ਚੀਫ ਖਾਲਸਾ ਦੀਵਾਨ ਚੋਣਾਂ : ਦਿੱਲੀ ਦੇ ਮੈਂਬਰ ਵੀ ਨਿਰਮਲ ਸਿੰਘ ਦੀ ਹਮਾਇਤ ''ਚ ਉਤਰੇ

Friday, Nov 23, 2018 - 10:33 AM (IST)

ਚੀਫ ਖਾਲਸਾ ਦੀਵਾਨ ਚੋਣਾਂ : ਦਿੱਲੀ ਦੇ ਮੈਂਬਰ ਵੀ ਨਿਰਮਲ ਸਿੰਘ ਦੀ ਹਮਾਇਤ ''ਚ ਉਤਰੇ

ਅੰਮ੍ਰਿਤਸਰ (ਛੀਨਾ) : ਚੀਫ ਖਾਲਸਾ ਦੀਵਾਨ ਨਾਲ ਸਬੰਧਤ ਦਿੱਲੀ ਦੇ ਵੱਡੀ ਗਿਣਤੀ 'ਚ ਮੈਂਬਰਾਂ ਨੇ 2 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ ਤੇ ਉਸ ਦੇ ਟੀਮ ਮੈਂਬਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਤੇ ਆਨਰੇਰੀ ਸਕੱਤਰ ਦੇ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਲੀ ਦੇ ਪੰਜਾਬੀ ਬਾਗ ਵਿਖੇ ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਿਕਰਮ ਸਿੰਘ ਰੋਹਨੀ ਦੀ ਅਗਵਾਈ 'ਚ ਦਿੱਲੀ ਸਥਿਤ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨਾਲ ਚੋਣ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਤੇ ਸਵਿੰਦਰ ਸਿੰਘ ਕੱਥੂਨੰਗਲ ਦੀ ਮੌਜੂਦਗੀ 'ਚ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਦੀਵਾਨ ਨੂੰ ਆਪਣੇ ਮੂਲ ਸਰੋਕਾਰਾਂ ਅਨੁਸਾਰ ਸਿੱਖੀ ਅਤੇ ਸਿੱਖਿਆ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਦੇ ਵਾਅਦੇ ਕੀਤੇ ਤੇ ਚਰਨਜੀਤ ਸਿੰਘ ਚੱਢਾ ਦੇ ਕਾਲ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਹਰ ਹਾਲ 'ਚ ਬੰਦ ਕਰਨ ਦਾ ਵਚਨ ਦਿੱਤਾ। ਉਨ੍ਹਾਂ ਦੀਵਾਨ ਦੇ ਪ੍ਰਬੰਧਕੀ ਕਾਰਜਾਂ 'ਚ ਪਾਰਦਰਸ਼ਤਾ ਲਿਆਉਣ ਦਾ ਵਚਨ ਦਿੱਤਾ।

ਇਸ ਮੌਕੇ ਦਿੱਲੀ ਨਾਲ ਸਬੰਧਤ ਦੀਵਾਨ ਦੇ ਮੈਂਬਰਾਂ ਮੱਖਣ ਸਿੰਘ ਦਿੱਲੀ, ਬਰਜਿੰਦਰ ਸਿੰਘ ਸਾਹਨੀ, ਇੰਦਰ ਸਿੰਘ ਆਨੰਦ, ਦੌਲਤ ਰੰਧਾਵਾ ਅਣਖੀ, ਰਣਬੀਰ ਸਿੰਘ, ਬੀਬੀ ਦਲਜੀਤ ਕੌਰ, ਦਿਲਜੋਤ ਸਿੰਘ, ਗੁਰਦੀਪ ਸਿੰਘ, ਗੁਰਮੀਤ ਕੌਰ ਮਹਿਣੀ, ਨੀਲੂ ਸਿੰਘ ਮੈਂਬਰ ਤੇ ਜਨਰਲ ਸਕੱਤਰ ਗੁਰੂ ਨਾਨਕ ਪਬਲਿਕ ਸਕੂਲ ਸੀ. ਪਾਲ ਨੇ ਨਿਰਮਲ ਸਿੰਘ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ। ਦਿੱਲੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਚੀਫ ਖਾਲਸਾ ਦੀਵਾਨ ਨੂੰ ਬੁਲੰਦੀਆਂ 'ਤੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡੂੰਘੀ ਸੋਚ-ਵਿਚਾਰ ਕਰਦਿਆਂ ਦੀਵਾਨ ਦੀਆਂ ਚੋਣਾਂ 'ਚ ਖੜ੍ਹੇ ਸਾਰੇ ਉਮੀਦਵਾਰਾਂ ਦੀ ਸ਼ਖਸੀਅਤ ਨੂੰ ਪੜਚੋਲਿਆ ਤੇ ਅੰਤ ਸਰਬਸੰਮਤੀ ਨਾਲ ਇਹ ਪ੍ਰਵਾਨ ਕੀਤਾ ਗਿਆ ਕਿ ਚੀਫ ਖਾਲਸਾ ਦੀਵਾਨ ਦੀ ਚੜ੍ਹਦੀ ਕਲਾ ਲਈ ਉਹ ਨਿਰਮਲ ਸਿੰਘ ਦੀ ਟੀਮ ਨੂੰ ਸਪੋਰਟ ਕਰਨਗੇ ਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਉਕਤ ਫੈਸਲੇ ਲਈ ਨਿਰਮਲ ਸਿੰਘ ਨੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰਾ 'ਤੇ ਮੋਹਰ ਲਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਦੀਵਾਨ ਦੀ ਚੰਡੀਗੜ੍ਹ ਲੋਕਲ ਯੂਨਿਟ ਦੇ ਪ੍ਰਧਾਨ ਪ੍ਰੀਤਮ ਸਿੰਘ ਤੇ ਆਨਰੇਰੀ ਸਕੱਤਰ ਡਾ. ਗੁਰਮੀਤ ਸਿੰਘ ਨੇ ਵੀ ਚੰਡੀਗੜ੍ਹ ਯੂਨਿਟ ਵੱਲੋਂ ਨਿਰਮਲ ਸਿੰਘ ਤੇ ਸਾਥੀਆਂ ਦਾ ਸਾਥ ਦੇਣ ਦੇ ਫੈਸਲੇ ਤੋਂ ਜਾਣੂ ਕਰਵਾਇਆ।


author

Baljeet Kaur

Content Editor

Related News