ਚੀਫ਼ ਸੈਕਟਰੀ ਵਿਵਾਦ 'ਚ ਆਇਆ ਨਵਾਂ ਮੋੜ, ਮੁੱਖ ਮੰਤਰੀ ਅਮਰਿੰਦਰ ਸਿੰਘ ਦੀ 'ਲੰਚ ਡਿਪਲੋਮੈਸੀ' ਫਲਾਪ

Thursday, May 21, 2020 - 01:51 PM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਚੀਫ਼ ਸੈਕਟਰੀ ਵਿਵਾਦ ਨੂੰ ਲੈ ਕੇ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰ 'ਚ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਲਈ ਰੱਖੇ ਭੋਜ 'ਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸਿਰਫ਼ 3 ਵਿਧਾਇਕ ਹੀ ਸ਼ਾਮਲ ਹੋਏ ਸਨ। ਬਾਅਦ 'ਚ ਮੰਤਰੀ ਅਤੇ ਵਿਧਾਇਕਾਂ ਨੇ ਮੀਡੀਆ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਲੋਕਤੰਤਰ 'ਚ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਵਿਧਾਇਕਾਂ ਦੀ ਨਾਰਾਜ਼ਗੀ ਬਰਕਰਾਰ ਹੈ ਕਿਉਂਕਿ ਚੀਫ਼ ਸੈਕਟਰੀ ਨੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਜੋ ਵਿਵਹਾਰ ਕੀਤਾ ਹੈ, ਉਹ ਬਰਦਾਸ਼ਤ ਯੋਗ ਨਹੀਂ ਹੈ। ਉਸ 'ਤੇ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ। ਇਸ ਲਈ ਮੁੱਖ ਮੰਤਰੀ ਨੂੰ ਛੇਤੀ ਤੋਂ ਛੇਤੀ ਠੋਸ ਕਾਰਵਾਈ ਕਰਨੀ ਹੋਵੇਗੀ। ਮੀਟਿੰਗ 'ਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਮੰਤਰੀ ਸੁਖਜਿੰਦਰ ਰੰਧਾਵਾ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਰਾਜਾ ਵੜਿੰਗ ਮੌਜੂਦ ਸਨ। ਮੰਤਰੀ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਮਾਮਲੇ ਦਾ ਨਿਪਟਾਰਾ ਕਰਨਗੇ। ਮੁੱਖ ਮੰਤਰੀ ਨਾਲ ਮੀਟਿੰਗ 'ਚ ਗ਼ੈਰਕਾਨੂੰਨੀ ਸ਼ਰਾਬ 'ਚ ਸ਼ਾਮਲ ਨੇਤਾਵਾਂ ਅਤੇ ਅਧਿਕਾਰੀਆਂ ਦਾ ਮਾਮਲਾ ਵੀ ਉਠਿਆ। ਰੰਧਾਵਾ ਨੇ ਚਿੱਟੇ ਦੇ ਕਾਰੋਬਾਰ 'ਤੇ ਐਕਸ਼ਨ 'ਚ ਦੇਰੀ 'ਤੇ ਵੀ ਸਵਾਲ ਚੁੱਕੇ।

ਇਹ ਵੀ ਪੜ੍ਹੋ : ਮੰਤਰੀਆਂ ਤੇ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਨ ਲਈ ਕੈਪਟਨ ਨੇ ਖੇਡੀ 'ਲੰਚ ਡਿਪਲੋਮੈਸੀ'

ਰਾਜਾ ਵੜਿੰਗ਼ ਨੇ ਸਰਕਾਰੀ ਮਾਲੀਏ 'ਚ ਘਾਟੇ ਦੀ ਗੱਲ ਕੀਤੀ
ਉਥੇ ਹੀ, ਵਿਧਾਇਕ ਰਾਜਾ ਵੜਿੰਗ਼ ਨੇ ਇਕ ਵਾਰ ਫੇਰ ਸ਼ਰਾਬ ਤੋਂ ਪ੍ਰਾਪਤ ਸਰਕਾਰੀ ਮਾਲੀਏ 'ਚ ਘਾਟੇ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਸਰਕਾਰੀ ਕਾਰੋਬਾਰ 'ਚ ਕਿਤੇ ਨਾ ਕਿਤੇ ਤਾਂ ਲੀਕੇਜ ਰਹੀ ਹੈ ਜਿਸ ਕਾਰਣ ਨੁਕਸਾਨ ਹੁੰਦਾ ਰਿਹਾ। ਉਥੇ ਹੀ, ਵਿਧਾਇਕ ਪਰਗਟ ਸਿੰਘ ਨੇ ਸ਼ਰਾਬ ਕਾਰੋਬਾਰ 'ਤੇ ਸਰਕਾਰੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਰਾਜਾਂ 'ਚ ਕਾਰਪੋਰੇਸ਼ਨ ਰਾਹੀਂ ਸਰਕਾਰ ਨੂੰ ਚੰਗੀ ਕਮਾਈ ਹੋ ਰਹੀ ਹੈ।

ਨਾਰਾਜ਼ ਵਿਧਾਇਕਾਂ ਦੀ ਕਮਾਨ ਰੰਧਾਵਾ ਹੱਥ
ਇਸ ਘਟਨਾਚੱਕਰ 'ਚ ਰੰਧਾਵਾ ਨਾਰਾਜ਼ ਵਿਧਾਇਕਾਂ ਦੀ ਕਮਾਨ ਸੰਭਾਲੇ ਹੋਏ ਦਿਖਾਈ ਦਿੱਤੇ। ਮੀਡੀਆ ਨਾਲ ਮੁਖਾਤਿਬ ਵਿਧਾਇਕ ਰਾਜਾ ਵੜਿੰਗ ਨੇ ਵੀ ਇਸ ਗੱਲ ਦਾ ਇਸ਼ਾਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਰੰਧਾਵਾ ਦੇ ਬੁਲਾਵੇ 'ਤੇ ਹੀ ਮੁੱਖ ਮੰਤਰੀ ਨਾਲ ਮਿਲਣ ਗਏ ਸਨ। ਵੜਿੰਗ ਨੇ ਦੱਸਿਆ ਕਿ ਸਵੇਰੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਬਰਿੰਦਰ ਸਿੰਘ ਪਾਹੜਾ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਉਨ੍ਹਾਂ ਦੇ ਘਰ ਹੀ ਮੌਜੂਦ ਸਨ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦਾ ਫਿਰ ਤੋਂ ਸਰਕਾਰ 'ਤੇ ਹਮਲਾ, 3 ਸਾਲਾਂ 'ਚ 2700 ਕਰੋੜ ਦਾ ਹੋਇਆ ਨੁਕਸਾਨ

ਵਿਧਾਇਕ ਕੁਲਬੀਰ ਜ਼ੀਰਾ ਦੇ ਘਰ ਦੁਪਹਿਰ ਤੱਕ ਚੱਲੀ ਬੈਠਕ
ਮੁੱਖ ਮੰਤਰੀ ਨਿਵਾਸ 'ਤੇ ਦੁਪਹਿਰ ਭੋਜ ਤੋਂ ਅਲੱਗ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਚੰਡੀਗੜ੍ਹ ਸਥਿਤ ਘਰ 'ਤੇ ਵੀ ਕੁੱਝ ਨਾਰਾਜ਼ ਵਿਧਾਇਕਾਂ ਦੀਆਂ ਬੈਠਕਾਂ ਦਾ ਦੌਰ ਚਲਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਬੈਠਕ 'ਚ ਵਿਧਾਇਕ ਬਰਿੰਦਰ ਸਿੰਘ ਪਾਹੜਾ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਵੀ ਕੁੱਝ ਵਿਧਾਇਕ ਸਨ। ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਜਦੋਂ ਮੰਤਰੀ ਰੰਧਾਵਾ, ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਰਾਜਾ ਵੜਿੰਗ ਮੀਡੀਆ ਨੂੰ ਮੁਖਾਤਿਬ ਹੋ ਕੇ ਸਿੱਧੇ ਵਿਧਾਇਕ ਜ਼ੀਰਾ ਨੂੰ ਮਿਲੇ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤੱਕ ਨਾਰਾਜ਼ ਵਿਧਾਇਕਾਂ ਦੀਆਂ ਬੈਠਕਾਂ ਦਾ ਦੌਰ ਜਾਰੀ ਰਿਹਾ।

ਵਿੱਤ ਮੰਤਰੀ ਮਨਪ੍ਰੀਤ 'ਤੇ ਸਭ ਦੀਆਂ ਨਜ਼ਰਾਂ
ਹੁਣ ਸਭ ਦੀਆਂ ਨਜ਼ਰਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਟਿਕੀਆਂ ਹੋਈਆਂ ਹਨ। ਅਜਿਹਾ ਇਸ ਲਈ ਹੈ ਕਿ ਨਾਰਾਜ਼ ਵਿਧਾਇਕਾਂ ਨੇ ਸ਼ਰਾਬ ਦੀ ਆਮਦਨੀ 'ਚ ਘਾਟੇ ਦਾ ਸਵਾਲ ਚੁੱਕਦਿਆਂ ਨਿਰਪੱਖ ਜਾਂਚ ਦੀ ਗੱਲ ਕਹੀ ਸੀ। ਇਸ ਤੋਂ ਠੀਕ ਬਾਅਦ ਆਬਕਾਰੀ ਵਿਭਾਗ ਨੇ ਐਲਾਨ ਕੀਤਾ ਕਿ 2019-20 ਦੀ ਆਬਕਾਰੀ ਨੀਤੀ ਦੇ ਅਧੀਨ ਕਰਫਿਊ ਨੂੰ ਛੱਡ ਕੇ ਸਰਕਾਰ ਨੂੰ ਸ਼ਰਾਬ ਕਾਰੋਬਾਰ 'ਚ ਕੋਈ ਆਰਥਿਕ ਨੁਕਸਾਨ ਨਹੀਂ ਹੋਇਆ ਹੈ। ਨਤੀਜਾ, ਹੁਣ ਪੂਰਾ ਮਾਮਲਾ ਇਸ ਗੱਲ 'ਤੇ ਟਿਕਿਆ ਹੈ ਕਿ ਮਾਲੀਆ ਨੁਕਸਾਨ ਹੋਇਆ ਜਾਂ ਨਹੀਂ। ਬੁੱਧਵਾਰ ਨੂੰ ਵੀ ਵੜਿੰਗ਼ ਅਤੇ ਰੰਧਾਵਾ ਨੇ ਵਿੱਤ ਮੰਤਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਸਥਿਤੀਆਂ ਸਪੱਸ਼ਟ ਹੋ ਜਾਣਗੀਆਂ। ਮੰਗਲਵਾਰ ਨੂੰ ਵੜਿੰਗ਼ ਨੇ ਵੀ ਟਵੀਟ ਰਾਹੀਂ ਵਿੱਤ ਮੰਤਰੀ ਮਨਪ੍ਰੀਤ ਨੂੰ ਰੈਵੇਨਿਊ ਦੀ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਕੀਤੀ ਸੀ।


Anuradha

Content Editor

Related News