ਵਿਧਾਇਕਾਂ ਨਾਲ ਮੀਟਿੰਗ ਕਰਨਾ ਫਿਰ ਭੁੱਲੇ ਕੈਪਟਨ

Friday, Aug 04, 2017 - 01:10 PM (IST)

ਵਿਧਾਇਕਾਂ ਨਾਲ ਮੀਟਿੰਗ ਕਰਨਾ ਫਿਰ ਭੁੱਲੇ ਕੈਪਟਨ

ਜਲੰਧਰ (ਰਵਿੰਦਰ ਸ਼ਰਮਾ) — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਪਰੇਸ਼ਾਨ ਚਲ ਰਹੇ ਵਿਧਾਇਕਾਂ ਦੇ ਅਕਾਲੀ ਦਲ ਦੇ ਸੰਪਰਕ 'ਚ ਜਾਣ ਤੋਂ ਬਾਅਦ ਗਹਿਰੀ ਨੀਂਦ ਤੋਂ ਜਾਗੇ ਮੁੱਖ ਮੰਤਰੀ ਨੇ ਸਾਰੀਆਂ ਪਾਰਟੀ ਵਿਧਾਇਕਾਂ ਦੇ ਨਾਲ ਹਫਤੇ 'ਚ ਇਕ ਵਾਰ ਮਿਲਣ ਦੇ ਹੁਕਮ ਜਾਰੀ ਕੀਤੇ ਸਨ ਪਰ ਇਨ੍ਹਾਂ ਹੁਕਮਾਂ 'ਤੇ ਕੋਈ ਅਮਲ ਨਹੀਂ ਹੋ ਪਾ ਰਿਹਾ, ਜਿਸ ਕਾਰਨ ਇਕ ਵਾਰ ਫਿਰ ਤੋਂ ਪਾਰਟੀ ਵਿਧਾਇਕਾਂ 'ਚ ਕੈਪਟਨ ਦੇ ਪ੍ਰਤੀ ਨਾਰਾਜ਼ਗੀ ਵੱਧਣ ਲੱਗੀ ਹੈ। ਕਈ ਵਿਧਾਇਕ ਤਾਂ ਹੁਣ ਖੁੱਲ੍ਹੇਆਮ ਮੁੱਖ ਮੰਤਰੀ ਦਫਤਰ ਦੀਆਂ ਗਤੀਵਿਧੀਆਂ ਦੇ ਵਿਰੋਧ 'ਚ ਬੋਲਣ ਲੱਗੇ ਹਨ।
24 ਜੁਲਾਈ ਦੇ ਅੰਕ 'ਚ ਜਗ ਬਾਣੀ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ ਕਾਂਗਰਸੀ ਵਿਧਾਇਕਾਂ ਦੇ ਅਕਾਲੀ ਦਲ ਦੇ ਸੰਪਰਕ 'ਚ ਹੋਣ ਸੰਬੰਧੀ ਖਬਰ ਛਾਪੀ ਸੀ। ਇਹ ਖਬਰ ਛਪਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰਕਤ 'ਚ ਆ ਗਏ ਸਨ ਤੇ ਉਸੇ ਦਿਨ ਮੁੱਖ ਮੰਤਰੀ ਦਫਤਰ ਤੋਂ ਹੁਕਮ ਜਾਰੀ ਕੀਤੇ ਸਨ ਕਿ ਹਰੇਕ ਬੁੱਧਵਾਰ ਮੁੱਖ ਮੰਤਰੀ ਚੰਡੀਗੜ੍ਹ ਮੁੱਖ ਦਫਤਰ 'ਚ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਦੀ ਹਰ ਗੱਲ ਸੁਣਨਗੇ ਤਾਂ ਜੋ ਵਿਧਾਇਕਾਂ ਦੇ ਹਰ ਗਿਲੇ-ਛਿਕਵੇ ਨੂੰ ਦੂਰ ਕੀਤਾ ਜਾ ਸਕੇ ਪਰ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਰਾਜਮਾਤਾ ਮਹਿੰਦਰ ਕੌਰ ਦਾ ਦਿਹਾਂਤ ਹੋ ਗਿਆ ਸੀ, ਜਿਸ ਕਾਰਨ 26 ਜੁਲਾਈ ਨੂੰ ਆਉਣ ਵਾਲੇ ਬੁੱਧਵਾਰ ਨੂੰ ਵਿਧਾਇਕਾਂ ਦੇ ਨਾਲ ਹੋਣ ਵਾਲੀ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਸੀ। ਐਤਵਾਰ ਨੂੰ ਰਾਜਮਾਤਾ ਮਹਿੰਦਰ ਕੌਰ ਦੀ ਰਸਮ ਕਿਰਿਆ ਤੋਂ ਬਾਅਦ ਲੱਗਣ ਲੱਗਾ ਸੀ ਕਿ ਮੁੱਖ ਮੰਤਰੀ ਵਲੋਂ ਬੁੱਧਵਾਰ ਨੂੰ ਸਾਰੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ, ਜਿਸ ਕਾਰਨ ਵਿਧਾਇਕਾਂ 'ਚ ਕੀਤੇ ਨਾ ਕੀਤੇ ਨਿਰਾਸ਼ਾ ਬਣੀ ਹੋਈ ਹੈ।


Related News