ਸਸਤੀ ਸ਼ਰਾਬ ਦੇ ਚਾਹਵਾਨਾਂ ਨੂੰ ਅਜੇ ਕਰਨੀ ਪਵੇਗੀ ਉਡੀਕ, ਜਾਣੋ ਕਿਉਂ

06/26/2022 5:55:01 PM

ਜਲੰਧਰ (ਪੁਨੀਤ)–ਜ਼ਿਲ੍ਹੇ ਅੰਦਰ ਸਸਤੀ ਸ਼ਰਾਬ ਦੀ ਵਿਕਰੀ ਹੋਣ ਦੀ ਉਡੀਕ ਕਰ ਰਹੇ ਖ਼ਪਤਕਾਰਾਂ ਨੂੰ ਅਜੇ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਜ਼ਿਲ੍ਹੇ ਦੇ 20 ਗਰੁੱਪਾਂ ਵਿਚੋਂ ਸਿਰਫ਼ 2 ਗਰੁੱਪਾਂ ਲਈ ਟੈਂਡਰ ਹੋਇਆ ਹੈ, ਜਦਕਿ 18 ਗਰੁੱਪਾਂ ਪ੍ਰਤੀ ਕਿਸੇ ਨੇ ਦਿਲਚਸਪੀ ਨਹੀਂ ਵਿਖਾਈ। ਠੇਕੇਦਾਰਾਂ ਦੇ ਪੂਲ ਹੋ ਜਾਣ ਕਾਰਨ ਮਹਿਕਮੇ ਦੇ ਹੱਥ ਨਿਰਾਸ਼ਾ ਲੱਗੀ ਹੈ ਅਤੇ ਸਸਤੀ ਸ਼ਰਾਬ ਦੀ ਵਿਕਰੀ ਲਈ ਫਿਲਹਾਲ ਅਜੇ ਉਡੀਕ ਕਰਨੀ ਪਵੇਗੀ। ਮਹਿਕਮੇ ਵੱਲੋਂ ਟੈਂਡਰ ਭਰਨ ਦੀ ਤਰੀਕ ਵਧਾਈ ਜਾ ਰਹੀ ਹੈ ਤਾਂ ਕਿ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਇਕ ਹੋਰ ਮੌਕਾ ਦਿੱਤਾ ਜਾ ਸਕੇ। ਨਵੀਂ ਪਾਲਿਸੀ 1 ਜੁਲਾਈ ਤੋਂ ਲਾਗੂ ਹੋਣ ਵਾਲੀ ਹੈ ਅਤੇ ਵਿਭਾਗ ਕੋਲ ਗਰੁੱਪਾਂ ਨੂੰ ਵੰਡਣ ਲਈ ਸਿਰਫ 4 ਦਿਨਾਂ ਦਾ ਸਮਾਂ ਬਾਕੀ ਬਚਿਆ ਹੈ।

ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

ਨਵੀਂ ਐਕਸਾਈਜ਼ ਪਾਲਿਸੀ ਮੁਤਾਬਕ ਜਲੰਧਰ ਜ਼ਿਲੇ ਅਧੀਨ 565 ਕਰੋੜ ਦੀ ਰਿਜ਼ਰਵ ਪ੍ਰਾਈਸ ਦੇ 20 ਗਰੁੱਪ ਬਣਾਏ ਗਏ ਸਨ। ਇਨ੍ਹਾਂ ਵਿਚ ਗਰੁੱਪ ਦੀ ਕੀਮਤ 27 ਤੋਂ 30 ਕਰੋੜ ਰੱਖੀ ਗਈ ਹੈ। ਨਗਰ ਨਿਗਮ ਦੀ ਹੱਦ ਅੰਦਰ 13 ਗਰੁੱਪ, ਜਦਕਿ ਦਿਹਾਤੀ ਲਈ 7 ਗਰੁੱਪ ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ 20 ਗਰੁੱਪਾਂ ਅਧੀਨ ਕੁੱਲ 640 ਠੇਕੇ ਖੋਲ੍ਹਣ ਦੀ ਵਿਵਸਥਾ ਰੱਖੀ ਗਈ ਹੈ। ਪਹਿਲੀ ਵਾਰ ਮਹਿਕਮੇ ਵੱਲੋਂ ਟੈਂਡਰਾਂ ਜ਼ਰੀਏ ਠੇਕਿਆਂ ਦੇ ਗਰੁੱਪ ਵੰਡੇ ਜਾ ਰਹੇ ਹਨ। ਇਸ ਲੜੀ ਵਿਚ ਜਲੰਧਰ ਜ਼ੋਨ ਲਈ 22 ਜੂਨ ਤੋਂ ਟੈਂਡਰ ਪਾਉਣ ਦੀ ਸ਼ੁਰੂਆਤ ਹੋਈ ਸੀ, ਜਿਹੜੀ ਕਿ ਸ਼ਨੀਵਾਰ ਸ਼ਾਮ 6.55 ਵਜੇ ਤੱਕ ਚੱਲੀ। ਬੀਤੀ ਸ਼ਾਮ ਵਿਭਾਗ ਵੱਲੋਂ ਟੈਂਡਰਾਂ ਦਾ ਸਟੇਟਸ ਵੇਖਣ ’ਤੇ ਪਤਾ ਲੱਗਾ ਕਿ ਜਲੰਧਰ ਜ਼ਿਲ੍ਹੇ ਵਿਚ ਸਿਰਫ਼ 3 ਟੈਂਡਰ ਪਾਏ ਗਏ। ਇਨ੍ਹਾਂ ਵਿਚ ਜੋਤੀ ਚੌਂਕ ਗਰੁੱਪ ਲਈ 1, ਜਦਕਿ ਰੇਲਵੇ ਸਟੇਸ਼ਨ ਗਰੁੱਪ ਦੇ 2 ਟੈਂਡਰ ਆਏ, ਰੇਲਵੇ ਸਟੇਸ਼ਨ ਅਧੀਨ 21 ਠੇਕਿਆਂ ਦੀ ਵਿਵਸਥਾ ਹੈ, ਜਦਕਿ ਰਿਜ਼ਰਵ ਪ੍ਰਾਈਸ 28.55 ਕਰੋੜ ਨਿਰਧਾਰਿਤ ਹੋਈ ਹੈ। ਇਸੇ ਤਰ੍ਹਾਂ ਜੋਤੀ ਚੌਂਕ ਦੇ 21 ਠੇਕੇ ਅਤੇ ਰਿਜ਼ਰਵ ਪ੍ਰਾਈਸ 29.23 ਕਰੋੜ ਰੱਖੀ ਗਈ ਸੀ। ਟੈਂਡਰ ਵਿਚ ਕੀ ਰਾਸ਼ੀ ਪਾਈ ਗਈ ਹੈ, ਇਸ ਦਾ ਪਤਾ ਐਤਵਾਰ ਦੁਪਹਿਰ ਬਾਅਦ ਚੱਲ ਸਕੇਗਾ। ਮਾਡਲ ਟਾਊਨ ਤੇ ਬੱਸ ਸਟੈਂਡ ਗਰੁੱਪ ਨੂੰ ਲੈ ਕੇ ਮਹਿਕਮੇ ਨੂੰ ਬਹੁਤ ਉਮੀਦਾਂ ਸਨ ਪਰ ਇਨ੍ਹਾਂ ਅਹਿਮ ਗਰੁੱਪਾਂ ਲਈ ਟੈਂਡਰ ਨਾ ਆਉਣਾ ਸਮਝ ਤੋਂ ਪਰ੍ਹੇ ਜਾਪ ਰਿਹਾ ਹੈ ਕਿਉਂਕਿ ਉਕਤ ਗਰੁੱਪਾਂ ਵਿਚ ਸੇਲ ਜ਼ਿਆਦਾ ਰਹਿੰਦੀ ਹੈ ਤੇ ਠੇਕੇਦਾਰ ਇਨ੍ਹਾਂ ਗਰੁੱਪਾਂ ਪ੍ਰਤੀ ਹਮੇਸ਼ਾ ਰੁਚੀ ਦਿਖਾਉਂਦੇ ਆਏ ਹਨ।
ਜਲੰਧਰ ਨਗਰ ਨਿਗਮ ਦੀ ਹੱਦ ਅੰਦਰ ਕੰਮ ਕਰਨ ਵਾਲੇ 13 ਗਰੁੱਪਾਂ ਵਿਚ ਮਾਡਲ ਟਾਊਨ ਗਰੁੱਪ 30.18 ਕਰੋੜ ਦੀ ਰਿਜ਼ਰਵ ਪ੍ਰਾਈਸ ਨਾਲ ਸਭ ਤੋਂ ਮਹਿੰਗਾ ਗਰੁੱਪ ਬਣਾਇਆ ਗਿਆ ਜਦੋਂ ਕਿ ਦੂਜੇ ਨੰਬਰ ’ਤੇ ਰੱਖੇ ਗੇ ਲੰਮਾ ਪਿੰਡ ਗਰੁੱਪ ਦੀ ਰਿਜ਼ਰਵ ਪ੍ਰਾਈਸ 29.86 ਕਰੋੜ ਰੱਖੀ ਗਈ ਸੀ। ਗਰੁੱਪਾਂ ਦੇ ਠੇਕਿਆਂ ਦੀ ਗੱਲ ਕਰੀਏ ਤਾਂ ਮਾਡਲ ਟਾਊਨ ਗਰੁੱਪ 17 ਠੇਕੇ, ਜਦੋਂ ਕਿ ਲੰਮਾ ਪਿੰਡ ਵਿਚ 20 ਠੇਕੇ ਰੱਖੇ ਗਏ ਸਨ, ਜਦੋਂ ਕਿ ਪਰਾਗਪੁਰ ਦੀ ਰਿਜ਼ਰਵ ਪ੍ਰਾਈਸ 28.05 ਕਰੋੜ ਰੱਖੀ ਗਈ ਸੀ, ਜਿਸ ਵਿਚ ਸਭ ਤੋਂ ਵੱਧ 27 ਠੇਕੇ ਖੋਲ੍ਹਣ ਦੀ ਵਿਵਸਥਾ ਸੀ ਪਰ ਇਸਦੇ ਲਈ ਵੀ ਕੋਈ ਟੈਂਡਰ ਨਹੀਂ ਮਿਲਿਆ।
ਉਥੇ ਹੀ, ਦਿਹਾਤੀ ਦੇ 358 ਠੇਕਿਆਂ ਵਿਚ 7 ਗਰੁੱਪਾਂ ਦੀ ਰਿਜ਼ਰਵ ਪ੍ਰਾਈਸ 194.60 ਕਰੋੜ ਰੱਖੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗਰੁੱਪਾਂ ਨੂੰ ਲੈ ਕੇ ਕਿਸੇ ਦੀ ਕੋਈ ਇਨਕੁਆਰੀ ਤੱਕ ਨਹੀਂ ਆਈ। ਹੁਣ ਮਹਿਕਮੇ ਵੱਲੋਂ ਤਰੀਕ ਵਧਾਉਣ ਤੋਂ ਬਾਅਦ ਕੀ ਰਿਸਪਾਂਸ ਆਉਂਦਾ ਹੈ, ਇਹ ਦੇਖਣ ਵਾਲਾ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਪਾਲਿਸੀ ’ਚ ਬਦਲਾਅ ਸਮੇਤ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਹੱਥ ਲੱਗੀ ਨਿਰਾਸ਼ਾ
ਮਹਿਕਮੇ  ਵੱਲੋਂ ਠੇਕਿਆਂ ਦੇ ਟੈਂਡਰ ਦੀ ਸ਼ੁਰੂਆਤ ਪਟਿਆਲਾ ਜ਼ੋਨ ਤੋਂ ਕੀਤੀ ਗਈ ਸੀ, ਜਿਸ ਵਿਚ ਉਮੀਦ ਦੇ ਮੁਤਾਬਕ ਰਿਸਪਾਂਸ ਨਾ ਮਿਲਣ ਕਾਰਨ ਅਧਿਕਾਰੀਆਂ ਵੱਲੋਂ ਜਲੰਧਰ ਜ਼ੋਨ ’ਤੇ ਫੋਕਸ ਕਰਨ ਦੀਆਂ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਵਿਭਾਗ ਨੇ ਆਪਣੀ ਪਾਲਿਸੀ ਵਿਚ ਬਦਲਾਅ ਕਰਦੇ ਹੋਏ 17 ਫੀਸਦੀ ਐਡਵਾਂਸ (ਲਗਭਗ 4 ਕਰੋੜ) ਦਿੱਤੀ ਜਾਣ ਵਾਲੀ ਸਕਿਓਰਿਟੀ ਦੀ ਰਾਸ਼ੀ ਨੂੰ ਲਾਇਸੈਂਸ ਫੀਸ ਵਿਚ ਐਡਜਸਟ ਕਰਨ ਦੀ ਸਹੂਲਤ ਦਿੱਤੀ ਗਈ ਸੀ। ਉਥੇ ਹੀ, ਲਾਇਸੈਂਸ ਫ਼ੀਸ ਦੀ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਵਿਚ ਵੀ ਵੱਡੀ ਰਾਹਤ ਦਿੰਦੇ ਹੋਏ 30 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ। ਵਿਭਾਗ ਵੱਲੋਂ ਐਕਸਾਈਜ਼ ਦਫਤਰ ਵਿਚ ਫੈਸਿਲੀਟੇਸ਼ਨ ਸੈਂਟਰ ਵੀ ਖੋਲ੍ਹਿਆ ਗਿਆ, ਜਿਸ ਵਿਚ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਤਾਂ ਕਿ ਅਪਲਾਈ ਕਰਨ ਵਾਲੇ ਨੂੰ ਟੈਂਡਰ ਦੀ ਪੂਰੀ ਪ੍ਰਕਿਰਿਆ ਸਮਝਾਈ ਜਾ ਸਕੇ। ਉਥੇ ਹੀ, ਮਹਿਕਮੇ ਦੇ ਈ. ਟੀ. ਓ. ਰੈਂਕ ਦੇ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਮਹਿਕਮੇ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਨਿਰਾਸ਼ਾ ਹੱਥ ਲੱਗੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਐਲਾਨ: ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਬਣਾਏ ਜਾਣਗੇ ਨਵੇਂ ਜੱਚਾ-ਬੱਚਾ ਸਿਹਤ ਕੇਂਦਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News