ਮਾਧੋਪੁਰ ਨਾਕੇ ’ਤੇ ਚੈਕਿੰਗ ਦੌਰਾਨ ਕਾਰ ਤੋਂ 750 ਗ੍ਰਾਮ ਸੋਨਾ ਤੇ ਹੀਰੇ ਬਰਾਮਦ
Friday, Aug 27, 2021 - 05:20 PM (IST)
ਸੁਜਾਨਪੁਰ (ਜੋਤੀ/ਬਖਸੀ) : ਬੀਤੇ ਦਿਨੀਂ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਪੰਜਾਬ ਤੇ ਜੰਮੂ ਕਸ਼ਮੀਰ ਦੇ ਦਾਖਲਾ ਦੁਆਰ ਮਾਧੋਪੁਰ ’ਚ ਸਥਿਤ ਇੰਟਰ ਸਟੇਟ ਨਾਕੇ ਤੋਂ ਲਗਭਗ 17 ਕਿੱਲੋ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਫੜਨ ਤੋਂ ਬਾਅਦ ਜ਼ਿਲ੍ਹਾ ਪੁਲਸ ਨੇ ਇੰਟਰ ਸਟੇਟ ਨਾਕੇ ਮਾਧੋਪੁਰ ’ਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ’ਚ ਦਾਖਲ ਹੋਣ ਵਾਲੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਬੀਤੀ ਦੇਰ ਰਾਤ ਸੁਜਾਨਪੁਰ ਪੁਲਸ ਨੇ ਉਕਤ ਨਾਕੇ ’ਤੇ ਗੱਡੀਆਂ ਦੀ ਚੈਕਿੰਗ ਦੌਰਾਨ ਜ਼ਿਲ੍ਹਾ ਪਠਾਨਕੋਟ ਦੇ ਇਕ ਵਪਾਰੀ ਦੀ ਕਾਰ ਤੋਂ 750 ਗ੍ਰਾਮ ਸੋਨਾ ਤੇ ਕੁਝ ਹੀਰੇ ਬਰਾਮਦ ਕਰਨ ਦਾ ਮਾਮਲਾ ਪ੍ਰਕਾਸ਼ ’ਚ ਆਇਆ ਹੈ।
ਇਸ ਸਬੰਧੀ ਡੀ.ਐੱਸ.ਪੀ. ਧਾਰਕਲਾਂ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਾਕੇ ’ਤੇ ਗੱਡੀਆਂ ਦੀ ਚੈਕਿੰਗ ਦੌਰਾਨ ਇਕ ਕਾਰ ਤੋਂ 750 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਜਿਸ ਨੂੰ ਕਬਜ਼ੇ ’ਚ ਲੈ ਕੇ ਇਸ ਸਬੰਧੀ ਜ਼ਿਲ੍ਹਾ ਪਠਾਨਕੋਟ ਤੋਂ ਮੋਬਾਇਲ ਵਿੰਗ ਈ.ਟੀ.ਓ. ਮਧੂਸੂਦਨ ਨੂੰ ਜਾਣੂ ਕਰਵਾਇਆ ਗਿਆ। ਜਿਨ੍ਹਾਂ ਵਲੋਂ ਸਾਮਾਨ ਦੇ ਬਿੱਲ ਆਦਿ ਦੀ ਜਾਂਚ ਕਰਨ ’ਤੇ ਵਪਾਰੀ ਦੇ ਸਾਮਾਨ ਦੇ ਦਸਤਾਵੇਜ਼ ਪੂਰੇ ਪਾਏ ਗਏ ਸੀ। ਇਸ ਉਪਰੰਤ ਸਾਮਾਨ ਸਮੇਤ ਵਪਾਰੀ ਨੂੰ ਛੱਡ ਦਿੱਤਾ ਗਿਆ।