ਜਲੰਧਰ ਪੁੱਜੇ CM ਚੰਨੀ ਬਣੇ ਗੋਲਕੀਪਰ ਤੇ ਪਰਗਟ ਸਿੰਘ ਨੇ ਦਾਗੇ ਗੋਲ, ਖੇਡਿਆ ਹਾਕੀ ਦਾ ਮੈਚ
Sunday, Oct 31, 2021 - 06:12 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)— ਜਲੰਧਰ ਪੁੱਜੇ ਚਰਨਜੀਤ ਸਿੰਘ ਚੰਨੀ ਅੱਜ ਮੰਤਰੀ ਪਰਗਟ ਸਿੰਘ ਦੇ ਨਾਲ ਹਾਕੀ ਦਾ ਮੈਚ ਖੇਡਦੇ ਦਿਸੇ। ਦਰਅਸਲ ਚਰਨਜੀਤ ਸਿੰਘ ਚੰਨੀ ਅੱਜ ਸੁਰਜੀਤ ਹਾਕੀ ਸਟੇਡੀਅਮ ’ਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਸ਼ਿਰਕਤ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਹਾਕੀ ਦੇ ਖਿਡਾਰੀਆਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ, ਉਥੇ ਹੀ ਮੰਤਰੀ ਪਰਗਟ ਸਿੰਘ ਨਾਲ ਹਾਕੀ ਦਾ ਮੈਚ ਖੇਡਦੇ ਵੀ ਨਜ਼ਰ ਆਏ। ਮੈਦਾਨ ’ਚ ਮੈਚ ਦੌਰਾਨ ਚੰਨੀ ਗੋਲਕੀਪਰ ਬਣੇ ਅਤੇ ਪਰਗਟ ਸਿੰਘ ਨੇ ਗੋਲ ਦਾਗੇ।
ਇਹ ਵੀ ਪੜ੍ਹੋ: ਜਲੰਧਰ: ਸੁਰਜੀਤ ਹਾਕੀ ਸਟੇਡੀਅਮ ਪੁੱਜੇ CM ਚੰਨੀ, ਬੱਚਿਆਂ ਨਾਲ ਖਿੱਚਵਾਈਆਂ ਤਸਵੀਰਾਂ
ਖ਼ੁਦ ਯੂਨੀਵਰਸਿਟੀ ਪੱਧਰ `ਤੇ ਹੈਂਡਬਾਲ ਖੇਡ ਚੁੱਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਾਈਨਲ ਮੈਚ ਨੂੰ ਮੰਚ ਸੰਚਾਲਕ ਵੱਲੋਂ ਹਾਕੀ ਵਿੱਚ ਵੀ ਹੱਥ ਅਜ਼ਮਾਉਣ ਦੀ ਅਪੀਲ ਕੀਤੀ ਗਈ। ਮੁੱਖ ਮੰਤਰੀ ਨੇ ਵੀ ਉਨ੍ਹਾਂ ਦੀ ਅਪੀਲ ਦਾ ਹੁੰਗਾਰਾ ਭਰਦਿਆਂ ਦੇਰ ਨਾ ਕੀਤੀ ਅਤੇ ਗੋਲ ਰੋਕਣ ਲਈ ਗੋਲਕੀਪਰ ਦੀ ਵਰਦੀ ਪਾ ਮੈਦਾਨ ਵਿੱਚ ਜਾ ਡਟੇ। ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਵੀ ਆਪਣੇ ਆਗੂ ਨਾਲ ਖੇਡ ਕਲਾ ਦਿਖਾਉਣ ਲਈ ਸਟਿੱਕ ਹੱਥ ਵਿਚ ਫੜ ਲਈ।
ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਪ੍ਰੀਖਿਆ ਫ਼ੀਸ ਦੀਆਂ ਤਾਰੀਖ਼ਾਂ 'ਚ ਕੀਤਾ ਵਾਧਾ
ਜਦੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਮੈਦਾਨ 'ਚ ਆਏ ਅਤੇ ਹਾਕੀ ਦੇ ਅਖਾੜੇ ਵਿੱਚ ਸ਼ਾਨਦਾਰ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਤਾਂ ਪੂਰੇ ਸਟੇਡੀਅਮ ਨੇ ਤਾੜੀਆਂ ਮਾਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਗੋਲਕੀਪਰ ਵਜੋਂ ਮੁੱਖ ਮੰਤਰੀ ਚੰਨੀ ਨੇ ਪਰਗਟ ਸਿੰਘ ਵੱਲੋਂ ਮਾਰੀਆਂ ਕੁੱਲ ਪੰਜ ਹਿੱਟਾਂ ਵਿੱਚੋਂ ਤਿੰਨ ਦਾ ਸ਼ਾਨਦਾਰ ਬਚਾਅ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ ਓਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਓਲੰਪੀਅਨਾਂ ਵੱਲੋਂ ਮਾਰੀਆਂ ਹਿੱਟਾਂ ਨੂੰ ਰੋਕ ਕੇ ਵੀ ਗੋਲ ਹੋਣ ਤੋਂ ਬਚਾਅ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇਕ ਖ਼ਾਸ ਦਿਨ ਹੈ ਕਿਉਂਕਿ ਉਨ੍ਹਾਂ ਦੀ ਖੇਡ ਜੀਵਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਇਹ ਵੀ ਪੜ੍ਹੋ: 'ਤਾਲਮੇਲ ਦਾ ਸਮਾਂ ਹੁਣ ਹੋਇਆ ਖ਼ਤਮ', ਸੋਨੀਆ ਗਾਂਧੀ ਦਾ ਸ਼ੁਕਰਗੁਜ਼ਾਰ ਕਰਦਿਆਂ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ
ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਹੀ ਇਕ ਅਜਿਹਾ ਜ਼ਰੀਆ ਹਨ, ਜਿਸ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਪਾਸੇ ਵੱਲ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਪੰਜਾਬ ਦੇ ਖਿਡਾਰੀ ਖੇਡਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ 'ਚ ਆਪਣੇ ਹੁਨਰ ਦਾ ਲੋਹਾ ਮਨਵਾਉਣ।
ਇਥੇ ਇਹ ਵੀ ਦੱਸਣਯੋਗ ਹੈ ਕਿ ਖੇਡ ਮੰਤਰੀ ਪਰਗਟ ਸਿੰਘ ਅੱਜ ਸਵੇਰੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਬਾਬਾ ਜੀ. ਐੱਸ. ਬੋਧੀ ਸਿਕਸ-ਏ-ਸੀੲਡ ਵੈਟਰਨ ਹਾਕੀ ਲੀਗ ’ਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਥੇ ਉਨ੍ਹਾਂ ਨੇ ਖਿਡਾਰੀਆਂ ਦੇ ਨਾਲ ਹਾਕੀ ਵੀ ਖੇਡੀ ਸੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਮੋਹਾਲੀ ਹਾਕੀ ਸਟੇਡੀਅਮ ਵਿਚ ਗੋਲਕੀਪਰ ਬਣ ਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਭਜੋਤ ਸਿੰਘ ਦੇ ਸ਼ਾਟ ਰੋਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਹਾਲੀ ਹਾਕੀ ਸਟੇਡੀਅਮ ਵਿਚ ਟ੍ਰੇਨਿੰਗ ਕਰ ਰਹੀਆਂ ਮਹਿਲਾ ਖਿਡਾਰੀਆਂ ਨਾਲ ਫੋਟੋ ਸ਼ੂਟ ਵੀ ਕਰਵਾਇਆ ਸੀ। ਮੁੱਖ ਮੰਤਰੀ ਨੇ ਟਵਿਟਰ ’ਤੇ ਗੋਲਕੀਪਰ ਦੀ ਫੋਟੋ ਸ਼ੇਅਰ ਕਰਕੇ ਲਿਖਿਆ ਸੀ ਕਿ ਮੈਂ ਯੂਨੀਰਸਟੀ ਪੱਧਰ ’ਤੇ ਹੈਂਡਬਾਲ ਦਾ ਖਿਡਾਰੀ ਸੀ ਪਰ ਸ਼ਨੀਵਾਰ ਨੂੰ ਗੋਲਕੀਪਰ ਬਣ ਕੇ ਇਸ ਖੇਡ ਦਾ ਵੀ ਆਨੰਦ ਮਾਣਿਆ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਨੌਜਵਾਨ ਖਿਡਾਰੀਆਂ ਦੇ ਨਾਲ ਖੇਡ ਕੇ ਬਹੁਤ ਚੰਗਾ ਲੱਗਾ ਅਤੇ ਹਾਕੀ ਨੂੰ ਪਹਿਲਾਂ ਤੋਂ ਹੀ ਮੈਂ ਪੰਸਦ ਕਰਦਾ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ