ਇੱਕ ਵਾਰ ਦਾਨ ਕੀਤਾ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ : ਚੇਤਨ ਸਿੰਘ ਜੌੜਾਮਾਜਰਾ

12/05/2022 5:18:16 PM

ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਹ ਕੈਂਪ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ ਕਾਊਂਸਿਲ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ 'ਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪੰਜਾਬ ਭਰ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਖੂਨ ਹਮੇਸ਼ਾ ਮੰਜੂਰਸ਼ੁਦਾ ਬਲੱਡ ਸੈਂਟਰਾਂ ਤੋਂ ਹੀ ਲਿਆ ਜਾਵੇ ਕਿਉਂਕਿ ਇਨ੍ਹਾਂ ਸੈਂਟਰਾਂ 'ਚ  ਕਈ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਰਿਪੋਰਟ ਸਹੀ ਆਉਣ ਉਪਰੰਤ ਹੀ ਕਿਸੇ ਵਿਅਕਤੀ ਨੂੰ ਖੂਨ ਚੜ੍ਹਾਇਆ ਜਾਂਦਾ ਹੈ।

ਪੰਜਾਬ 'ਚ  161 ਮਨਜ਼ੂਰਸ਼ੁਦਾ ਬਲੱਡ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 46 ਸਰਕਾਰੀ, 7 ਮਿਲਟਰੀ ਅਤੇ 108 ਪ੍ਰਾਈਵੇਟ ਬਲੱਡ ਸੈਂਟਰ ਹਨ। ਚੇਤਨ ਸਿੰਘ ਜੌੜਾਮਾਜਰਾ ਨੇ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਵੈ-ਇਛੁੱਕ ਖੂਨਦਾਨ ਕੈਂਪਾਂ ਰਾਹੀਂ ਕਈ ਲੋਕਾਂ ਦੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇੱਕ ਦਾਨ ਕੀਤਾ ਹੋਇਆ ਖੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ। ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਕਿਹਾ ਕਿ ਉਨ੍ਹਾਂ ਦੀ ਯੂਨਿਅਨ ਏਡਜ਼ ਗ੍ਰਸਤ ਲੋਕਾਂ ਦੇ ਇਲਾਜ 'ਚ ਸਹਾਇਤਾ ਕਰਨ ਦੇ ਨਾਲ-ਨਾਲ ਖੂਨ ਦਾਨ ਜਿਹੇ ਸਮਾਜ ਭਲਾਈ ਦੇ ਕੰਮ ਵੀ ਕਰਦੀ ਹੈ।

ਇਸ ਮੌਕੇ 'ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਪ੍ਰਾਜੈਕਟ ਡਾਇਰੈਕਟਰ ਨੀਲਿਮਾ, ਡਾਇਰੈਕਟਰ ਹੈਲਥ ਸਰਵਿਸਸ ਡਾ. ਰਣਜੀਤ ਸਿੰਘ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਡਾਇਰੈਕਟਰ ਡਾ. ਐੱਸ. ਪੀ. ਸਿੰਘ, ਸਿਵਲ ਸਰਜਨ ਮੋਹਾਲੀ ਡਾ. ਆਦਰਸ਼ਪਾਲ ਕੌਰ, ਅਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਨ੍ਹਾਂ ਤੋਂ ਇਲਾਵਾ ਜਨਰਲ ਸਕੱਤਰ ਗੁਰਜੰਟ ਸਿੰਘ , ਮੁੱਖ ਸਲਾਹਕਾਰ ਮਹਿੰਦਰਪਾਲ ਸਿੰਘ, ਵਿੱਤ ਸਕੱਤਰ ਕਵਲਜੀਤ ਸਿੰਘ, ਮਨੀਸ਼ ਯਾਦਵ, ਮੀਡੀਆ ਸਕੱਤਰ ਮਨੀਸ਼ ਕੁਮਾਰ, ਕੋਰ ਕਮੇਟੀ ਮੈਬਰ ਆਸ਼ੂ ਗਰਗ ਜੀ, ਸੁਰਿੰਦਰ ਸਿੰਘ ਤੇ ਹੋਰ ਸਟਾਫ਼ ਮੌਜੂਦ ਸੀ।


Babita

Content Editor

Related News