ਹਾਈਕਮਾਨ ਨਾਲ ਹਾਟ ਲਾਈਨ ’ਤੇ ਰਹੇ ਚਰਨਜੀਤ ਸਿੰਘ ਚੰਨੀ, ਇਸ ਲਈ ਨਹੀਂ ਚੱਲੀ ਸਿੱਧੂ ਦੀ
Wednesday, Sep 29, 2021 - 11:38 AM (IST)
ਜਲੰਧਰ (ਵਿਸ਼ੇਸ਼)– ਪੰਜਾਬ ਵਿਚ ਪਿਛਲੇ ਹਫ਼ਤੇ ਵੱਡੀ ਸਿਆਸੀ ਤਬਦੀਲੀ ਹੋਈ ਅਤੇ ਮੁੱਖ ਮੰਤਰੀ ਦੇ ਅਹੁਦੇ ’ਤੇ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਹੋ ਗਈ। ਇਸ ਬਾਰੇ ਸ਼ਾਇਦ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਚੰਨੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੇ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਹੱਥ ਦੱਸਿਆ ਜਾ ਰਿਹਾ ਹੈ। ਸਿੱਧੂ ਦੇ ਇਸ ਕਦਮ ਕਾਰਨ ਸਿਆਸੀ ਪਾਰਟੀਆਂ ਦੀ ਯੋਜਨਾ ’ਤੇ ਪਾਣੀ ਫਿਰ ਗਿਆ। ਚੰਨੀ ਕਿਉਂਕਿ ਜ਼ਮੀਨੀ ਪੱਧਰ ਦੇ ਨੇਤਾ ਹਨ, ਇਸ ਲਈ ਉਨ੍ਹਾਂ ਮੁੱਖ ਮੰਤਰੀ ਬਣਨ ਪਿੱਛੋਂ ਵੀ ਆਮ ਲੋਕਾਂ ਦਰਮਿਆਨ ਜਾ ਕੇ ਕੰਮ ਕਰਨ ਦੀ ਸੋਚ ਨੂੰ ਨਹੀਂ ਛੱਡਿਆ।
ਇਹ ਵੀ ਪੜ੍ਹੋ : ਜਲੰਧਰ: ਕੌਂਸਲਰ ਪਤੀ ਅਨੂਪ ਪਾਠਕ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ, 4 ਪੰਨਿਆਂ ਦੇ ਲਿਖੇ ਸੁਸਾਈਡ ਨੋਟ 'ਚ ਦੱਸਿਆ ਕਾਰਨ
ਸੁਰੱਖਿਆ ਵਿਵਸਥਾ ਦੀ ਪ੍ਰਵਾਹ ਕੀਤੇ ਬਿਨਾਂ ਚੰਨੀ ਲੋਕਾਂ ਦਰਮਿਆਨ ਜਾ ਕੇ ਭੀੜ ਦਾ ਹਿੱਸਾ ਬਣਦੇ ਰਹੇ। ਮੰਗਲਵਾਰ ਅਚਾਨਕ ਸਿੱਧੂ ਦੇ ਅਸਤੀਫ਼ੇ ਪਿੱਛੋਂ ਇਹ ਗੱਲ ਸਾਹਮਣੇ ਆਈ ਕਿ ਆਖ਼ਿਰ ਇੰਨੀ ਵੱਡੀ ਗੱਲ ਕਿਹੜੀ ਹੋ ਗਈ ਸੀ ਕਿ ਸਿੱਧੂ ਨੂੰ ਅਸਤੀਫ਼ਾ ਦੇਣਾ ਪਿਆ। ਅਸਲ ਵਿਚ ਦੱਸਿਆ ਜਾਂਦਾ ਹੈ ਕਿ ਚੰਨੀ ਭਾਵੇਂ ਸਿੱਧੂ ਦੇ ਬੇਹੱਦ ਨੇੜੇ ਹਨ ਅਤੇ ਸਮੇਂ-ਸਮੇਂ ’ਤੇ ਉਹ ਉਨ੍ਹਾਂ ਦਾ ਹੱਥ ਫੜ ਕੇ ਅੱਗੇ ਵਧਦੇ ਰਹੇ ਪਰ ਇਸ ਦਰਮਿਆਨ ਕਿਉਂਕਿ ਚੰਨੀ ਕੋਲ ਇਕ ਵੱਡਾ ਅਹੁਦਾ ਹੈ ਤਾਂ ਉਨ੍ਹਾਂ ਨੂੰ ਹਾਈਕਮਾਨ ਵੱਲੋਂ ਇਸ ਅਹੁਦੇ ਦੀ ਮਰਿਆਦਾ ਨੂੰ ਬਣਾ ਕੇ ਰੱਖਣ ਲਈ ਕਿਹਾ ਗਿਆ ਸੀ। ਹਾਈਕਮਾਨ ਨਾਲ ਚੰਨੀ ਹਾਟ ਲਾਈਨ ’ਤੇ ਰਹੇ, ਇਸ ਲਈ ਨਵਜੋਤ ਸਿੰਘ ਸਿੱਧੂ ਦੀ ਨਹੀਂ ਚੱਲੀ।
ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ 2 ਵੱਖ-ਵੱਖ ਸੰਗਠਨ ਹਨ। ਦੋਹਾਂ ਦੀਆਂ ਆਪਣੀਆਂ-ਆਪਣੀਆਂ ਵਿਵਸਥਾਵਾਂ ਹਨ। ਪਿਛਲੇ ਕੁਝ ਦਿਨਾਂ ਤੋਂ ਚੰਨੀ ਇਸ ਵਿਵਸਥਾ ਨੂੰ ਬਣਾਈ ਰੱਖਣ ਵਿਚ ਜੁਟੇ ਹੋਏ ਸਨ। ਸਿੱਧੂ ਇਸ ਵਿਵਸਥਾ ਵਿਚ ਵੀ ਆਪਣੀ ਸੀਨੀਆਰਟੀ ਕਾਇਮ ਰੱਖਣੀ ਚਾਹੁੰਦੇ ਸਨ। ਸਿੱਧੂ ਨੇ ਆਪਣੀ ਪਸੰਦ ਦੇ ਕੁਝ ਲੋਕਾਂ ਨੂੰ ਵਧੀਆ ਜਾਂ ਉੱਚੇ ਅਹੁਦੇ ਦਿਵਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਚ ਡੀ. ਜੀ. ਪੀ ਅਤੇ ਐਡਵੋਕੇਟ ਜਨਰਲ ਵਰਗੇ ਅਹਿਮ ਅਹੁਦੇ ਸ਼ਾਮਲ ਹਨ।
ਇਹ ਵੀ ਪੜ੍ਹੋ : ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ, ਪਟਿਆਲਾ ਪੁੱਜੇ ਪਰਗਟ ਤੇ ਰਾਜਾ ਵੜਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ