ਕੈਮਿਸਟਾਂ ਦੀ ਹੜਤਾਲ ਕਾਰਨ 25 ਕਰੋਡ਼ ਦੇ ਕਾਰੋਬਾਰ ਦਾ ਨੁਕਸਾਨ
Tuesday, Jul 31, 2018 - 04:23 AM (IST)

ਲੁਧਿਆਣਾ(ਸਹਿਗਲ)-ਕੈਮਿਸਟਾਂ ਦੇ ਕਾਰੋਬਾਰ ’ਚ ਪੁਲਸ ਤੇ ਪ੍ਰਸ਼ਾਸਨ ਦੇ ਦਖਲ ਨੂੰ ਲੈ ਕੇ ਅੱਜ ਪੰਜਾਬ ’ਚ ਹੋਲਸੇਲ ਤੇ ਰਿਟੇਲ ਕੈਮਿਸਟਾਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜੀ. ਐੱਸ. ਚਾਵਲਾ ਨੇ ਕਿਹਾ ਕਿ ਰਾਜ ਦੇ 22 ਜ਼ਿਲਿਆਂ ’ਚ ਦਵਾਈਅਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੁਲਸ ਤੇ ਪ੍ਰਸ਼ਾਸਨ ਦਾ ਦਖਲ ਕੈਮਿਸਟਾਂ ਦੇ ਕਾਰੋਬਾਰ ਵਿਚ ਰਿਹਾ ਤਾਂ ਉਹ ਸਰਕਾਰ ਨੂੰ ਨੋਟਿਸ ਦਿੱਤੇ ਬਿਨਾਂ ਅਣਮਿਥੇ ਸਮੇਂ ਲਈ ਬੰਦ ਕਰ ਦੇਣਗੇ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅੱਜ ਦੀ ਹਡ਼ਤਾਲ ਕਾਰਨ 100 ਕਰੋਡ਼ ਦਾ ਨੁਕਸਾਨ ਹੋਇਆ ਹੈ। ਲੁਧਿਆਣਾ ’ਚ ਇਹ ਨੁਕਸਾਨ 20 ਤੋਂ 25 ਕਰੋਡ਼ ਰੁਪਏ ਦੱਸਿਆ ਜਾ ਰਿਹਾ ਹੈ। ਹਡ਼ਤਾਲ ਨਾਲ 1.5 ਕਰੋਡ਼ ਰੁਪਏ ਦੇ ਜੀ. ਐੱਸ. ਟੀ. ਦਾ ਨੁਕਸਾਨ ਹੋਇਆ ਹੈ। ®ਇਸ ਮਹਾਬੰਦ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਸ ਨਸ਼ਾ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਫਡ਼ੇ ਤੇ ਆਨ-ਲਾਈਨ ਫਾਰਮੇਸੀਆਂ ਨੂੰ ਬੰਦ ਕਰਵਾਏ, ਜਿੱਥੋੋਂ ਆਨ-ਲਾਈਨ ਆਰਡਰ ਕਰ ਕੇ ਹਰ ਤਰ੍ਹਾਂ ਦੀਆਂ ਦਵਾਈਆਂ ਮੰਗਵਾਈਆਂ ਜਾ ਸਕਦੀਆਂ ਹਨ। ਲੋਕਾਂ ਦਾ ਧਿਆਨ ਵੰਡਣ ਲਈ ਕੈਮਿਸਟਾਂ ਨੂੰ ਬਦਨਾਮ ਨਾ ਕੀਤਾ ਜਾਵੇ।
ਮਰੀਜ਼ ਹੋਏ ਪ੍ਰੇਸ਼ਾਨ, ਕਈਆਂ ਨੇ ਰਾਸ਼ਨ ਦੀ ਤਰ੍ਹਾਂ ਖਰੀਦੀਆਂ ਦਵਾਈਆਂ
ਹਡ਼ਤਾਲ ਦੌਰਾਨ ਕਾਫੀ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈਆਂ ਨੇ ਹਡ਼ਤਾਲ ਦੇ ਐਲਾਨ ਤੋਂ ਬਾਅਦ ਰਾਸ਼ਨ ਦੀ ਤਰ੍ਹਾਂ ਦਵਾਈਆਂ ਖਰੀਦਣ ਦੀ ਗੱਲ ਕਹੀ। ਭਟਕਦੇ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਦੀਅਾਂ ਫਾਰਮੇਸੀਅਾਂ ਹੀ ਇਕੋ ਇਕ ਸਹਾਰਾ ਬਣੀਅਾਂ, ਜਿੱਥੋਂ ਲੋਕ ਦਵਾਈਆਂ ਖਰੀਦਦੇ ਨਜ਼ਰ ਆਏ। ਕਈ ਜਗ੍ਹਾਂ ’ਤੇ ਕੈਮਿਸਟਾਂ ਨੇ ਮਰੀਜ਼ਾਂ ਦੇ ਵਾਰ-ਵਾਰ ਮਿੰਨਤਾਂ ਕਰਨ ’ਤੇ ਵੀ ਦੁਕਾਨ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ।
ਸਿਰਫ ਡਰੱਗ ਵਿਭਾਗ ਹੀ ਕਰੇ ਦਖਲ-ਅੰਦਾਜ਼ੀ
ਜੀ. ਐੱਸ. ਚਾਵਲਾ ਨੇ ਕਿਹਾ ਕਿ ਕੈਮਿਸਟਾਂ ਦੇ ਕੰਮ-ਕਾਜ ਦੀ ਜਾਂਚ ਤੇ ਦਖਲ ਅੰਦਾਜ਼ੀ ਡਰੱਗ ਵਿਭਾਗ ਹੀ ਕਰ ਸਕਦਾ ਹੈ। ਜੇਕਰ ਕੋਈ ਦੂਸਰਾ ਕਰਦਾ ਹੈ ਤਾਂ ਇਹ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਹੈ। ਪੁਲਸ ਕਿਸੇ ਠੋਸ ਸੂਚਨਾ ’ਤੇ ਹੀ ਛਾਪੇਮਾਰੀ ਕਰੇ। ਅਸੀਂ ਵੀ ਨਸ਼ਾ ਮੁਕਤ ਮੁਹਿੰਮ ਵਿਚ ਸਹਿਯੋਗ ਕਰਨ ਲਈ ਤਿਆਰ ਹਾਂ ਪਰ ਸਾਨੂੰ ਹੀ ਨਿਸ਼ਾਨਾ ਨਾ ਬਣਾਇਆ ਜਾਵੇ। ਪਿਛਲੇ 21 ਦਿਨਾਂ ’ਚ ਜਿਨ੍ਹਾਂ 1320 ਦਵਾਈਅਾਂ ਦੀਆਂ ਦੁਕਾਨਾਂ ਵਿਚ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਛਾਪੇ ਮਾਰੇ, ਉਨ੍ਹਾਂ ’ਚੋਂ 4 ਕੋਲ ਹੀ ਬਿਨਾਂ ਬਿੱਲ ਦੀਆਂ ਨਸ਼ਿਆਂ ਦੇ ਤੌਰ ’ਤੇ ਵਿਕਣ ਵਾਲੀਆਂ ਦਵਾਈਆਂ ਮਿਲੀਆਂ ਹਨ।