ਕਾਂਗਰਸ ਪ੍ਰਧਾਨ ਨਾਲੋਂ ਮੁੱਖ ਮੰਤਰੀ ਦਾ ਰੁਤਬਾ ਉੱਚਾ : ਬਲਬੀਰ ਸਿੱਧੂ

09/07/2021 1:19:12 AM

ਮਾਛੀਵਾੜਾ ਸਾਹਿਬ(ਟੱਕਰ)- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ਦੇ ਪ੍ਰਧਾਨ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦਾ ਰੁਤਬਾ ਉੱਚਾ ਹੁੰਦਾ ਹੈ, ਇਹ ਦੋਵੇਂ ਹੀ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਕੇ ਮੁੜ ਕਾਂਗਰਸ ਦੀ ਸਰਕਾਰ ਸੱਤਾ ਵਿਚ ਲਿਆਉਣਗੇ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੁਤਬਾ ਉੱਚਾ ਕਰ ਕੇ ਇਹ ਇਸ਼ਾਰਾ ਦੇ ਦਿੱਤਾ ਕਿ 2022 ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਕੈਬਨਿਟ ਮੰਤਰੀ ਸਿੱਧੂ ਅੱਜ ਮਾਛੀਵਾੜਾ ਵਿਖੇ ਇਕ ਸਮਾਰੋਹ ’ਚ ਸ਼ਮੂਲੀਅਤ ਕਰਨ ਲਈ ਆਏ ਸਨ।

ਇਹ ਵੀ ਪੜ੍ਹੋ- ਹੈਰੋਇਨ ਮਾਮਲਾ, ਜੰਮੂ-ਕਸ਼ਮੀਰ ਤੋਂ ਬਰਾਮਦ ਹੋਈ 29.50 ਲੱਖ ਰੁਪਏ ਦੀ ਡਰੱਗ ਮਨੀ

ਮੁਜ਼ਫ਼ਰਨਗਰ ਵਿਖੇ ਹੋਈ ਕਿਸਾਨ ਮਹਾਪੰਚਾਇਤ ’ਤੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਦੋ ਸ਼ਬਦ ‘ਇਹ ਕਾਨੂੰਨ ਰੱਦ ਕੀਤੇ ਗਏ’ ਕਹਿ ਦੇਣੇ ਚਾਹੀਦੇ ਹਨ ਅਤੇ ਇਨ੍ਹਾਂ ਸ਼ਬਦਾਂ ਨਾਲ ਦੇਸ਼ ’ਚ ਬਿਲਕੁਲ ਸ਼ਾਂਤੀ ਵਾਲਾ ਮਾਹੌਲ ਪੈਦਾ ਹੋ ਜਾਵੇਗਾ। ਪੱਤਰਕਾਰਾਂ ਵੱਲੋਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਦੇ 4 ਕੈਬਨਿਟ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲਦੇ ਹਨ ਤਾਂ ਉਨ੍ਹਾਂ ਸਪੱਸ਼ਟ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਕੋਈ ਵੀ ਮੰਤਰੀ ਨਾਰਾਜ਼ ਨਹੀਂ, ਸਾਰੇ ਇਕਜੁਟ ਹੋ ਕੇ ਚੋਣਾਂ ਲੜਣਗੇ।


Bharat Thapa

Content Editor

Related News