ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸਾਰੀ ਕਿਰਤੀਆਂ ਦੀਆਂ ਕਈ ਯੋਜਨਾਵਾਂ ਨੂੰ ਮਿਲੀ ਮਨਜ਼ੂਰੀ
Thursday, Nov 23, 2017 - 12:38 PM (IST)
ਚੰਡੀਗੜ (ਬਿਊਰੋ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਰਤ ਵਿਭਾਗ ਨੂੰ ਵੱਧ ਤੋਂ ਵੱਧ ਉਸਾਰੀ ਵਰਕਰਾਂ ਨੂੰ ਰਜਿਸਟਰ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਹੈ, ਤਾਂ ਜੋ ਉਹ ਸੂਬਾ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਮੁੱਖ ਮੰਤਰੀ ਨੇ ਬੁੱਧਵਾਰ ਸ਼ਾਮ ਨੂੰ ਮੁੱਖ ਮੰਤਰੀ ਦਫਤਰ ਵਿਖੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈੱਲਫੇਅਰ ਬੋਰਡ ਦੀ 25ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ. ਸੀ./ਬੀ. ਸੀ. ਸ਼੍ਰੇਣੀਆਂ ਨਾਲ ਸਬੰਧਤ ਰਜਿਸਟਰਡ ਨਿਰਮਾਣ ਕਿਰਤੀਆਂ ਲਈ 1.5 ਲੱਖ ਰੁਪਏ ਦੀ ਵਾਧੂ ਰਕਮ ਦੀ ਅਦਾਇਗੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ''ਪੰਜਾਬ ਸ਼ਹਿਰੀ ਆਵਾਸ ਯੋਜਨਾ 2017'' ਦੇ ਹੇਠ 3 ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਆਮਦਨ ਵਾਲਿਆਂ ਲਈ ਹੈ। ਬੋਰਡ ਹੇਠ ਤਿੰਨ ਸਾਲ ਦੀ ਮੈਂਬਰਸ਼ਿਪ ਵਾਲੇ ਇਸ ਸਕੀਮ ਦੇ ਅਧੀਨ ਯੋਗ ਹੋਣਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਪਹਿਲਾਂ ਹੀ 1.50 ਲੱਖ ਰੁਪਏ ਪ੍ਰਤੀ ਲਾਭਪਾਤਰੀ ਮੁਹੱਈਆ ਕਰਵਾਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ (ਈ. ਡਬਲਯੂ. ਐੱਸ.) ਵਰਗ ਦੇ ਨਿਰਮਾਣ ਵਰਕਰਾਂ ਦੁਆਰਾ ਲਏ ਗਏ ਕਰਜ਼ੇ 'ਤੇ 6.5 ਫੀਸਦੀ ਤੱਕ ਵਿਆਜ ਸਬਸਿਡੀ ਦੇਣ ਲਈ ਬੋਰਡ ਨੂੰ ਸਹਿਮਤੀ ਦਿੱਤੀ। ਇਹ ਉਸ ਨੂੰ ਮਿਲੇਗੀ ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇਗੀ। ਮੁੱਖ ਮੰਤਰੀ ਨੇ ਬੋਰਡ ਦੇ ਇਸ ਪ੍ਰਸਤਾਵ ਨਾਲ ਵੀ ਸਹਿਮਤੀ ਜਤਾਈ ਹੈ ਕਿ ਜੇਕਰ ਉਸਾਰੀ ਕਿਰਤੀਆਂ ਨੂੰ ਪੀ. ਜੀ. ਆਈ. ਜਾਂ ਕਿਸੇ ਹੋਰ ਸਰਕਾਰੀ ਹਸਪਤਾਲ ਤੋਂ ਇਲਾਜ ਮਿਲਦਾ ਹੈ ਤਾਂ ਉਨ੍ਹਾਂ ਨੂੰ ਮੁੜ ਭੁਗਤਾਨ ਲਈ ਸਿਵਲ ਸਰਜਨ ਦਫਤਰ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤਰ੍ਹਾਂ ਕਿਸੇ ਵੀ ਪ੍ਰਕਿਰਿਆ ਸਬੰਧੀ ਦੇਰੀ ਨੂੰ ਰੋਕਣ ਲਈ ਬੋਰਡ ਦੁਆਰਾ ਅਦਾਇਗੀ ਦਾ ਭੁਗਤਾਨ ਸਿੱਧੇ ਤੌਰ 'ਤੇ ਕੀਤਾ ਜਾਵੇਗਾ।