ਐਕਵਾਇਰ ਕੀਤੀ ਜ਼ਮੀਨ ’ਤੇ ਪ੍ਰਾਜੈਕਟ ਜਾਂ ਇੰਡਸਟਰੀ ਲਗਾਉਣ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ
Friday, Sep 03, 2021 - 01:23 AM (IST)
ਬੁਢਲਾਡਾ(ਮਨਜੀਤ)- ਪਿੰਡ ਗੋਬਿੰਦਪੁਰਾ ਦੀ ਉਪਜਾਊ ਜ਼ਮੀਨ ਅਕਾਲੀ-ਭਾਜਪਾ ਸਰਕਾਰ ਦੌਰਾਨ 10 ਸਾਲ ਪਹਿਲਾਂ ਇਕ ਕੰਪਨੀ ਵੱਲੋਂ ਐਕਵਾਇਰ ਕੀਤੀ ਗਈ ਸੀ। ਜਿਸ ’ਤੇ ਅਜੇ ਤਕ ਕੋਈ ਵੀ ਕੰਪਨੀ ਵੱਲੋਂ ਪ੍ਰਾਜੈਕਟ ਨਹੀਂ ਲਗਾਇਆ ਗਿਆ ਜੋ ਕਿ ਆਵਾਰਾ ਪਸ਼ੂਆਂ, ਜੰਗਲੀ ਸੂਰਾਂ ਅਤੇ ਹੋਰ ਜਾਨਵਰਾਂ ਦਾ ਅੱਡਾ ਬਣ ਗਿਆ ਹੈ। ਇਸ ਸਬੰਧੀ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਆਪਣੇ ਵੱਲੋਂ ਇਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਓ. ਐੱਸ. ਡੀ. ਅੰਕਿਤ ਬਾਂਸਲ ਰਾਹੀਂ ਭੇਜਿਆ ਹੈ ਕਿ ਇਸ ਐਕਵਾਇਰ ਕੀਤੀ ਜ਼ਮੀਨ ’ਤੇ ਕੋਈ ਪ੍ਰਾਜੈਕਟ ਜਾਂ ਕੋਈ ਇੰਡਸਟਰੀ ਲਗਾ ਕੇ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ।
ਬੀਬੀ ਭੱਟੀ ਦੇ ਸਿਆਸੀ ਸਲਾਹਕਾਰੀ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ ਨੇ ਦੱਸਿਆ ਕਿ ਇਲਾਕੇ ਦੇ ਮੋਹਤਬਰ ਵਿਅਕਤੀਆਂ ਅਤੇ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਐਕਵਾਇਰ ਕੀਤੀ ਜ਼ਮੀਨ ’ਤੇ ਕੋਈ ਪ੍ਰਾਜੈਕਟ ਜਾਂ ਇੰਡਸਟਰੀ ਲਗਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇੰਡਸਟਰੀ ਵਿਚ ਵਿਧਾਨ ਸਭਾ ਹਲਕਾ ਬੁਢਲਾਡਾ ਅਤੇ ਮਾਨਸਾ ਜ਼ਿਲੇ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਇਸ ਜ਼ਿਲੇ ਦੇ ਨੌਜਵਾਨਾਂ ਨੂੰ ਆਪਣਾ ਜ਼ਿਲਾ ਛੱਡ ਕੇ ਦੂਰ-ਦੁਰਾਡੇ ਨਾ ਜਾਣਾ ਪਵੇ।