ਜ਼ਿਲਾ ਪੁਲਸ ਮੁਖੀ ਵੱਲੋਂ ਥਾਣਿਆਂ ''ਚ ਛਾਪੇਮਾਰੀ
Sunday, Aug 06, 2017 - 08:00 AM (IST)
ਫ਼ਰੀਦਕੋਟ/ਕੋਟਕਪੂਰਾ (ਹਾਲੀ, ਨਰਿੰਦਰ) - ਜ਼ਿਲਾ ਪੁਲਸ ਮੁਖੀ ਵੱਲੋਂ ਪੁਲਸ ਮੁਲਾਜ਼ਮਾਂ ਦੀ ਡਿਊਟੀ ਯਕੀਨੀ ਬਣਾਉਣ ਲਈ ਸਿਟੀ ਤੇ ਸਦਰ ਥਾਣਿਆਂ 'ਚ ਕੀਤੀ ਛਾਪੇਮਾਰੀ, ਨਾਕਾਬੰਦੀ 'ਤੇ ਤਾਇਨਾਤ ਅਤੇ ਗਸ਼ਤ ਕਰਨ ਵਾਲੇ ਮੁਲਾਜ਼ਮਾਂ ਦੀ ਅੱਧੀ ਰਾਤ ਕੀਤੀ ਜਾਂਚ ਨੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ 'ਚ ਭਾਜੜਾਂ ਪਾ ਦਿੱਤੀਆਂ। ਛਾਪੇਮਾਰੀ ਦੌਰਾਨ ਇਕ ਨਾਕੇ 'ਤੇ ਡਿਊਟੀ ਵਿਚ ਲਾਪ੍ਰਵਾਹੀ ਵਰਤਣ ਵਾਲੇ ਹੌਲਦਾਰ ਨੂੰ ਮੁਅੱਤਲ ਕੀਤਾ ਗਿਆ, ਜਦਕਿ ਡਿਊਟੀ ਦੌਰਾਨ ਚੰਗੀਆਂ ਸੇਵਾਵਾਂ ਬਦਲੇ ਚਾਰ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਸ਼ਾਬਾਸ਼ ਵੀ ਦਿੱਤੀ ਗਈ। ਦੇਰ ਰਾਤ ਸਾਢੇ 12 ਤੋਂ 2 ਵਜੇ ਤੱਕ ਪਹਿਲਾਂ ਫਰੀਦਕੋਟ ਦੇ ਸਿਟੀ ਤੇ ਸਦਰ ਥਾਣਿਆਂ ਤੋਂ ਇਲਾਵਾ ਸ਼ਹਿਰ ਦੇ ਤੈਅ ਮਾਰਗਾਂ 'ਤੇ ਲੱਗੇ ਨਾਕਿਆਂ 'ਤੇ ਚੈਕਿੰਗ ਕੀਤੀ ਗਈ ਅਤੇ ਬਾਅਦ 'ਚ ਕੋਟਕਪੂਰਾ ਦੇ ਦੋਵੇਂ ਥਾਣਿਆਂ ਦੀ ਭੇਸ ਬਦਲ ਕੇ ਸਿਵਲ ਵਰਦੀ 'ਚ ਚੈਕਿੰਗ ਕੀਤੀ। ਐੱਸ. ਐੱਸ. ਪੀ. ਨੇ ਬੱਤੀਆਂ ਵਾਲੇ ਚੌਕ 'ਚ ਨਾਕੇ ਦੌਰਾਨ ਡਿਊਟੀ 'ਚ ਅਣਗਹਿਲੀ ਕਰਨ ਤੇ ਪੂਰੀ ਵਰਦੀ ਨਾ ਪਾਉਣ ਦੇ ਦੋਸ਼ 'ਚ ਇਕ ਹੌਲਦਾਰ ਨੂੰ ਮੁਅੱਤਲ ਕਰ ਦਿੱਤਾ।
ਸਦਰ ਤੇ ਸਿਟੀ ਥਾਣਿਆਂ 'ਚ ਸੰਤਰੀ ਦੀ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਐੱਸ. ਐੱਸ. ਪੀ. ਨੂੰ ਅੰਦਰ ਜਾਣ ਤੋਂ ਵਰਜਦਿਆਂ ਆਖਿਆ ਕਿ ਥਾਣੇ ਦੀ ਚਾਬੀ ਸਹਾਇਕ ਮੁਨਸ਼ੀ ਕੋਲ ਹੈ, ਤੁਸੀਂ ਬਾਹਰ ਰੁਕੋ ਤੇ ਮੁਨਸ਼ੀ ਨੂੰ ਸੁਚਿਤ ਕਰਨ ਤੋਂ ਬਾਅਦ ਚਾਬੀ ਲਿਆ ਕੇ ਤਾਲਾ ਖੋਲ੍ਹਿਆ ਜਾਵੇਗਾ। ਪਤਾ ਲੱਗਾ ਹੈ ਕਿ ਸਦਰ ਥਾਣੇ 'ਚ ਸੰਤਰੀ ਦੀ ਡਿਊਟੀ 'ਤੇ ਤਾਇਨਾਤ ਹੋਮਗਾਰਡ ਜਵਾਨ ਭਾਗ ਸਿੰਘ ਤੇ ਸਹਾਇਕ ਮੁਨਸ਼ੀ ਦੇ ਤੌਰ 'ਤੇ ਡਿਊਟੀ ਦੇ ਰਹੇ ਕਾਂਸਟੇਬਲ ਪਰਮਿੰਦਰ ਸਿੰਘ ਤੇ ਹੌਲਦਾਰ ਹਰਪਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਜਦਕਿ ਸਿਟੀ ਥਾਣੇ ਦੇ ਹੌਲਦਾਰ ਗੁਲਾਬ ਸਿੰਘ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸ਼ਾਬਾਸ਼ੀ ਦਿੱਤੀ।
ਡਾ. ਨਾਨਕ ਸਿੰਘ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਪਿਛਲੇ ਮਹੀਨੇ ਜ਼ਿਲੇ 'ਚ ਗੈਂਗਸਟਰਾਂ ਵੱਲੋਂ ਦੋ ਅਜਿਹੇ ਕਤਲਕਾਂਡ ਨੂੰ ਅੰਜਾਮ ਦੇਣ ਦੇ ਨਾਲ-ਨਾਲ ਪੰਜ ਹੋਰ ਅਪਰਾਧਿਕ ਘਟਨਾਵਾਂ ਵਾਪਰਨ ਕਰ ਕੇ ਪੁਲਸ ਮੁਲਾਜ਼ਮਾਂ ਨੂੰ ਰਾਤ ਸਮੇਂ ਗਸ਼ਤ ਵਧਾਉਣ ਤੇ ਸਰਗਰਮੀ ਨਾਲ ਡਿਊਟੀ ਨਿਭਾਉਣ ਬਾਰੇ ਆਖਿਆ ਗਿਆ ਸੀ ਤੇ ਪੁਲਸ ਕਰਮਚਾਰੀਆਂ ਦੀ ਡਿਊਟੀ ਯਕੀਨੀ ਬਣਾਉਣ ਲਈ ਉਕਤ ਚੈਕਿੰਗ ਕੀਤੀ ਗਈ ਹੈ।
