ਮੁੱਖ ਮੰਤਰੀ ਚਿਹਰੇ ਦਾ ਐਲਾਨ ਕਾਂਗਰਸ ਹਾਈਕਮਾਨ ਲਈ ਸਾਬਤ ਹੋ ਸਕਦੀ ਹੈ ਦੋ-ਧਾਰੀ ਤਲਵਾਰ

Saturday, Feb 05, 2022 - 11:31 PM (IST)

ਮੁੱਖ ਮੰਤਰੀ ਚਿਹਰੇ ਦਾ ਐਲਾਨ ਕਾਂਗਰਸ ਹਾਈਕਮਾਨ ਲਈ ਸਾਬਤ ਹੋ ਸਕਦੀ ਹੈ ਦੋ-ਧਾਰੀ ਤਲਵਾਰ

ਜਲੰਧਰ (ਨੈਸ਼ਨਲ ਡੈਸਕ) : ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ 6 ਫਰਵਰੀ ਨੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਵਾਲੇ ਹਨ। ਕਾਂਗਰਸ ਵੱਲੋਂ ਕਰਵਾਏ ਜਾ ਰਹੇ ਸਰਵੇਖਣ ਵਿਚ ਸੂਤਰਾਂ ਦੇ ਹਵਾਲੇ ਨਾਲ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਸੀ. ਐੱਮ. ਚਰਨਜੀਤ ਸਿੰਘ ਚੰਨੀ ਰੇਸ ਵਿਚ ਅੱਗੇ ਚੱਲ ਰਹੇ ਹਨ। ਜਾਣਕਾਰਾਂ ਦੀ ਮੰਨੀਏ ਤਾਂ ਕਾਂਗਰਸ ਵੱਲੋਂ ਸੀ. ਐੱਮ. ਚਿਹਰਾ ਐਲਾਨਣਾ ਦੋ-ਧਾਰੀ ਤਲਵਾਰ ਵਾਂਗ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੀਕਰਨ ਅਜਿਹੇ ਹਨ ਕਿ ਸੀ. ਐੱਮ. ਚੰਨੀ ਦੇ ਚਿਹਰੇ ਨਾਲ ਚੋਣ ਜਿੱਤਣੀ ਇੰਨੀ ਸੌਖੀ ਵੀ ਨਹੀਂ। ਉਨ੍ਹਾਂ ਨੂੰ ਸੀ. ਐੱਮ. ਚਿਹਰਾ ਐਲਾਨਿਆ ਨਹੀਂ ਜਾਂਦਾ ਤਾਂ ਉਨ੍ਹਾਂ ਤੋਂ ਬਿਨਾਂ ਕਾਂਗਰਸ ਹਾਰ ਵੀ ਸਕਦੀ ਹੈ।  ਦੂਜਾ ਸੰਕਟ ਇਹ ਹੈ ਕਿ ਹੁਣੇ ਜਿਹੇ ਪੰਜਾਬ ਦੌਰੇ ਵੇਲੇ ਜਦੋਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਐਲਾਨ ਬਾਰੇ ਕਿਹਾ ਸੀ ਤਾਂ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਕਾਂਗਰਸ ਨੂੰ ਸੀ. ਐੱਮ. ਕੈਂਡੀਡੇਟ ਐਲਾਨਣਾ ਚਾਹੀਦਾ ਹੈ ਕਿਉਂਕਿ ਉਹ ਬਿਨਾਂ ਸ਼ਕਤੀ ਦੇ ਦਰਸ਼ਨੀ ਘੋੜਾ ਨਹੀਂ ਬਣਨਾ ਚਾਹੰਦੇ। ਦੂਜਾ ਉਹ ਇਹ ਵੀ ਕਹਿੰਦੇ ਹਨ ਕਿ ਪੰਜਾਬ ਵਿਚ ‘ਕਾਂਗਰਸ ਨੂੰ ਕਾਂਗਰਸ ਹੀ ਹਰਾ ਸਕਦੀ ਹੈ।’ ਮਤਲਬ ਸਪੱਸ਼ਟ ਹੈ ਕਿ ਮੁੱਖ ਮੰਤਰੀ ਚਿਹਰੇ ਦਾ ਐਲਾਨ ਹੁੰਦੇ ਹੀ ਕਾਂਗਰਸ ਦੇ ਸਿਆਸੀ ਸਮੀਕਰਨ ਵਿਗੜਨ ਦੀ ਪ੍ਰਬਲ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਹਾਈਕਮਾਨ ’ਤੇ ਹੀ ਬੋਲਿਆ ਹਮਲਾ

ਕਾਂਗਰਸ ਦੀਆਂ ਚੋਣ ਸੰਭਾਵਨਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ
ਮਾਨ, ਸਿੱਧੂ, ਕੈਪਟਨ ਤੇ ਸ਼੍ਰੋਅਦ ਦੇ ਸੁਖਬੀਰ ਬਾਦਲ ਸਮੇਤ ਜਾਟ ਸਿੱਖਾਂ ਦੀ ਭੀੜ ਵਿਚ ਚੰਨੀ ਇੱਕੋ-ਇਕ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨਾਲ ਪੰਜਾਬ ਦੀ 32 ਫੀਸਦੀ ਅਨੁਸੂਚਿਤ ਜਾਤੀ ਦੇ ਸਬੰਧਤ ਹੋਣ ਦੀ ਉਮੀਦ ਹੈ। ਚੰਨੀ-ਸਿੱਧੂ ਦੀ ਸੱਤਾ ਜੰਗ ਦਰਮਿਆਨ ਦਰਜਨਾਂ ਅੰਦਰੂਨੀ ਉਲਝਣਾਂ ਜੇ ਤੁਰੰਤ ਹੱਲ ਨਾ ਕੀਤੀਆਂ ਗਈਆਂ ਤਾਂ ਕਾਂਗਰਸ ਦੀਆਂ ਚੋਣ ਸੰਭਾਵਨਾਵਾਂ ਨੂੰ ਇਹ ਕਾਫੀ ਹੱਦ ਤਕ ਪ੍ਰਭਾਵਿਤ ਕਰ ਸਕਦੀਆਂ ਹਨ। ਨਵੇਂ ਲੋਕ ਫਤਵੇ ਦੀ ਮੰਗ ਕਰਨ ਵਾਲੇ ਇਸ ਦੇ ਵਿਧਾਇਕਾਂ ਖ਼ਿਲਾਫ਼ ਸੱਤਾ-ਵਿਰੋਧੀ ਲਹਿਰ ਹੈ ਅਤੇ ਜੋ ਰਹਿ ਗਏ ਹਨ, ਉਹ ਆਜ਼ਾਦ ਜਾਂ ਹੋਰ ਪਾਰਟੀਆਂ ਦੀ ਟਿਕਟ ’ਤੇ ਮੈਦਾਨ ਵਿਚ ਹਨ। ਪਾਰਟੀ ਲਈ ਅਸਲ ਸਮੇਂ ਦਾ ਅਗਾਊਂ ਅਨੁਮਾਨ ਧੁੰਦਲਾ ਨਜ਼ਰ ਆਉਂਦਾ ਹੈ। ਅਜਿਹੀ ਹਾਲਤ ’ਚ ਕਾਂਗਰਸ ਹਾਈਕਮਾਨ ਸਿੱਧੂ ਨਾਲ ਕਈ ਮਾਮਲਿਆਂ ’ਤੇ ਅਸਹਿਮਤ ਹੋ ਸਕਦੀ ਹੈ ਪਰ ਉਹ ਸਹੀ ਹਨ ਜਦੋਂ ਉਹ ਕਹਿੰਦੇ ਹਨ ਕਿ ਪੰਜਾਬ ਵਿਚ ਇਕੱਲਿਆਂ ਕਾਂਗਰਸ ਖੁਦ ਨੂੰ ਹਰਾ ਸਕਦੀ ਹੈ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਜਾ ਰਹੇ ਹੋ ਜਲੰਧਰ ਦੇ ਪਾਸਪੋਰਟ ਦਫ਼ਤਰ ਤਾਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੀ. ਐੱਮ. ਚਿਹਰੇ ਤੋਂ ਬਾਅਦ ਕੀ ਕਾਂਗਰਸ ਵਿਚ ਰਹੇਗਾ ‘ਆਲ ਇਜ਼ ਵੈੱਲ’
ਨਵਜੋਤ ਸਿੰਘ ਸਿੱਧੂ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਜਿਸ ਨੂੰ ਵੀ ਹਾਈਕਮਾਨ ਮੁੱਖ ਮੰਤਰੀ ਉਮੀਵਾਰ ਐਲਾਨੇਗੀ, ਉਨ੍ਹਾਂ ਨੂੰ ਸਵੀਕਾਰ ਹੋਵੇਗਾ। ਸੀ. ਐੱਮ. ਚਿਹਰੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਵੀ ਹਾਈਕਮਾਨ ਦਾ ਹੁਕਮ ਮੰਨਣ ਦੀ ਗੱਲ ਕਰਦੇ ਹਨ ਪਰ ਸਿੱਧੂ ਦੇ ਬਿਆਨ ਵੱਡਾ ਸਵਾਲ ਖੜ੍ਹਾ ਕਰਦੇ ਹਨ ਕਿ ਮੁੱਖ ਮੰਤਰੀ ਕੈਂਡੀਡੇਟ ਐਲਾਨੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਵਿਚ ‘ਆਲ ਇਜ਼ ਵੈੱਲ’ ਰਹੇਗਾ ਜਾਂ ਨਹੀਂ? ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨਾ ਅਸਲ ’ਚ 2017 ਦੀ ਚੋਣ ਦੀ ਨਕਲ ਹੋਵੇਗੀ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਮੁਹਿੰਮ ਦੇ ਆਖਰੀ ਪੜਾਅ ’ਚ ਸੀ. ਐੱਮ. ਕੈਂਡੀਡੇਟ ਬਣਾਇਆ ਗਿਆ ਸੀ। ਇਸ ਵਾਰ ਵੱਖ-ਵੱਖ ਕਾਰਨਾਂ ਕਰਕੇ ਕਾਰਵਾਈ ਵਿਚ ਦੇਰੀ ਹੋਈ ਹੈ। ਪਿਛਲੀਆਂ ਚੋਣਾਂ ਵਿਚ ਕੈਪਟਨ ਸਿਖਰਲੇ ਅਹੁਦੇ ਦੇ ਇਕੋ-ਇਕ ਦਾਅਵੇਦਾਰ ਸਨ, ਜਦੋਂਕਿ ਹੁਣ ਅਜਿਹਾ ਨਹੀਂ ਹੈ। ਚੰਨੀ ਨੂੰ ਪਾਰਟੀ ਦੇ ਚਿਹਰੇ ਦੇ ਰੂਪ ’ਚ ਨਾਮਜ਼ਦ ਕਰਨ ਨਾਲ ਸਿੱਧੂ ਖੇਮੇ ਨੂੰ ਝਟਕਾ ਲੱਗਣਾ ਸੁਭਾਵਕ ਹੋਵੇਗਾ, ਭਾਵੇਂ ਉਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਲਈ ਜਨਤਕ ਤੌਰ ’ਤੇ ਵਾਅਦਾ ਕੀਤਾ ਹੈ। ਸਵੀਕਾਰ ਕਰਨ ਦਾ ਵਚਨ ਦੇਣ ਵੇਲੇ ਉਨ੍ਹਾਂ ਨੇ ਦਰਸ਼ਨੀ ਘੋੜਾ ਨਾ ਬਣਨ ਦੀ ਵੀ ਚਿਤਾਵਨੀ ਗੱਲਾਂ ਹੀ ਗੱਲਾਂ ਵਿਚ ਦਿੱਤੀ ਹੈ।

ਇਹ ਵੀ ਪੜ੍ਹੋ : ਈ. ਡੀ. ਵਲੋਂ ਮੁੱਖ ਮੰਤਰੀ ਦੇ ਭਾਣਜੇ ਦੀ ਗ੍ਰਿਫ਼ਤਾਰੀ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਚੰਨੀ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨਣ ਪਿੱਛੋਂ ਕੀ ਹੋਵੇਗਾ
ਸਿੱਧੂ ਦੀ ਦ੍ਰਿੜ੍ਹਤਾ, ਟਿਕਟ ਵੰਡ ਅਤੇ ਪਾਰਟੀ ਮੈਨੀਫੈਸਟੋ ਦੇ ਨਿਰਮਾਣ ’ਚ ਉਹ ਸ਼ਾਸਨ ਲਈ ਆਪਣੇ ‘ਪੰਜਾਬ ਮਾਡਲ’ ਨੂੰ ਬਿਹਤਰ ਰੂਪ ’ਚ ਵਿਖਾਉਂਦੇ ਹਨ। ਪੰਜਾਬ ਨੂੰ ਪਹਿਲਾ ਅਨੁਸੂਚਿਤ ਮੁੱਖ ਮੰਤਰੀ ਦੇਣ ਤੋਂ ਬਾਅਦ ਹੁਣ ਚੰਨੀ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਦੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਕੀ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਇਸ ਪਾਰਟੀ ਨਾਲ ਤਾਲਮਲ ਬਿਠਾਉਣ ਲਈ ਪਰਿਪੱਕ ਹੋਣਗੇ ਜਾਂ ਨਹੀਂ? ਮਾਝਾ ’ਚ ਕਾਂਗਰਸ ਦੇ ਇਕ ਉਮੀਦਵਾਰ ਨੇ ਕਿਹਾ ਹੈ ਕਿ ਇਸ ਵੇਲੇ ਚੰਨੀ ਨੂੰ ਦਰਕਿਨਾਰ ਕਰਨਾ ਆਤਮਘਾਤੀ ਹੋਵੇਗਾ। ਉਨ੍ਹਾਂ ਦੇ ਸੀ. ਐੱਮ. ਬਣਨ ’ਤੇ ਉੱਚ ਵਰਗ ਦੇ ਵੋਟਰਾਂ ਨੂੰ ਛੱਡ ਕੇ ਜ਼ਿਆਦਾਤਰ ਵਰਗਾਂ ਨੂੰ ਖੁਸ਼ੀ ਹੋਈ ਹੈ। ਪਾਰਟੀ ਹਾਈਕਮਾਨ ਦੀ ਸੰਭਾਵਤ ਸੀ. ਐੱਮ. ਪਸੰਦ ਦਾ ਇਕ ਅਗਾਊਂ ਸੰਕੇਤਕ ਦੋ ਚੋਣ ਹਲਕਿਆਂ ਤੋਂ ਚੰਨੀ ਨੂੰ ਮੈਦਾਨ ’ਚ ਉਤਾਰਨ ਦਾ ਫੈਸਲਾ ਹੈ। ਉਨ੍ਹਾਂ ਦੀ ਰਵਾਇਤੀ ਸੀਟ ਚਮਕੌਰ ਸਾਹਿਬ ਦੁਆਬਾ ਦੀ ਹੱਦ ’ਤੇ ਹੈ ਅਤੇ ਮਾਲਵਾ ਦੀ ਭਦੌੜ ਸੀਟ ’ਤੇ ਉਹ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੇ ਗੜ੍ਹ ’ਚ ਚੁਨੌਤੀ ਦੇਣ ਵਾਲੇ ਹਨ। ਇਸ ਤੋਂ ਉਲਟ ਸਿੱਧੂ ਅੰਮ੍ਰਿਤਸਰ (ਪੂਰਬੀ) ਨਾਲ ਬੱਝ ਗਏ ਹਨ, ਜਿੱਥੇ ਉਨ੍ਹਾਂ ਨੂੰ ਸ਼੍ਰੋਅਦ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸਖ਼ਤ ਚੁਨੌਤੀ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੋਣ ਕਮਿਸ਼ਨ ਵਲੋਂ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਜਾਰੀ

ਸਿੱਧੂ ਨੂੰ ਕਿਵੇਂ ਹੋ ਸਕਦਾ ਹੈ ਨੁਕਸਾਨ ਤੇ ਫਾਇਦਾ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਆਪਣੀ ਪਤਨੀ ਗਨੀਵ ਕੌਰ ਦੇ ਪੱਖ ’ਚ ਆਪਣੀ ਮਜੀਠਾ ਸੀਟ ਛੱਡਣ ਦੀ ਸਿੱਧੂ ਦੀ ਚੁਨੌਤੀ ਸਵੀਕਾਰ ਕਰ ਲਈ ਤਾਂ ਜੋ ਕਾਂਗਰਸੀ ਨੇਤਾ ਦੇ ਗੜ੍ਹ ’ਚ ਸਿੱਧਾ ਸਾਹਮਣਾ ਹੋ ਸਕੇ। ਅੰਮ੍ਰਿਤਸਰ ਦੇ ਇਕ ਕਾਂਗਰਸੀ ਨੇਤਾ ਨੇ ਕਿਹਾ ਕਿ ਜੇ ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਬਣਾਇਆ ਜਾਂਦਾ ਤਾਂ ਉਨ੍ਹਾਂ ਦੇ ਕੁਝ ਫਰੰਟਲਾਈਨ ਸਮਰਥਕ ਮਜੀਠੀਆ ਪ੍ਰਤੀ ਵਫਾਦਾਰ ਹੋ ਸਕਦੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਮਾਈਨਿੰਗ ’ਚ ਗੜਬੜ ਦੇ ਦੋਸ਼ ’ਚ ਇਕ ਰਿਸ਼ਤੇਦਾਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਪਿੱਛੋਂ ਚੰਨੀ ਦੀ ਜਨਤਕ ਪ੍ਰੋਫਾਈਲ ਵਿਚ ਕਮੀ ਆਈ ਹੈ, ਜਦੋਂਕਿ ਇਸ ਤੋਂ ਉਲਟ ਸਿੱਧੂ ਦੀ ਚਮਕ ਘੱਟ ਨਹੀਂ ਹੋਈ। ਨਿੱਜੀ ਈਮਾਨਦਾਰੀ ਦੇ ਮਾਮਲੇ ’ਚ ਉਹ ‘ਆਪ’ ਦੇ ਭਗਵੰਤ ਮਾਨ ਖ਼ਿਲਾਫ਼ ਇਕ ਚੰਗਾ ਮੁੱਖ ਮੰਤਰੀ ਚਿਹਰਾ ਸਾਬਤ ਹੋ ਸਕਦੇ ਹਨ, ਜਦੋਂਕਿ ਸਿਆਸਤ ਦੇ ਹੋਰ ਵੀ ਕਈ ਪਹਿਲੂ ਹਨ, ਜਿਨ੍ਹਾਂ ਵਿਚ ਸਮਾਜਿਕ ਪਛਾਣ ਸਭ ਤੋਂ ਅਹਿਮ ਹੈ।

ਇਹ ਵੀ ਪੜ੍ਹੋ : ਤੇਜ਼ ਤਰਾਰ ਕੁੜੀਆਂ ਨੇ ਉਂਗਲਾਂ ’ਤੇ ਨਚਾ ਕੇ ਠੱਗੇ ਕਈ ਵਿਦੇਸ਼ ਜਾਣ ਦੇ ‘ਦੀਵਾਨੇ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News