FIR ਦਰਜ ਹੁੰਦਿਆਂ ਹੀ ਕਾਰੋਬਾਰੀ ਚੇਤੰਨਿਆ ਅੱਗਰਵਾਲ ਫ਼ਰਾਰ

Wednesday, Dec 20, 2023 - 11:00 AM (IST)

FIR ਦਰਜ ਹੁੰਦਿਆਂ ਹੀ ਕਾਰੋਬਾਰੀ ਚੇਤੰਨਿਆ ਅੱਗਰਵਾਲ ਫ਼ਰਾਰ

ਚੰਡੀਗੜ੍ਹ (ਸੁਸ਼ੀਲ ਰਾਜ) : ਰੀਅਲ ਅਸਟੇਟ ’ਚ ਪੈਸਾ ਲਾਉਣ ਦੇ ਨਾਂ ’ਤੇ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਕਾਰੋਬਾਰੀ ਚੇਤੰਨਿਆ ਅੱਗਰਵਾਲ ਐੱਫ. ਆਈ. ਆਰ. ਦਰਜ ਹੁੰਦਿਆਂ ਹੀ ਫ਼ਰਾਰ ਹੋ ਗਿਆ। ਮੰਗਲਵਾਰ ਸੈਕਟਰ-26 ਥਾਣੇ ਦੀ ਪੁਲਸ ਮਨੀਮਾਜਰਾ ਐੱਨ. ਏ. ਸੀ. ਕੋਠੀ ਵਿਚ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਪੁਲਸ ਨੂੰ ਕੋਠੀ ’ਤੇ ਨਿੱਜੀ ਸੁਰੱਖਿਆ ਗਾਰਡ ਮਿਲੇ। ਉਨ੍ਹਾਂ ਨੇ ਚੇਤੰਨਿਆ ਅੱਗਰਵਾਲ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਹੁਣ ਚੰਡੀਗੜ੍ਹ ਪੁਲਸ ਲਈ ਚੇਤੰਨਿਆ ਅੱਗਰਵਾਲ ਨੂੰ ਗ੍ਰਿਫ਼ਤਾਰ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਪਹਿਲਾਂ ਵੀ ਪੁਲਸ ਉਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ ਸੀ। ਚੰਡੀਗੜ੍ਹ ਪੁਲਸ ਨੂੰ ਚੇਤੰਨਿਆ ਦੀ ਮੋਬਾਇਲ ਲੋਕੇਸ਼ਨ ਮਨੀਮਾਜਰਾ ਦੀ ਵੀ ਲੱਭੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਮਨੀਮਾਜਰਾ ਥਾਣੇ ਦੀ ਪੁਲਸ ਨੇ ਚੇਤੰਨਿਆ ਅੱਗਰਵਾਲ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਉਸ ਦੇ ਘਰ 2 ਪੁਲਸ ਮੁਲਾਜ਼ਮ ਤਾਇਨਾਤ ਸਨ। ਮਨੀਮਾਜਰਾ ਥਾਣੇ ਦੀ ਪੁਲਸ ਨੇ 14 ਦਸੰਬਰ ਨੂੰ ਚੇਤੰਨਿਆ ਅੱਗਰਵਾਲ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਉਸੇ ਦਿਨ ਉਹ ਸੈਕਟਰ-26 ਥਾਣੇ ਵਿਚ ਜਾ ਕੇ ਜਾਂਚ ਵਿਚ ਸ਼ਾਮਲ ਹੋ ਗਿਆ। 16 ਦਸੰਬਰ ਨੂੰ ਸੈਕਟਰ-26 ਥਾਣੇ ਦੀ ਪੁਲਸ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ’ਤੇ ਚੇਤੰਨਿਆ ਅੱਗਰਵਾਲ ਖ਼ਿਲਾਫ਼ ਧੋਖਾਦੇਹੀ ਅਤੇ ਵਿਸ਼ਵਾਸਘਾਤ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। 16 ਦਸੰਬਰ ਦੀ ਸਵੇਰ ਚੇਤੰਨਿਆ ਅੱਗਰਵਾਲ ਪੁਲਸ ਮੁਲਾਜ਼ਮਾਂ ਨੂੰ ਆਪਣੀ ਧੀ ਕੋਲ ਜਾਣ ਲਈ ਕਹਿ ਕੇ ਨਿਕਲਿਆ ਸੀ।
ਚੰਡੀਗੜ੍ਹ ਪੁਲਸ ਨੇ ਸੁਰੱਖਿਆ ਵਾਪਸ ਲਈ
ਚੰਡੀਗੜ੍ਹ ਪੁਲਸ ਦੇ ਦੋ ਪੁਲਸ ਮੁਲਾਜ਼ਮ 16 ਦਸੰਬਰ ਤਕ ਚੇਤੰਨਿਆ ਅੱਗਰਵਾਲ ਦੇ ਘਰ ਤਾਇਨਾਤ ਸਨ। ਚੇਤੰਨਿਆ ਅੱਗਰਵਾਲ ਸ਼ਾਮ ਤੱਕ ਵਾਪਸ ਨਹੀਂ ਆਇਆ। ਅਗਲੇ ਦਿਨ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਵਾਪਸ ਲੈ ਲਈ।
ਜ਼ਮਾਨਤ ਪਟੀਸ਼ਨ ਦਾਇਰ, ਅੱਜ ਹੋਵੇਗੀ ਸੁਣਵਾਈ
8 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ ’ਚ ਭਗੌੜੇ ਕਾਰੋਬਾਰੀ ਚੇਤੰਨਿਆ ਅੱਗਰਵਾਲ ਨੇ ਮੰਗਲਵਾਰ ਜ਼ਿਲ੍ਹਾ ਅਦਾਲਤ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਪ੍ਰਦੁਮਨ ਗਰਗ ਵਲੋਂ ਦਾਇਰ ਜ਼ਮਾਨਤ ਪਟੀਸ਼ਨ ਵਿਚ ਚੇਤੰਨਿਆ ਅੱਗਰਵਾਲ ਬੇਕਸੂਰ ਹੈ। ਪੁਲਸ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਹੈ। ਚੇਤੰਨਿਆ ਅੱਗਰਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਬੁੱਧਵਾਰ ਸੁਣਵਾਈ ਹੋਵੇਗੀ।
 


author

Babita

Content Editor

Related News