ਮੁੱਖ ਮੰਤਰੀ ਦੱਸਣ ਕਿ ਉਹ ਆਪਣੇ ਜੱਦੀ ਜ਼ਿਲ੍ਹੇ ''ਚ ਰੇਤ ਮਾਫੀਆ ਖ਼ਤਮ ਕਿਉਂ ਨਹੀਂ ਕਰ ਪਾਏ : ਅਕਾਲੀ ਦਲ

01/19/2021 12:35:36 AM

ਪਟਿਆਲਾ, (ਪਰਮੀਤ)- ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਰੇਤ ਮਾਫੀਆ ਖਾਸ ਤੌਰ ’ਤੇ ਆਪਣੇ ਜੱਦੀ ਜ਼ਿਲ੍ਹੇ ਵਿਚ ਰੇਤ ਮਾਫੀਆ ’ਤੇ ਨਕੇਲ ਪਾਉਣ ’ਚ ਫੇਲ ਕਿਉਂ ਹੋਏ ਹਨ? ਇੱਥੇ ਜਾਰੀ ਇਕ ਬਿਆਨ ’ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਸੱਤਾ ’ਚ ਆਏ 4 ਸਾਲ ਹੋ ਗਏ ਹਨ। ਦਰਜਨਾਂ ਕੇਸ ਰੇਤ ਮਾਇਨਿੰਗ ਦੇ ਦਰਜ ਕੀਤੇ ਗਏ ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਘਨੌਰ ਜੋ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਦਾ ਹਲਕਾ ਹੈ, ਵਿਚ ਵੀ ਤਿੰਨ ਦਰਜਨ ਤੋਂ ਵੱਧ ਕੇਸ ਦਰਜ ਕੀਤੇ ਗਏ ਪਰ ਹਾਲੇ ਵੀ ਇਲਾਕੇ ’ਚ ਰੇਤ ਮਾਇਨਿੰਗ ਬਿਨਾਂ ਰੁਕਾਵਟ ਜਾਰੀ ਹੈ। ਕੁਝ ਪਿੰਡਾਂ ਦੀ ਹੋਂਦ ਨੂੰ ਹੀ ਮਾਇਨਿੰਗ ਕਾਰਣ ਖ਼ੱਤਰਾ ਖੜ੍ਹਾ ਹੋ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਸੂਬੇ ’ਚ ਰੇਤ ਮਾਈਨਿੰਗ ਕਾਰਣ ਹਜ਼ਾਰਾਂ ਕਰੋੜਾਂ ਰੁਪਏ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਪਰ ਮਾਮਲੇ ’ਚ ਕੋਈ ਵੀ ਕਾਰਵਾਈ ਇਸ ਕਰ ਕੇ ਨਹੀਂ ਹੋ ਰਹੀ ਕਿਉਂਕਿ ਕਾਂਗਰਸੀ ਆਗੂ ਹੀ ਇਹ ਗੈਰ-ਕਾਨੂੰਨੀ ਕਾਰਵਾਈ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫਤਰ ਦੀ ਹਿੱਸੇਦਾਰੀ ਤੋਂ ਇਲਾਵਾ ਇਸ ਨਾਜਾਇਜ਼ ਧੰਦੇ ਤੋਂ ਕਾਂਗਰਸ ਹਾਈ ਕਮਾਂਡ ਨੂੰ ਵੀ ਹਿੱਸਾ ਜਾ ਰਿਹਾ ਹੈ। ਇਹੀ ਕਾਰਣ ਹੈ ਕਿ ਮਾਮਲੇ ’ਚ ਕਾਰਵਾਈ ਨਹੀਂ ਹੋ ਰਹੀ।

ਡਾ. ਚੀਮਾ ਨੇ ਇਹ ਵੀ ਕਿਹਾ ਕਿ 3 ਸਾਲ ਤੋਂ ਵੱਧ ਸਮਾਂ ਪਹਿਲਾਂ ਪਟਿਆਲਾ ਅਤੇ ਮੋਹਾਲੀ ਦੇ ਮਾਇਨਿੰਗ ਦੇ ਜੀ. ਐੱਮ. ਟਹਿਲ ਸਿੰਘ ਸੇਖੋਂ ਦੀ ਰੇਤ ਮਾਫੀਆ ਨੇ ਕੁੱਟਮਾਰ ਕੀਤੀ ਸੀ ਕਿਉਂਕਿ ਉਹ ਮਾਇਨਿੰਗ ਕਰਨ ਤੋਂ ਰੋਕ ਰਹੇ ਸਨ। ਉਦੋਂ ਤੋਂ ਹੁਣ ਤੱਕ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਹਰ ਵਾਰ ਐੱਫ. ਆਈ. ਆਰ. ਦਰਜ ਹੋ ਜਾਂਦੀ ਹੈ ਅਤੇ ਸਬੰਧਤ ਐੱਸ. ਐੱਚ. ਓ. ਤਬਦੀਲ ਕਰ ਦਿੱਤਾ ਜਾਂਦਾ ਹੈ ਪਰ ਮਾਫੀਆ ਖਿਲਾਫ ਕਾਰਵਾਈ ਨਹੀਂ ਹੁੰਦੀ।
 


Bharat Thapa

Content Editor

Related News