ਹਨ ਤੇ ਕੁੱਝ ਥਾਵਾਂ 'ਤੇ ਨਸ਼ਿਆਂ ਦੀ ਵਿਕਰੀ ਦੀ ਗੱਲ ਵਿਚ ਕੁੱਝ ਸੱਚਾਈ ਵੀ ਹੈ।
ਮੁੱਖ ਮੰਤਰੀ ਨੇ ਲਿਆ ਨੋਟਿਸ
ਇਸੇ ਦੌਰਾਨ ਪਤਾ ਲੱਗਿਆ ਹੈ ਕਿ ਧੀਮਾਨ ਦੇ ਬਿਆਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੋਟਿਸ ਲਿਆ ਹੈ ਤੇ ਇਸ ਬਾਰੇ 'ਚ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਵਿਰੋਧੀ ਧਿਰ ਵਲੋਂ ਜਿਸ ਤਰ੍ਹਾਂ ਧੀਮਾਨ ਦੇ ਬਿਆਨ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ, ਉਸ ਤੋਂ ਲੱਗ ਰਿਹਾ ਹੈ ਕਿ ਹੁਣ ਨਸ਼ੇ ਦੇ ਖਿਲਾਫ਼ ਕਾਰਵਾਈ ਦਾ ਮਾਮਲਾ ਹੋਰ ਜ਼ੋਰ ਫੜੇਗਾ।
ਮੇਰੇ ਬਿਆਨ ਦੇ ਗਲਤ ਅਰਥ ਕੱਢੇ ਗਏ : ਧੀਮਾਨ
ਪੰਜਾਬ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਮੀਡੀਆ ਵਲੋਂ ਗਲਤ ਅਰਥ ਕੱਢ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਧੀਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਇਕ ਰਾਜ ਪੱਧਰੀ ਸਮਾਗਮ ਦੌਰਾਨ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਪਰ ਉਨ੍ਹਾਂ ਦੀ ਟਿੱਪਣੀ ਦੀ ਮੁੱਖ ਮੁੱਦੇ ਤੋਂ ਵੱਖ ਕਰ ਕੇ ਵਿਆਖਿਆ ਕੀਤੀ ਗਈ ਹੈ। ਧੀਮਾਨ ਨੇ ਕਿਹਾ ਕਿ ਉਹ ਸੂਬੇ ਵਿਚ ਨਸ਼ਿਆਂ ਦੀ ਲਾਹਨਤ ਤੋਂ ਚਿੰਤਤ ਹਨ, ਜਿਸ ਲਈ ਸਿਆਸੀ ਪਾਰਟੀਆਂ ਸਣੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਾਂਝੀ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ।
'ਕਾਂਗਰਸੀ ਵਿਧਾਇਕ ਧੀਮਾਨ ਵਲੋਂ ਨਸ਼ਿਆਂ ਦੇ ਮਾਮਲੇ ਵਿਚ ਦਿੱਤਾ ਗਿਆ ਬਿਆਨ ਸੱਤਾ ਧਿਰ ਦੇ ਇਕ ਮੈਂਬਰ ਦੇ ਮੂੰਹ 'ਚੋਂ ਨਿੱਕਲੀ ਸੱਚਾਈ ਹੈ। ਧੀਮਾਨ ਨੇ ਸਹੀ ਸਥਿਤੀ ਦਾ ਬਿਆਨ ਦਿੱਤਾ ਹੈ, ਜਿਸ ਨਾਲ ਕੈਪਟਨ ਸਰਕਾਰ ਵਲੋਂ ਨਸ਼ਾ ਸਮੱਗਲਰਾਂ ਦੀ ਕਮਰ ਤੋੜ ਦੇਣ ਤੇ ਵਿਕਰੀ ਨੂੰ ਬੰਦ ਕਰਨ ਦੇ ਦਾਅਵੇ ਦੀ ਸੱਚਾਈ ਵੀ ਸਾਹਮਣੇ ਆ ਗਈ ਹੈ। ਨਸ਼ਿਆਂ ਦੇ ਬਾਰੇ 'ਚ ਹੀ ਨਹੀਂ ਜਦਕਿ ਹੋਰ ਮਾਮਲਿਆਂ ਨੂੰ ਲੈ ਕੇ ਵੀ ਜੋ ਕੈਪਟਨ ਅਮਰਿੰਦਰ ਸਿੰਘ ਵਲੋਂ ਦਾਅਵੇ ਕੀਤੇ ਜਾ ਰਹੇ ਹਨ, ਉਹ ਵੀ ਇਸੇ ਤਰ੍ਹਾਂ ਦੇ ਹਨ।'
-ਪ੍ਰਕਾਸ਼ ਸਿੰਘ ਬਾਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੁੱਖ ਮੰਤਰੀ ਪੰਜਾਬ।
'ਕਾਂਗਰਸੀ ਵਿਧਾਇਕ ਧੀਮਾਨ ਨੇ ਨਸ਼ਿਆਂ ਦੇ ਬਾਰੇ 'ਚ ਜੋ ਬਿਆਨ ਦਿੱਤਾ ਹੈ, ਉਸ ਨੇ ਸਾਡੀ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਰਾਜ ਵਿਚ ਨਸ਼ਿਆਂ ਦੀ ਵਿਕਰੀ ਜਾਰੀ ਹੈ। ਧੀਮਾਨ ਨੇ ਜਨਤਕ ਤੌਰ 'ਤੇ ਕਿਹਾ ਕਿ ਸਿਰਫ਼ 15 ਦਿਨ ਲਈ ਹੀ ਨਸ਼ਿਆਂ 'ਤੇ ਰੋਕ ਲੱਗੀ ਸੀ ਤੇ ਉਸ ਤੋਂ ਬਾਅਦ ਫਿਰ ਤੋਂ ਨਸ਼ੇ ਉਸੇ ਤਰ੍ਹਾਂ ਵਿਕ ਰਹੇ ਹਨ। ਇਸ ਬਿਆਨ ਨੂੰ ਮੁੱਖ ਮੰਤਰੀ ਵਲੋਂ ਗੰਭੀਰਤਾ ਨਾਲ ਲੈ ਕੇ ਅੱਗੇ ਦੀ ਕਾਰਵਾਈ ਕਰਨੀ ਚਾਹੀਦੀ ਹੈ। ਸਿਰਫ ਛੋਟੇ ਸਮੱਗਲਰਾਂ ਤੇ ਨਸ਼ੇੜੀਆਂ ਨੂੰ ਫੜਨ ਨਾਲ ਹੀ ਨਸ਼ਿਆਂ ਦਾ ਕਾਰੋਬਾਰ ਖਤਮ ਹੋਣ ਵਾਲਾ ਨਹੀਂ, ਬਲਕਿ ਵੱਡੇ ਮਗਰਮੱਛਾਂ 'ਤੇ ਹੱਥ ਪਾਉਣਾ ਹੀ ਪਏਗਾ।' -ਸੁਖਪਾਲ ਸਿੰਘ ਖਹਿਰਾ, ਵਿਰੋਧੀ ਧਿਰ ਨੇਤਾ, ਪੰਜਾਬ।
