ਮੁੱਖ ਮੰਤਰੀ ਪ੍ਰਾਈਵੇਟ ਹਸਪਤਾਲਾਂ ’ਚ ਫਿਕਸ ਕਰਨ ਕੋਰੋਨਾ ਇਲਾਜ ਦੇ ਚਾਰਜਿਜ਼ : ਸੁਖਬੀਰ ਬਾਦਲ
Friday, May 07, 2021 - 12:10 AM (IST)
ਲੁਧਿਆਣਾ/ਚੰਡੀਗੜ੍ਹ,(ਅਸ਼ਵਨੀ)- ਇਸ ਦੌਰਾਨ ਇਕ ਵੀਡੀਓ ਸੰਦੇਸ਼ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਸੈਂਕੜੇ ਆਕਸੀਜਨ ਕਾਨਸੈਂਟ੍ਰੇਟਰ ਦਰਾਮਦ ਕਰ ਰਹੀ ਹੈ ਤਾਂ ਜੋ ਇਸ ਸੰਕਟ ਦੀ ਘੜੀ ’ਚ ਪੰਜਾਬੀਆਂ ਦੀ ਜਾਨ ਬਚਾਈ ਜਾ ਸਕੇ।
ਉਨ੍ਹਾਂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੀ ਜਾਨ ਬਚਾਉਣ ਲਈ ਯਤਨ ਤੇਜ਼ ਕਰਨ ਅਤੇ 5000 ਆਕਸੀਜਨ ਕਾਨਸੈਂਟ੍ਰੇਟਰਾਂ ਦੇ ਨਾਲ-ਨਾਲ 50 ਲੱਖ ਵੈਕਸੀਨਾਂ ਦਾ ਪ੍ਰਬੰਧ ਸੂਬੇ ਦੇ ਲੋਕਾਂ ਵਾਸਤੇ ਕਰਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਅਣਗਿਣਤ ਫੋਨ ਆ ਰਹੇ ਹਨ ਕਿ ਪ੍ਰਾਈਵੇਟ ਹਸਪਤਾਲ ਢਾਈ ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਮੈਡੀਕਲ ਸਹੂਲਤ ਲਈ ਚਾਰਜਿਜ਼ ਫਿਕਸ ਕਰ ਦੇਣੇ ਚਾਹੀਦੇ ਹਨ ਅਤੇ ਨਾਲ ਹੀ ਸਰਕਾਰੀ ਫੰਡਾਂ ਦੀ ਵਰਤੋਂ ਕਰ ਕੇ ਇਲਾਜ ਦਾ ਖਰਚ ਸਸਤਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕੋਵਿਡ ਐਮਰਜੈਂਸੀ ਦੌਰਾਨ ਜਾਨ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।