ਡਰੱਗ ਵਿਭਾਗ ਤੇ ਪੁਲਸ ਦੀ ਛਾਪੇਮਾਰੀ ਤੋਂ ਕੈਮਿਸਟ ਭਡ਼ਕੇ
Saturday, Jun 16, 2018 - 05:34 AM (IST)

ਅੰਮ੍ਰਿਤਸਰ, (ਦਲਜੀਤ)- ਡਰੱਗ ਵਿਭਾਗ ਵੱਲੋਂ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ’ਚ ਪੁਲਸ ਨੂੰ ਲੈ ਕੇ ਕੀਤੀ ਗਈ ਛਾਪੇਮਾਰੀ ਦਾ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸਖਤ ਵਿਰੋਧ ਕੀਤਾ ਹੈ। ਐਸੋਸੀਏਸ਼ਨ ਨੇ ਵਿਭਾਗ ਦੀ ਇਸ ਛਾਪੇਮਾਰੀ ਦਾ ਗੰਭੀਰ ਨੋਟਿਸ ਲੈਂਦਿਅਾਂ 17 ਜੂਨ ਨੂੰ ਅੰਮ੍ਰਿਤਸਰ ਵਿਖੇ ਸੂਬੇ ਭਰ ਦੇ ਕੈਮਿਸਟਾਂ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ। ਐਸੋਸੀਏਸ਼ਨ ਨੇ ਨਾਲ ਹੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਵਿਭਾਗ ਦੇ ਅਧਿਕਾਰੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਲਈ ਹਡ਼ਤਾਲ ਕਰ ਦਿੱਤੀ ਜਾਵੇਗੀ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਡਰੱਗ ਵਿਭਾਗ ਵੱਲੋਂ ਪਟਿਆਲਾ, ਮਾਨਸਾ, ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲਿਆਂ ’ਚ ਅੱਜ ਪੁਲਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕੀਤੀ ਗਈ। ਉਕਤ ਟੀਮ ਅਧਿਕਾਰੀਆਂ ਵੱਲੋਂ ਪਹਿਲਾਂ ਸਟੋਰਾਂ ’ਤੇ ਕਿਸੇ ਆਪਣੇ ਵਿਅਕਤੀ ਨੂੰ ਭੇਜ ਕੇ ਬਿਨਾਂ ਪਰਚੀ ਤੋਂ ਦਵਾਈ ਮੰਗਵਾਈ ਜਾਂਦੀ ਹੈ ਅਤੇ ਬਾਅਦ ਵਿਚ ਉਨ੍ਹਾਂ ’ਤੇ ਰੇਡ ਕਰ ਕੇ ਬੇਇੱਜ਼ਤ ਕੀਤਾ ਜਾਂਦਾ ਹੈ। ਦੁੱਗਲ ਨੇ ਕਿਹਾ ਕਿ ਪੰਜਾਬ ਦੇ ਕੈਮਿਸਟ ਨਾ ਤਾਂ ਚੋਰ ਹਨ ਤੇ ਨਾ ਹੀ ਚੋਰਾਂ ਦੇ ਭਾਈਵਾਲ। ਡਰੱਗ ਵਿਭਾਗ ਦੇ ਅਧਿਕਾਰੀ ਪੁਲਸ ਫੋਰਸ ਨੂੰ ਨਾਲ ਲੈ ਕੇ ਕੈਮਿਸਟਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਿਅਾਂ ਬੇਇੱਜ਼ਤ ਕਰ ਰਹੇ ਹਨ। ਐਸੋਸੀਏਸ਼ਨ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਸਾਰੇ ਪੰਜਾਬ ਦੇ ਅਹੁਦੇਦਾਰਾਂ ਨੂੰ ਐਤਵਾਰ ਨੂੰ ਹੰਗਾਮੀ ਮੀਟਿੰਗ ਲਈ ਸੱਦ ਲਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਆਪਣੀਆਂ ਮਾਡ਼ੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਦੀ ਹਡ਼ਤਾਲ ਕਰ ਦਿੱਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਸਿਰਫ ਡਰੱਗ ਵਿਭਾਗ ਦੀ ਹੋਵੇਗੀ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਸ਼ਰਮਾ, ਮਨਜੀਤ ਸੂਦ, ਸੰਜੀਵ ਚੌਧਰੀ, ਯੁਵਰਾਜ ਕੁਮਾਰ, ਹਰਵਿੰਦਰ ਸਿੰਘ ਆਦਿ ਮੌਜੂਦ ਸਨ।