ਕੋਰੋਨਾ ਨੂੰ ਲੈ ਕੇ ਕੈਪਟਨ ਦੀ ਚਿਤਾਵਨੀ, ਸਥਿਤੀ ਨਾਂ ਸੁਧਰੀ ਤਾਂ ਲਾਗੂ ਹੋਣਗੀਆਂ ਹੋਰ ਸਖ਼ਤ ਪਾਬੰਦੀਆਂ

03/31/2021 11:56:17 PM

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਵਿਚ ਕੋਵਿਡ ਦੀ ਸਥਿਤੀ ਜੋ ਕਿ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਧਣ ਨਾਲ ਵੱਡੇ ਪੱਧਰ ’ਤੇ ਪਹੁੰਚ ਗਈ ਹੈ, ਵਿਚ ਅਗਲੇ ਹਫ਼ਤੇ ਤੱਕ ਸੁਧਾਰ ਨਾ ਹੋਇਆ ਤਾਂ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ। ਸਿਹਤ, ਪ੍ਰਸ਼ਾਸਨਿਕ ਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਮੁੜ ਸਮੀਖਿਆ 8 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਜੇ ਕੋਵਿਡ ਦਾ ਵਾਧਾ ਬੇਕਾਬੂ ਰਿਹਾ ਤਾਂ ਹੋਰ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਹਫ਼ਤੇ ਤੱਕ ਪ੍ਰਸਥਿਤੀਆਂ ਦੇਖਾਂਗਾ ਅਤੇ ਫਿਰ ਜੇ ਕੋਈ ਸੁਧਾਰ ਨਾ ਹੋਇਆ ਤਾਂ ਸਾਨੂੰ ਸਖਤ ਪਾਬੰਦੀਆਂ ਲਾਉਣੀਆਂ ਪੈ ਸਕਦੀਆਂ ਹਨ।

PunjabKesari

ਇਹ ਵੀ ਪੜੋ ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ 'ਚ, ਸਭ ਤੋਂ ਵਧ ਵਿਕਣ ਵਾਲੇ 10 'ਚੋਂ  7 ਬ੍ਰਾਂਡ ਭਾਰਤ ਦੇ

ਤੇਜ਼ੀ ਨਾਲ ਟੀਕਾਕਰਨ ਦੀ ਲੋੜ ਦੱਸਦਿਆਂ ਖਾਸ ਕਰ ਕੇ ਅਜਿਹੇ ਸਥਾਨਾਂ, ਜਿੱਥੇ 300 ਤੋਂ ਵੱਧ ਕੇਸ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲਿਆਂ ਵਿਚ ਮੁਹੱਲਾ ਪੱਧਰ ’ਤੇ ਯੋਗ ਲੋਕਾਂ ਤੱਕ ਪਹੁੰਚ ਬਣਾਈ ਜਾਵੇ। ਉਨ੍ਹਾਂ ਨਾਲ ਹੀ ਬੁਰੀ ਤਰ੍ਹਾਂ ਗ੍ਰਸਤ ਸ਼ਹਿਰਾਂ ਲੁਧਿਆਣਾ, ਜਲੰਧਰ, ਮੋਹਾਲੀ ਤੇ ਅੰਮ੍ਰਿਤਸਰ ਵਿਚ ਕੋਵਿਡ ਅਹਿਤਿਆਤਾਂ ਅਤੇ ਪ੍ਰੋਟੋਕਲ ਦੀ ਵੀ ਸਖਤੀ ਨਾਲ ਪਾਲਣਾ ਦੇ ਹੁਕਮ ਦਿੱਤੇ। ਸੂਬੇ ਦੀ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਚੇਅਰਮੈਨ ਡਾ. ਕੇ.ਕੇ. ਤਲਵਾੜ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਪਾਬੰਦੀਆਂ ਨੂੰ ਹੋਰ ਲਾਗੂ ਕਰਨ ਦੀ ਲੋੜ ਹੈ, ਜਿੱਥੇ ਵੱਧ ਕੇਸ ਸਾਹਮਣੇ ਆ ਰਹੇ ਹਨ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ 19 ਮਾਰਚ ਤੋਂ ਬਿਨਾਂ ਮਾਸਕ ਤੋਂ ਚੱਲਣ-ਫਿਰਨ ਵਾਲੇ 1.30 ਲੱਖ ਲੋਕਾਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 391 ਪਾਜ਼ੇਟਿਵ ਪਾਏ ਗਏ। 

PunjabKesari

ਇਹ ਵੀ ਪੜੋ -ਜਲੰਧਰ ਦੇ ਪੀ.ਏ.ਪੀ. ਗੇਟ 'ਤੇ ਚੱਲੀ ਗੋਲੀ ਦੀ ਵੀਡੀਓ ਆਈ ਸਾਹਮਣੇ

ਐੱਸ.ਏ.ਐੱਸ. ਨਗਰ, ਕਪੂਰਥਲਾ, ਪਟਿਆਲਾ, ਐੱਸ.ਬੀ.ਐੱਸ. ਨਗਰ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਬਹੁਤ ਜ਼ਿਆਦਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ, ਜਦੋਂ ਕਿ 24 ਮਾਰਚ, 2021 ਨੂੰ ਸੂਬੇ ਵਿਚ ਕੁੱਲ ਪਾਜ਼ੇਟਿਵਿਟੀ 7.6 ਫੀਸਦੀ ਸੀ। ਆਉਣ-ਜਾਣ ਵਾਲਿਆਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਨੋਟਿਸ ਲੈਂਦਿਆਂ ਮੁੱਖ-ਮੰਤਰੀ ਨੇ ਸ਼ਨੀਵਾਰ ਨੂੰ ਕੋਵਿਡ ਯੋਧਿਆਂ ਲਈ ਇਕ ਘੰਟੇ ਲਈ ਰੱਖੀ ਜਾਂਦੀ ਮੌਨ ਕਾਲ ਨੂੰ ਵੀ ਖਤਮ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਹਿ ਬਿਮਾਰੀਆਂ ਵਾਲਿਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲਿਜਾਣ ਅਤੇ ਘਰਾਂ ਵਿਚ ਏਕਾਂਤਵਾਸ ਲੋਕਾਂ ਦੀ ਸਖਤ ਨਿਗਰਾਨੀ ਲਈ ਮਜ਼ਬੂਤ ਪ੍ਰਣਾਲੀ ਵਿਕਸਤ ਕੀਤੀ ਜਾਵੇ।

ਨੋਟ-ਕੁਮੈਂਟ ਕਰ ਕੇ  ਦੱਸੋ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ।


Sunny Mehra

Content Editor

Related News