ਰਸਾਇਣ ਮੁਕਤ ਅਤੇ ਉੱਚ ਗੁਣਵੱਤਾ ਬਾਸਮਤੀ ਪੈਦਾਵਾਰ ਲਈ 10 ਪੈਸਟੀਸਾਈਡਾਂ ਦੀ ਵਰਤੋਂ ’ਤੇ ਪਾਬੰਦੀ
Tuesday, Aug 23, 2022 - 03:59 PM (IST)
ਅੰਮ੍ਰਿਤਸਰ (ਨੀਰਜ) - ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਬਾਸਮਤੀ ਦੀ ਫ਼ਸਲ ਲਈ ਬੈਨ ਕੀਤੇ 10 ਪੈਸਟੀਸਾਈਡ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਅਤੇ ਡਾਇਰੈਕਟਰ ਪੰਜਾਬ ਰਾਈਸ ਮਿੱਲਰਜ਼ ਐਕਸਪੋਰਟ ਐਸੋਸੀਏਸ਼ਨ ਪੰਜਾਬ, ਅਸ਼ੋਕ ਸੇਠੀ ਅਤੇ ਕਿਸਾਨ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਇੰਨ੍ਹਾਂ ਪਾਬੰਦੀਸ਼ੁਦਾ ਪੈਸਟੀਸਾਈਡ ਦੀ ਬਾਸਮਤੀ ’ਤੇ ਵਰਤੋਂ ਨਾ ਕਰਦੇ ਹੋਏ ਫ਼ਸਲ ’ਤੇ ਕੀੜੇ-ਮਕੌੜੇ ਅਤੇ ਬੀਮਾਰੀਆਂ ਦੇ ਹਮਲੇ ਦੀ ਰੋਕਥਾਮ ਲਈ ਹੋਰ ਬਦਲਵੇਂ ਪੈਸਟੀਸਾਈਡ ਕਿਸਾਨਾਂ ਨੂੰ ਸ਼ਿਫਾਰਿਸ਼ ਕੀਤੇ ਜਾਣ।
ਪੜ੍ਹੋ ਇਹ ਵੀ ਖ਼ਬਰ: ਪੁੱਛਿਓ ਨਾ ਕੌਣ! ਜਦੋਂ ਇਕ ਵੱਡੇ ਅਫ਼ਸਰ ਨੂੰ ਪਸੰਦ ਆ ਗਏ ‘ਗੁੱਚੀ ਦੇ ਸ਼ੂਜ਼’...
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬਾਸਮਤੀ ਦੀ ਫ਼ਸਲ ਇਕ ਅਜਿਹੀ ਫ਼ਸਲ ਹੈ, ਜਿਸਨੂੰ ਅੰਤਰਰਾਸ਼ਟਰੀ ਮੰਡੀ ਰਾਹੀਂ ਐਕਸਪੋਰਟ ਕਰ ਕੇ ਅਰਬ ਅਤੇ ਯੂਰਪ ਦੇਸ਼ਾਂ ਵਿਚ ਵੇਚਿਆ ਜਾਂਦਾ ਹੈ, ਜਿਸ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ। ਇਨ੍ਹਾਂ ਬਾਹਰਲੇ ਮੁਲਕਾਂ ਵਿਚ ਪੰਜਾਬ ਰਾਜ, ਖ਼ਾਸ ਕਰ ਕੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਦਾ ਕੀਤੀ ਬਾਸਮਤੀ ਦੀ ਬਹੁਤ ਮੰਗ ਰਹਿੰਦੀ ਹੈ, ਕਿਉਂਕਿ ਇਸ ਖਿੱਤੇ ਦਾ ਜਲਵਾਯੂ ਬਾਸਮਤੀ ਪੱਕਣ ਸਮੇਂ ਠੰਢਾ ਰਹਿੰਦਾ ਹੈ। ਇਸ ਨਾਲ ਬਾਮਸਤੀ ਚਾਵਲ ਵਿੱਚ ਅਰੋਮਾ ਵਿਕਸਿਤ ਹੁੰਦਾ ਹੈ ਪਰ ਬਾਸਮਤੀ ਦੇ ਚਾਵਲ ਵਿਚ ਕੁਝ ਸਪਰੇਅ ਕੀਤੀਆਂ ਰਸਾਇਣਿਕ ਜ਼ਹਿਰਾਂ ਦੇ ਅੰਸ਼ ਪਾਏ ਜਾਂਦੇ ਹਨ, ਜਿਸ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਬਾਸਮਤੀ ਵਿਚ ਵਰਤੇ ਜਾਣ ਵੱਲੇ 10 ਕਿਸਮ ਦੇ ਰਸਾਇਣਿਕ ਜ਼ਹਿਰਾਂ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਮੈਥਾਮੀਠੋਫਾਸ, ਪ੍ਰੋਪੀਕੋਨਾਜੋਲ, ਥਾਈਮਥੋਕਸਮ, ਪ੍ਰੋਫੀਨੋਫਾਸ, ਆਈਸੋਪ੍ਰੋਥਾਈੳਲਾਨ, ਕਾਰਬੈਂਡਾਜਿਮ ਅਤੇ ਟਰਾਈਸਾਈਕਲਾਜੋਲ ਦੀ ਇਸ ਫ਼ਸਲ ’ਤੇ ਸਪਰੇਅ ਕਰਨ ਦੀ ਪਾਬੰਦੀ ਲਗਾਈ ਗਈ ਹੈ। ਬਾਸਮਤੀ ਚੌਲਾਂ ਵਿਚ ਰਸਾਇਣਿਕ ਜਹਿਰਾਂ ਦੇ ਅੰਸ਼ ਨਾ ਪਾਏ ਜਾਣ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਬਾਸਮਤੀ ਦੀ ਡਿਮਾਂਡ ਵਿਚ ਵਾਧਾ ਹੋਵੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ 10 ਖੇਤੀ ਰਸਾਇਣਾਂ ਦੀ ਵਿਕਰੀ, ਭੰਡਾਰਣ ਅਤੇ ਵੰਡ ਕਰਨ ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : ਬੰਦ ਪਏ ਮੰਦਰ ਕੋਲ ਐਂਟੀ ਟੈਂਕ ਮਾਈਨ ਦੇ ਫਟਣ ਨਾਲ 4 ਛੋਟੇ ਬੱਚਿਆਂ ਦੀ ਮੌਤ
ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਵੀਰ ਬਾਸਮਤੀ ਦੀ ਫ਼ਸਲ ’ਤੇ ਪੈਸਟੀਸਾਈਡ ਸਪਰੇਅ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਰਾਬਤਾ ਕਰਨ ਅਤੇ ਸਿਫਾਰਿਸ਼ ਕੀਤੇ ਪੈਸਟੀਸਾਈਡ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣ। ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਪੈਸਟੀਸਾਈਡ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ। ਪੰਜਾਬ ਰਾਈਸ ਮਿੱਲਰਜ ਐਕਸਪੋਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਨ੍ਹਾਂ ਪਾਬੰਦੀਸ਼ੁਦਾ ਪੈਸਟੀਸਾਈਡ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਖੇਤੀਬਾੜੀ ਅਫ਼ਸਰ ਤਜਿੰਦਰ ਸਿੰਘ, ਏ. ਡੀ. ਓ. ਗੁਰਪ੍ਰੀਤ ਸਿੰਘ ਔਲਖ, ਏ. ਡੀ. ਓ. ਪਰਜੀਤ ਸਿੰਘ ਔਲਖ, ਪੰਜਾਬ ਰਾਈਸ ਮਿੱਲਰਜ ਐਕਸਪੋਰਟ ਐਸੋਸੀਏਸ਼ਨ ਦੇ ਨੁਮਾਇੰਦੇ ਅਸ਼ੀਸ਼ ਅਰੋਡ਼ਾ, ਅਰਵਿੰਦਰਪਾਲ ਸਿੰਘ, ਨਵੀਨ ਅਰੋੜਾ ਅਤੇ ਕਿਸਾਨ ਗੁਰਵੇਲ ਸਿੰਘ ਨਾਨੋਕੇ, ਸੁਬੇਗ ਸਿੰਘ ਮੱਲੂ ਨੰਗਲ ਆਦਿ ਹਾਜ਼ਰ ਸਨ।