CM ਭਗਵੰਤ ਮਾਨ ਪੰਜਾਬ ਕੈਬਨਿਟ ਵਿਸਤਾਰ ਨੂੰ ਲੰਬੇ ਸਮੇਂ ਤਕ ਲਟਕਾਉਣ ਦੇ ਪੱਖ ’ਚ ਨਹੀਂ
Thursday, Apr 07, 2022 - 12:39 PM (IST)
ਜਲੰਧਰ (ਧਵਨ)– ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕੈਬਨਿਟ ’ਚ ਵਿਸਤਾਰ ਨੂੰ ਲੰਬੇ ਸਮੇਂ ਤਕ ਲਟਕਾਉਣ ਦੇ ਪੱਖ ਵਿਚ ਨਹੀਂ। ਪੰਜਾਬ ਵਿਚ ਅਜੇ 7 ਮੰਤਰੀਆਂ ਦੇ ਅਹੁਦੇ ਭਰੇ ਜਾਣੇ ਬਾਕੀ ਹਨ। ਪਹਿਲੇ ਪੜਾਅ ਵਿਚ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ ਸੀ। ਉਸ ਤੋਂ ਬਾਅਦ ਪੰਜਾਬ ਕੈਬਨਿਟ ਵਿਚ 10 ਮੰਤਰੀਆਂ ਨੂੰ ਰਾਜ ਭਵਨ ਚੰਡੀਗੜ੍ਹ ਵਿਚ ਸਹੁੰ ਦਿਵਾਈ ਗਈ ਸੀ। ਪੰਜਾਬ ’ਚ ਕਾਨੂੰਨੀ ਤੌਰ ’ਤੇ ਮੁੱਖ ਮੰਤਰੀ ਸਮੇਤ ਕੁੱਲ ਮੰਤਰੀਆਂ ਦੀ ਗਿਣਤੀ 18 ਤੋਂ ਵਧਾਈ ਨਹੀਂ ਜਾ ਸਕਦੀ। ਇਸ ਲਈ ਮੁੱਖ ਮੰਤਰੀ ਸਮੇਤ ਇਸ ਸਮੇਂ ਪੰਜਾਬ ਕੈਬਨਿਟ ਵਿਚ ਕੁੱਲ 11 ਮੈਂਬਰ ਸ਼ਾਮਲ ਹਨ। ਇਸ ਹਿਸਾਬ ਨਾਲ 7 ਮੰਤਰੀਆਂ ਨੂੰ ਹੋਰ ਸਹੁੰ ਚੁਕਾਈ ਜਾਣੀ ਬਾਕੀ ਹੈ।
ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਪੰਜਾਬ ਕੈਬਨਿਟ ਵਿਚ ਵਿਸਤਾਰ ਦਾ ਸਮਾਂ ਅੰਤਿਮ ਤੌਰ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੈਅ ਕੀਤਾ ਜਾਵੇਗਾ। ਇਸ ਵਿਚ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਵੀ ਆਪਣੀ ਸਿਫਾਰਿਸ਼ ਕੀਤੀ ਜਾਵੇਗੀ। ਪੰਜਾਬ ਵਿਚ ਕੈਬਨਿਟ ਵਿਸਤਾਰ ਦੇ ਸਮੇਂ ਦੋਆਬਾ ਅਤੇ ਮਾਝਾ ਨੂੰ ਵੀ ਜ਼ਿਆਦਾ ਤਰਜਮਾਨੀ ਦਿੱਤੇ ਜਾਣ ਦੀ ਉਮੀਦ ਹੈ। ਅਜੇ ਵੀ ਆਮ ਆਦਮੀ ਪਾਰਟੀ ਲਈ ਪਿਛਲੇ 5 ਸਾਲਾਂ ’ਚ ਲਗਾਤਾਰ ਕੰਮ ਕਰਨ ਵਾਲੇ ਵਿਧਾਇਕ ਅਮਨ ਅਰੋੜਾ, ਵਿਧਾਇਕਾ ਸਰਬਜੀਤ ਕੌਰ ਮਾਲੂਕੇ ਅਤੇ ਕਈ ਹੋਰ ਸੀਨੀਅਰ ਮੈਂਬਰਾਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾਣਾ ਬਾਕੀ ਹੈ। ਦੋਆਬਾ ਤੋਂ ਜੇਕਰ ਕਿਸੇ ਵਿਧਾਇਕ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹੋ ਸਕਦਾ ਹੈ। ਕੈਬਨਿਟ ਵਿਸਤਾਰ ਤੋਂ ਬਾਅਦ ਹੀ ਸੂਬਾ ਸਰਕਾਰ ਵਿਚ ਖ਼ਾਲੀ ਪਏ ਬੋਰਡਾਂ ਤੇ ਕਾਰਪੋਰੇਸ਼ਨਾਂ ਨੂੰ ਭਰਨ ਦਾ ਕੰਮ ਸ਼ੁਰੂ ਹੋਵੇਗਾ। ਸੂਬਾ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਆਏ ਸਨ।
ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ’ਚ ਹੋਇਆ ਵਾਧਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ