ਮੁੱਖ ਮੰਤਰੀ ਅਮਰਿੰਦਰ ਦੀ ਇੰਗਲੈਂਡ ਤੋਂ ਅੱਜ ਹੋਵੇਗੀ ਦੇਸ਼ ਵਾਪਸੀ

Saturday, Sep 16, 2017 - 06:54 AM (IST)

ਜਲੰਧਰ  (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਨੀਵਾਰ ਨੂੰ ਇੰਗਲੈਂਡ ਤੋਂ ਦੇਸ਼ ਵਾਪਸੀ ਹੋ ਰਹੀ ਹੈ। ਉਹ ਇੰਗਲੈਂਡ ਦੇ ਨਿੱਜੀ ਦੌਰੇ 'ਤੇ ਗਏ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਵਾਪਸੀ ਨਾਲ ਕਾਂਗਰਸ ਦੀਆਂ ਸਿਆਸੀ ਸਰਗਰਮੀਆਂ 'ਚ ਹੋਰ ਤੇਜ਼ੀ ਆ ਜਾਵੇਗੀ। ਕੇਂਦਰੀ ਚੋਣ ਕਮਿਸ਼ਨ ਪਹਿਲਾਂ ਹੀ ਗੁਰਦਾਸਪੁਰ ਸੰਸਦੀ ਸੀਟ ਦੀਆਂ ਉਪ ਚੋਣਾਂ ਦਾ ਐਲਾਨ ਕਰ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਤ ਦੇਸ਼ ਵਾਪਸੀ ਲਈ ਫਲਾਈਟ ਫੜੀ। ਕੈਪਟਨ ਨੇ ਦੇਸ਼ ਰਵਾਨਾ ਹੋਣ ਤੋਂ ਪਹਿਲਾਂ ਅਪ੍ਰਵਾਸੀਆਂ ਨਾਲ ਬੈਠਕ ਵੀ ਕੀਤੀ। ਅਪ੍ਰਵਾਸੀ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਵਿਦਾ ਕੀਤਾ। ਕੈਪਟਨ ਦੇ ਕੁਝ ਸਹਿਯੋਗੀ 18 ਨੂੰ ਵਾਪਸ ਪਰਤਣਗੇ। ਦੱਸਿਆ ਜਾਂਦਾ ਹੈ ਕਿ ਕੈਪਟਨ ਦਿੱਲੀ ਪਹੁੰਚਣ ਤੋਂ ਬਾਅਦ ਸੰਭਵ ਤੌਰ 'ਤੇ ਉਥੇ ਰੁਕ ਸਕਦੇ ਹਨ ਕਿਉਂਕਿ ਕਾਂਗਰਸ ਨੇ ਆਪਣੇ ਉਮੀਦਵਾਰ ਬਾਰੇ ਅਜੇ ਫੈਸਲਾ ਲੈਣਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੰਡਨ 'ਚ ਜਿਥੇ ਅਪ੍ਰਵਾਸੀਆਂ ਨਾਲ ਬੈਠਕਾਂ ਕੀਤੀਆਂ, ਉਥੇ ਦੂਜੇ ਪਾਸੇ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਲਾਂਚ ਕੀਤੀਆਂ ਅਤੇ ਨਾਲ ਹੀ ਅਪ੍ਰਵਾਸੀਆਂ ਦੇ ਬੱਚਿਆਂ ਨੂੰ ਪੰਜਾਬ ਨਾਲ ਜੁੜਨ ਦੇ ਪ੍ਰੋਗਰਾਮ ਨੂੰ ਵੀ ਲਾਂਚ ਕੀਤਾ। ਪੰਜਾਬ ਦੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਗੁਰਦਾਸਪੁਰ ਉਪ ਚੋਣਾਂ ਲਈ ਚੋਣ ਬਿਗੁਲ ਵਜ ਚੁੱਕਾ ਹੈ। ਕੈਪਟਨ ਦੀ ਸਵਦੇਸ਼ ਵਾਪਸੀ ਹੁੰਦੇ ਹੀ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਦੋਵਾਂ ਦੀ ਬੈਠਕ 'ਚ ਗੁਰਦਾਸਪੁਰ ਉਪ ਚੋਣਾਂ ਨੂੰ ਲੈ ਕੇ ਚਰਚਾ ਹੋਣੀ ਹੈ। ਕਈ ਸੀਨੀਅਰ ਕਾਂਗਰਸੀ ਨੇਤਾ ਵੀ ਦਿੱਲੀ ਪਹੁੰਚੇ ਹੋਏ ਹਨ। ਕਾਂਗਰਸੀ ਹਲਕਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਆਉਂਦੇ ਹੀ ਕਾਂਗਰਸੀ ਲੀਡਰਸ਼ਿਪ ਨਾਲ ਸੰਪਰਕ ਬਣਾਉਣਗੇ, ਜਿਸ 'ਚ ਉਹ ਆਪਣੀ ਵਿਦੇਸ਼ ਯਾਤਰਾ ਦੇ ਨਾਲ-ਨਾਲ ਉਨ੍ਹਾਂ ਨੂੰ ਉਪ ਚੋਣਾਂ ਬਾਰੇ ਜਾਣਕਾਰੀ ਦੇਣਗੇ। ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਫਿਲਹਾਲ ਅਮਰੀਕਾ 'ਚ ਹਨ।
ਉਨ੍ਹਾਂ ਦੇ 22 ਸਤੰਬਰ ਤਕ ਦੇਸ਼ ਪਰਤਣ ਦੇ ਆਸਾਰ ਹਨ। ਇਸ ਲਈ ਗੁਰਦਾਸਪੁਰ ਉਪ ਚੋਣਾਂ 'ਚ ਉਮੀਦਵਾਰ ਬਾਰੇ ਕੈਪਟਨ ਅਮਰਿੰਦਰ ਸਿੰਘ ਵਲੋਂ ਫੋਨ 'ਤੇ ਹੀ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੇ ਜਾਣ ਦੇ ਆਸਾਰ ਹਨ। ਕੈਪਟਨ ਸੋਮਵਾਰ ਨੂੰ ਚੰਡੀਗੜ੍ਹ 'ਚ ਮੌਜੂਦ ਹੋਣਗੇ। ਇਸ ਨਾਲ ਸਰਕਾਰੀ ਤੰਤਰ ਦੇ ਅੰਦਰ ਵੀ ਤੇਜ਼ੀ ਆ ਜਾਵੇਗੀ ਅਤੇ ਨਾਲ ਹੀ ਕਾਂਗਰਸੀ ਮੰਤਰੀਆਂ ਦੀਆਂ ਸਰਗਰਮੀਆਂ ਵੀ ਚੰਡੀਗੜ੍ਹ 'ਚ ਵਧ ਜਾਣਗੀਆਂ।


Related News