ਆਈ. ਏ. ਐੱਸ. ਅਫਸਰ ਨੇ ਕੀਤੀ ਚੈਕਿੰਗ, ਮੰਗਿਆ ਰਿਕਾਰਡ

Thursday, Apr 05, 2018 - 08:04 AM (IST)

ਆਈ. ਏ. ਐੱਸ. ਅਫਸਰ ਨੇ ਕੀਤੀ ਚੈਕਿੰਗ, ਮੰਗਿਆ ਰਿਕਾਰਡ

ਪਟਿਆਲਾ (ਪ੍ਰਤਿਭਾ) - ਸ਼ਹਿਰ ਦੇ ਦੋ ਮੁੱਖ ਸਰਕਾਰੀ ਕਾਲਜ ਮਹਿੰਦਰਾ ਕਾਲਜ ਅਤੇ ਗਰਲਜ਼ ਕਾਲਜ ਵਿਚ ਆਪਣੀ ਸਰਪ੍ਰਾਈਜ਼ ਵਿਜ਼ਿਟ ਤੋਂ ਬਾਅਦ ਸਪੈਸ਼ਲ ਸੈਕਟਰੀ ਹਾਇਰ ਐਜੂਕੇਸ਼ਨ ਆਈ. ਏ. ਐੱਸ. ਐੱਮ. ਪੀ. ਅਰੋੜਾ ਨੇ ਭਾਸ਼ਾ ਵਿਭਾਗ ਵਿਚ ਵੀ ਅਚਾਨਕ ਮੁਆਇਨਾ ਕੀਤਾ। ਇਸ ਦੌਰਾਨ ਉਨ੍ਹਾਂ ਲਾਇਬ੍ਰੇਰੀ ਤੋਂ ਲੈ ਕੇ ਵਿਭਾਗ ਦੇ ਹਰੇਕ ਵਿੰਗ ਦਾ ਦੌਰਾ ਕੀਤਾ। ਵਿਭਾਗ ਦੇ ਗੈਸਟ ਹਾਊਸ ਵਿਚ ਵੀ ਗਏ। ਉਥੇ ਕਮਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਗੈਸਟ ਹਾਊਸ ਦੀ ਮੇਨਟੀਨੈਂਸ ਕਰਨ ਦੀ ਹਦਾਇਤ ਵੀ ਕੀਤੀ ਪਰ ਉਨ੍ਹਾਂ ਪੰਜਾਬੀ ਦੇ ਵਿਕਾਸ ਨੂੰ ਲੈ ਕੇ ਜ਼ਿਆਦਾ ਗੱਲਬਾਤ ਕੀਤੀ। ਉਨ੍ਹਾਂ ਡਾਇਰੈਕਟਰ ਤੋਂ ਪੰਜਾਬੀ ਦੇ ਵਿਕਾਸ ਨੂੰ ਲੈ ਕੇ ਜੋ ਵੀ ਸਰਗਰਮੀਆਂ ਚੱਲ ਰਹੀਆਂ ਹਨ, ਦੀ ਡਿਟੇਲ ਮੰਗੀ। ਨਾਲ ਹੀ ਉਨ੍ਹਾਂ ਪੁੱਛਿਆ ਕਿ ਵੱਖ-ਵੱਖ ਵਿਭਾਗਾਂ ਵਿਚ ਸਟਾਫ ਜਾ ਕੇ ਪੰਜਾਬੀ ਦੇ ਵਿਕਾਸ ਲਈ ਕੀ ਕੰਮ ਰਿਹਾ ਹੈ? ਪੰਜਾਬੀ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਦੇ ਕੀ ਕੰਮ ਚੱਲ ਰਹੇ ਹਨ ਅਤੇ ਸਰਕਾਰੀ ਵਿਭਾਗਾਂ ਵਿਚ ਪੰਜਾਬੀ ਦੇ ਇਸਤੇਮਾਲ ਨੂੰ ਲੈ ਕੇ ਕੀ ਹੋ ਰਿਹਾ ਹੈ? ਦਾ ਇਕ ਰਿਕਾਰਡ ਬਣਾ ਕੇ ਸੈਕਟਰੀ ਨੂੰ ਭਿਜਵਾਇਆ।  ਜਦੋਂ ਉਹ ਮੁੱਖ ਹਾਲ ਵਿਚ ਪਹੁੰਚੇ ਤਾਂ ਉਨ੍ਹਾਂ ਡਿਸਪਲੇ ਵਿਚ ਰੱਖੀਆਂ ਕਿਤਾਬਾਂ ਨੂੰ ਵੀ ਧਿਆਨ ਨਾਲ ਦੇਖਿਆ। ਨਾਲ ਹੀ ਉਨ੍ਹਾਂ ਪੁਰਾਤਨ ਹੱਥ-ਲਿਖਤ ਕਿਤਾਬਾਂ ਨੂੰ ਵੀ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਵਿਭਾਗ ਵਿਚ ਬਹੁਤ ਦੁਰਲੱਭ ਕਿਤਾਬਾਂ ਹਨ। ਉਨ੍ਹਾਂ ਨੂੰ ਇਥੇ ਵਧੀਆ ਤਰੀਕੇ ਨਾਲ ਡਿਸਪਲੇ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਮਿਲੇ ਕਿ ਵਿਭਾਗ ਕੀ ਕੰਮ ਕਰ ਰਿਹਾ ਹੈ? ਅਤੇ ਇਥੇ ਕੀ ਕੁੱਝ ਖਾਸ ਹੈ? ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਵਿਚ ਬਹੁਤ ਦੁਰਲੱਭ ਕਿਤਾਬਾਂ ਹਨ ਅਤੇ ਇਸ ਤੋਂ ਇਲਾਵਾ ਬਹੁਤ ਅਹਿਮ ਕਿਤਾਬਾਂ ਤੇ ਮੈਗਜ਼ੀਨ ਹਨ।
ਗਰਾਂਟ ਤੇ ਹੋਰ ਸਹੂਲਤਾਂ ਨੂੰ ਲੈ ਕੇ ਹੋਈ ਡਾਇਰੈਕਟਰ ਨਾਲ ਗੱਲਬਾਤ :  ਵਿਭਾਗ ਨੂੰ ਮਿਲਣ ਵਾਲੀ ਗਰਾਂਟ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਹੀ ਗੱਲਬਾਤ ਹੋਈ। ਲੇਖਕਾਂ ਦੀਆਂ ਕਿਤਾਬਾਂ ਛਾਪੇ ਜਾਣ ਤੋਂ ਇਲਾਵਾ ਹੋਰ ਗਤੀਵਿਧੀਆਂ ਬਾਰੇ ਵੀ ਉਨ੍ਹਾਂ ਜਾਣਕਾਰੀ ਲਈ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦਾ ਰਿਕਾਰਡ ਵੀ ਚੈੱਕ ਕੀਤਾ। ਰਿਕਾਰਡ ਚੈੱਕ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਵਿਭਾਗ ਦੇ ਕੰਮ-ਕਾਜ ਵਿਚ ਹੋਰ ਸੁਧਾਰ ਕੀਤਾ ਜਾਵੇ। ਜਿਸ ਮਕਸਦ ਨਾਲ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ, ਉਸ ਨੂੰ ਪੂਰਾ ਕੀਤਾ ਜਾਵੇ।


Related News