ਸੁਖਬੀਰ ਬਾਦਲ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਨੂੰ ਠੱਗਣ ਵਾਸਤੇ ਬੋਲਿਆ ਸਸਤੀ ਬਿਜਲੀ ਦਾ ਝੂਠ

Thursday, Nov 18, 2021 - 03:07 PM (IST)

ਸੁਖਬੀਰ ਬਾਦਲ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਨੂੰ ਠੱਗਣ ਵਾਸਤੇ ਬੋਲਿਆ ਸਸਤੀ ਬਿਜਲੀ ਦਾ ਝੂਠ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਇਕ ਰੈਲੀ ਦੌਰਾਨ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਵੱਡੇ ਹਮਲੇ ਕੀਤੇ। ਇਸ ਦੌਰਾਨ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਠੱਗਣ ਵਾਸਤੇ ਸਸਤੀ ਬਿਜਲੀ ਦੇਣ ਦਾ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਹੁਕਮ ’ਚ ਸਾਫ ਲਿਖਿਆ ਹੈ ਕਿ 3 ਰੁਪਏ ਸਸਤੀ ਬਿਜਲੀ 31 ਮਾਰਚ 2022 ਤਕ ਹੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ਵਿਚ ਇਸ ਸ਼ਰਤ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ। ਪੰਜਾਬ ਦੀ ਜਨਤਾ ਨੂੰ ਠੱਗਣ ਵਾਲੀ ਸੋਚ ਨਾਲ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਇਸ ਦਾ ਕੀ ਹਸ਼ਰ ਹੋਵੇਗਾ ਆਉਣ ਵਾਲੀਆਂ ਚੋਣਾਂ ’ਚ ਪਤਾ ਲੱਗ ਜਾਵੇਗਾ। ਇਸ ਦੌਰਾਨ ਉਨ੍ਹਾਂ ਪੱਤਰਕਾਰ ਦੇ ਨਸ਼ੇ ਤੇ ਬੇਅਦਬੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਕਿਸੇ ਵੀ ਡਰੱਗ ਵੇਚਣ ਵਾਲੇ ਬੰਦੇ ਨੂੰ ਫੜਨ ਤੋਂ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਹੋ ਗਏ, ਤੁਸੀਂ ਇਕ ਬੰਦਾ ਵੀ ਦੱਸ ਦਿਓ, ਜਿਹੜਾ ਇਨ੍ਹਾਂ ਨੇ ਨਸ਼ੇ ਦੇ ਮਾਮਲੇ ’ਚ ਫੜਿਆ ਹੋਵੇ । ਇਹ ਝੂਠ ਦਾ ਪੁਲੰਦਾ ਹੈ।

ਇਹ ਵੀ ਪੜ੍ਹੋ  : ਹਰਸਿਮਰਤ ਬਾਦਲ ਦੇ ਚੋਣਾਂ ਲੜਨ ਬਾਰੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਨਵਜੋਤ ਸਿੱਧੂ 'ਤੇ ਕੱਸਿਆ ਤੰਜ

ਬੇਅਦਬੀ ਮਾਮਲੇ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਇਹ ਮੇਰੇ ’ਤੇ ਝੂਠਾ ਕੇਸ ਬਣਾਉਣ ਲੱਗੇ ਸੀ। ਝੂਠੇ ਕੇਸ ’ਚ ਫਸਾਉਣ ਦੇ ਮਾਮਲੇ ‘ਚ 120 ਬੀ ’ਚ ਮੁੱਖ ਮੰਤਰੀ ਚੰਨੀ, ਸੁਖਜਿੰਦਰ ਰੰਧਾਵਾ ਤੇ ਡੀ. ਜੀ. ਪੀ. ਫਸਣਗੇ। ਮੈਂ ਕਹਿੰਦਾ ਹਾਂ ਕਿ ਪਰੂਫ ਲਿਆਓ। ਸਾਢੇ ਚਾਰ ਸਾਲ ਲੋਕਾਂ ਦੇ ਮਨਾਂ ’ਚ ਜੋ ਇਨ੍ਹਾਂ ਦੇ ਪਾਪ ਹਨ, ਇਹ ਹੁਣ ਉਨ੍ਹਾਂ ਨੂੰ ਲੁਕਾਉਣ ’ਚ ਲੱਗੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕੱਲੀ ਅਜਿਹੀ ਪਾਰਟੀ ਹੈ, ਜੋ ਆਪ ਫ਼ੈਸਲੇ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੈ। ਸਾਡਾ ਕੋਈ ਹਾਈਕਮਾਨ ਨਹੀਂ ਸਗੋਂ ਅਸੀਂ ਖੁਦ ਫ਼ੈਸਲਾ ਲੈਂਦੇ ਹਾਂ, ਕਾਂਗਰਸ ਵਾਂਗ ਸਾਨੂੰ ਦਿੱਲੀ ਨਹੀਂ ਜਾਣਾ ਪੈਂਦਾ। ਇਸ ਦੌਰਾਨ ਰਾਜਾ ਵੜਿੰਗ ਵੱਲੋਂ ਉਨ੍ਹਾਂ 35 ਬੱਸਾਂ ’ਤੇ ਕੀਤੀ ਕਾਰਵਾਈ ਸਬੰਧੀ ਕਿਹਾ ਕਿ ਸਾਡਾ ਇਕ ਰੁਪਿਆ ਵੀ ਟੈਕਸ ਦਾ ਨਹੀਂ ਹੈ, ਜਦਕਿ ਪੰਜਾਬ ਸਰਕਾਰ ਦਾ 280 ਕਰੋੜ ਰੁਪਿਆ ਬਕਾਇਆ ਪਿਆ ਹੈ। ਉਨ੍ਹਾਂ ਕਿਹਾ ਕਿ ਧੱਕਾ ਜਿੰਨਾ ਕਰਨਾ, ਕਰ ਲਓ ਡੇਢ ਮਹੀਨੇ ਬਾਅਦ ਕੀ ਕਰੋਗੇ। ਉਨ੍ਹਾਂ ਕਿਹਾ ਕਿ ਹੁਣ ਜਿਹੜਾ ਮੰਤਰੀ ਹੈ, ਡੇਢ ਮਹੀਨੇ ਬਾਅਦ ਸੰਤਰੀ ਹੋ ਜਾਵੇਗਾ। ਬਾਦਲ ਨੇ ਕਿਹਾ ਕਿ ਕਿੱਕੀ ਢਿੱਲੋਂ ਤੇ ਅਵਤਾਰ ਹੈਨਰੀ ਦੀਆਂ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਦੀ ਇਕ ਵੀ ਬੱਸ ਬੰਦ ਨਹੀਂ ਕੀਤੀ। ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਕਿਸਾਨ ਜਥੇਬੰਦੀਆਂ ’ਤੇ ਸਵਾਲ ਚੁੱਕੇ ਕੇ ਕਿਹਾ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਡੀ. ਏ. ਪੀ. ਖ਼ਾਦ ਦਾ ਮੁੱਦਾ ਕਿਉਂ ਨਹੀਂ ਚੁੱਕਿਆ ਕਿਉਂਕਿ ਪੰਜਾਬ 'ਚ ਡੀ. ਏ. ਪੀ. ਖਾਦ ਦਾ ਸੰਕਟ ਹੈ।

 

 


author

Manoj

Content Editor

Related News