ਮੁੱਖ ਮੰਤਰੀ ਦੇ ਨਕੋਦਰ ਦੌਰੇ ਨੂੰ ਲੈ ਕੇ ਪੁਲਸ ਨੇ ਚਲਾਈ ਚੈਕਿੰਗ ਮੁਹਿੰਮ

03/14/2018 6:04:15 AM

ਕਪੂਰਥਲਾ, (ਭੂਸ਼ਣ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੁੱਧਵਾਰ ਨੂੰ ਨਕੋਦਰ ਦੌਰੇ ਨੂੰ ਲੈ ਕੇ ਜਿਥੇ ਦੋਆਬਾ ਖੇਤਰ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।  ਉਥੇ ਹੀ ਮੁੱਖ ਮੰਤਰੀ  ਦੇ ਆਗਮਨ ਨੂੰ ਲੈ ਕੇ ਨਕੋਦਰ  ਦੇ ਵੱਲ ਜਾਣ ਵਾਲੇ ਸਾਰੇ ਮਾਰਗਾਂ 'ਤੇ ਬੀਤੀ ਰਾਤ ਨਾਈਟ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਤਹਿਤ ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਗੱਡੀਆਂ ਦੀ ਤਲਾਸ਼ੀ ਲਈ ਗਈ, ਉਥੇ ਹੀ ਗੱਡੀਆਂ ਵਿਚ ਸਵਾਰ ਲੋਕਾਂ ਦੇ ਨਾਂ ਅਤੇ ਪਤੇ ਨੋਟ ਕੀਤੇ ਗਏ।  
ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਬੀਤੀ ਰਾਤ ਚੱਲੀ ਚੈਕਿੰਗ ਦੇ ਦੌਰਾਨ ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਟੀਮ ਜਿਸ ਵਿਚ ਐੱਸ. ਐੱਚ. ਓ. ਸਿਟੀ ਇੰਸ. ਗੱਬਰ ਸਿੰਘ, ਐੱਸ. ਐੱਚ. ਓ. ਸਦਰ ਪਰਮਿੰਦਰ ਸਿੰਘ, ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਸ਼ਾਮਲ ਸਨ, ਨੇ ਨਕੋਦਰ ਵੱਲ ਜਾਣ ਵਾਲੇ ਮਾਰਗਾਂ 'ਤੇ ਬੈਰਿੰਗ ਗੇਟਸ ਲਾ ਕੇ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਈ। ਜਿਸ ਦੇ ਦੌਰਾਨ ਦੂਜੇ ਸ਼ਹਿਰਾਂ ਤੋਂ ਆਉਣ ਅਤੇ ਜਾਣ-ਵਾਲੇ ਵਾਹਨਾਂ ਦੀ ਤਲਾਸ਼ੀ ਲਈ ਗਈ ਅਤੇ ਪੈਦਲ ਚਲਣ ਵਾਲੇ ਕਈ ਲੋਕਾਂ ਤੋਂ ਪੁੱਛਗਿਛ ਕੀਤੀ ਗਈ। ਇਸ ਚੈਕਿੰਗ ਮੁਹਿੰਮ ਦੌਰਾਨ ਕਪੂਰਥਲਾ ਪੁਲਸ ਨੇ ਕਰੀਬ 200 ਗੱਡੀਆਂ ਦੀ ਤਲਾਸ਼ੀ ਲਈ । ਪੁਲਸ ਦੀ ਇਹ ਚੈਕਿੰਗ ਮੁਹਿੰਮ ਕਈ ਘੰਟੇ ਤਕ ਚੱਲਦੀ ਰਹੀ। 
ਹਾਦਸਿਆਂ ਨੂੰ ਰੋਕਣ ਲਈ ਟਰੈਫਿਕ ਪੁਲਸ ਨੇ ਵਾਹਨਾਂ ਦੀਆਂ ਲਾਈਟਾਂ 'ਤੇ ਸਟਿੱਕਰ ਲਾਏ 
ਕਪੂਰਥਲਾ, (ਭੂਸ਼ਣ)-ਟਰੈਫਿਕ ਪੁਲਸ ਕਪੂਰਥਲਾ ਦੀ ਟੀਮ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਇਕ ਮੁਹਿੰਮ ਚਲਾਉਂਦੇ ਹੋਏ ਵੱਡੀ ਗਿਣਤੀ ਵਿਚ 4 ਪਹੀਆ ਅਤੇ 2 ਪਹੀਆ ਵਾਹਨਾਂ ਦੀਆਂ ਲਾਈਟਾਂ 'ਤੇ ਕਾਲੇ ਰੰਗ ਦੇ ਸਟਿੱਕਰ ਲਾਏ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਚੱਲੀ ਇਸ ਮੁਹਿੰਮ ਦੇ ਦੌਰਾਨ ਸੈਂਕੜਿਆਂ ਵਾਹਨਾਂ 'ਤੇ ਸਟਿੱਕਰ ਲਾਏ ਗਏ। ਜਾਣਕਾਰੀ ਦੇ ਅਨੁਸਾਰ ਰਾਤ ਦੇ ਸਮੇਂ ਵਿਚ ਸੜਕਾਂ 'ਤੇ ਚਲਣ ਵਾਲੇ 4 ਪਹੀਆ ਅਤੇ 2 ਪਹੀਆ ਵਾਹਨਾਂ ਤੋਂ ਤੇਜ਼ ਲਾਈਟ ਨਿਕਲਣ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਵੇਖਦੇ ਹੋਏ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਟਰੈਫਿਕ ਪੁਲਸ ਕਪੂਰਥਲਾ ਨੇ ਡੀ. ਸੀ. ਚੌਕ, ਮਾਲ ਰੋਡ, ਜਲੰਧਰ ਮਾਰਗ ਅਤੇ ਨਕੋਦਰ ਮਾਰਗ 'ਤੇ ਮੁਹਿੰਮ ਚਲਾਉਂਦੇ ਹੋਏ ਵੱਡੀ ਗਿਣਤੀ 'ਚ ਵਾਹਨਾਂ ਦੀਆਂ ਲਾਈਟਾਂ 'ਤੇ ਕਾਲੇ ਸਟਿੱਕਰ ਲਾਏ ਗਏ। 


Related News