ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ
Wednesday, Jun 12, 2024 - 07:00 PM (IST)

ਜਲੰਧਰ (ਚੋਪੜਾ)–ਜਲੰਧਰ ਦੇ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਟਿਕਟ ਦੇ ਦਾਅਵੇਦਾਰਾਂ ਦੇ ਇਲਾਵਾ ਲੋਕ ਸਭਾ ਚੋਣ ਵਿਚ ਬਣਾਈ ਗਈ ਕੋਆਰਡੀਨੇਸ਼ਨ ਕਮੇਟੀ, ਹਲਕੇ ਨਾਲ ਸਬੰਧਤ ਵਾਰਡ ਪ੍ਰਧਾਨਾਂ, ਵਾਰਡ ਇੰਚਾਰਜਾਂ ਅਤੇ ਹੋਰਨਾਂ ਆਗੂਆਂ ਨਾਲ ਮੀਟਿੰਗ ਕਰਕੇ ਨਬਜ਼ ਟਟੋਲਦਿਆਂ ਉਨ੍ਹਾਂ ਦੀ ਰਾਇ ਜਾਣੀ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਵੀ ਮੌਜੂਦ ਸਨ। ਸੰਸਦ ਮੈਂਬਰ ਚੰਨੀ ਨੇ ਮੀਟਿੰਗ ਦੀ ਸ਼ੁਰੂਆਤ ਵਿਚ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਰਿਸ਼ਤੇਦਾਰ ਜ਼ਿਮਨੀ ਚੋਣ ਨਹੀਂ ਲੜੇਗਾ ਅਤੇ ਨਾ ਹੀ ਵੈਸਟ ਹਲਕੇ ਤੋਂ ਕਿਸੇ ਬਾਹਰੀ ਉਮੀਦਵਾਰ ਟਿਕਟ ਮਿਲੇਗੀ। ਜਿਹੜਾ ਵੀ ਉਮੀਦਵਾਰ ਹੋਵੇਗਾ, ਉਹ ਹਲਕੇ ਨਾਲ ਹੀ ਸਬੰਧਤ ਹੋਵੇਗਾ। ਸੰਸਦ ਮੈਂਬਰ ਨੇ ਇਸ ਦੌਰਾਨ ਸਾਰੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਪਾਰਟੀ ਹਾਈਕਮਾਨ ਜਿਸ ਆਗੂ ਨੂੰ ਟਿਕਟ ਦੇਵੇਗੀ, ਸਾਰੇ ਪੂਰੀ ਇਕਜੁੱਟਤਾ ਨਾਲ ਉਸ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਗੱਲ ’ਤੇ ਇਤਰਾਜ਼ ਹੈ ਤਾਂ ਹੱਥ ਖੜ੍ਹਾ ਕਰ ਦੇਵੇ ਪਰ ਸਾਰੇ ਆਗੂਆਂ ਨੇ ਤਾੜੀਆਂ ਮਾਰ ਕੇ ਇਸ ਫ਼ੈਸਲੇ ’ਤੇ ਆਪਣੀ ਸਹਿਮਤੀ ਦਿੱਤੀ।
ਪਰ ਜਿਉਂ ਹੀ ਉਮੀਦਵਾਰ ਸਬੰਧੀ ਮੰਥਨ ਸ਼ੁਰੂ ਹੋਇਆ ਤਾਂ ਕੁਝ ਬੁਲਾਰਿਆਂ ਨੇ ਜਾਤੀਵਾਦ ਦੇ ਨਾਂ ’ਤੇ ਟਿਕਟ ਦੀ ਮੰਗ ਕਰ ਦਿੱਤੀ। ਇਕ ਆਗੂ ਭਗਤ ਬਰਾਦਰੀ ਨੂੰ ਟਿਕਟ ਦੇਣ ਦੀ ਮੰਗ ਕਰ ਰਿਹਾ ਸੀ ਅਤੇ ਦੂਜਾ ਰਵਿਦਾਸ ਤੇ ਮੇਘ ਬਰਾਦਰੀ ਵਿਚੋਂ ਉਮੀਦਵਾਰ ਦੀ ਚੋਣ ਕਰਨ ਦੀ ਗੱਲ ਕਰਨ ਲੱਗਾ। ਅਜਿਹੇ ਰੌਲੇ-ਰੱਪੇ ਵਾਲੇ ਹਾਲਾਤ ਨੂੰ ਦੇਖਦਿਆਂ ਚੰਨੀ ਨੇ ਸਾਰੇ ਕਾਂਗਰਸੀ ਆਗੂਆਂ ਨੂੰ ਮੀਟਿੰਗ ਹਾਲ ਵਿਚੋਂ ਬਾਹਰ ਕੱਢ ਕੇ ਸਾਰਿਆਂ ਨਾਲ ਵੱਖ-ਵੱਖ ਸਲਾਹ-ਮਸ਼ਵਰਾ ਕੀਤਾ। ਇਸ ਦੌਰਾਨ ਸੰਸਦ ਮੈਂਬਰ ਚੰਨੀ ਅਤੇ ਰਾਜਿੰਦਰ ਬੇਰੀ ਨੇ ਇਕੱਲੇ-ਇਕੱਲੇ ਆਗੂ ਤੋਂ ਉਨ੍ਹਾਂ ਦੀ ਰਾਇ ਜਾਣੀ ਅਤੇ ਜ਼ਿਮਨੀ ਚੋਣ ਦੀ ਚੁਣੌਤੀ ਵਿਚ ਜਿੱਤ ਪ੍ਰਾਪਤ ਕਰਨ ਸਬੰਧੀ ਰਣਨੀਤੀ ਬਾਰੇ ਜਾਣਕਾਰੀ ਇਕੱਠੀ ਕੀਤੀ। ਇਸ ਮੌਕੇ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ, ਸਾਬਕਾ ਕੌਂਸਲਰ ਬੰਟੀ ਨੀਲਕੰਠ, ਸੂਬਾਈ ਕਾਂਗਰਸ ਦੇ ਕਾਰਜਕਾਰੀ ਮੈਂਬਰ ਵਿਕਾਸ ਸੰਗਰ, ਪ੍ਰਦੇਸ਼ ਕਾਂਗਰਸ ਦੇ ਜੁਆਇੰਟ ਸੈਕਟਰੀ ਸਚਿਨ ਸਰੀਨ, ਅਸ਼ਵਨੀ ਜੰਗਰਾਲ, ਸੁਦੇਸ਼ ਕੁਮਾਰ ਭਗਤ, ਬਲਬੀਰ ਅੰਗੁਰਾਲ, ਐਡਵੋਕੇਟ ਬਚਨ ਲਾਲ, ਓਂਕਾਰ ਰਾਜੀਵ ਟਿੱਕਾ, ਰਸ਼ਪਾਲ ਜਾਖੂ, ਬ੍ਰਹਮਦੇਵ ਸਹੋਤਾ ਅਤੇ ਹੋਰ ਆਗੂ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ
ਜ਼ਿਲ੍ਹਾ ਕਾਂਗਰਸ ਹਾਈਕਮਾਨ ਨੂੰ 3 ਮੈਂਬਰਾਂ ਦਾ ਪੈਨਲ ਭੇਜੇਗੀ
ਸੰਸਦ ਮੈਂਬਰ ਚਰਨਜੀਤ ਚੰਨੀ ਨੇ ਕਿਹਾ ਕਿ ਹਾਈਕਮਾਨ ਹੀ ਉਮੀਦਵਾਰ ਦੇ ਨਾਂ ਦਾ ਅੰਤਿਮ ਫ਼ੈਸਲਾ ਕਰੇਗੀ। ਰਾਜਿੰਦਰ ਬੇਰੀ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਕਾਂਗਰਸ ਹਾਈਕਮਾਨ ਨੂੰ 3 ਮਜ਼ਬੂਤ ਉਮੀਦਵਾਰਾਂ ਦਾ ਪੈਨਲ ਬਣਾ ਕੇ ਭੇਜਿਆ ਜਾਵੇਗਾ ਅਤੇ ਇਸ ਪੈਨਲ ਵਿਚੋਂ ਹੀ ਕੋਈ ਇਕ ਉਮੀਦਵਾਰ ਐਲਾਨਿਆ ਜਾਵੇਗਾ। ਬੇਰੀ ਨੇ ਦੱਸਿਆ ਕਿ ਫਿਲਹਾਲ ਹਾਈਕਮਾਨ ਨੇ ਉਨ੍ਹਾਂ ਤੋਂ ਪੈਨਲ ਨਹੀਂ ਮੰਗਿਆ ਪਰ ਉਦੋਂ ਤਕ ਉਹ ਜ਼ਿਲ੍ਹਾ ਪੱਧਰ ’ਤੇ ਹਲਕੇ ਤੋਂ ਟਿਕਟ ਹਾਸਲ ਕਰਨ ਵਾਲੇ ਦਾਅਵੇਦਾਰਾਂ ਦੀ ਲਿਸਟ ਨੂੰ ਸ਼ਾਰਟਲਿਸਟ ਕਰ ਰਹੇ ਹਨ।
ਜ਼ਿਲ੍ਹਾ ਕਾਂਗਰਸ ਭਵਨ ’ਚ 6 ਦਾਅਵੇਦਾਰ ਅਪਲਾਈ ਕਰਨ ਪੁੱਜੇ, 3 ਦੂਜੇ ਹਲਕਿਆਂ ਦੇ ਆਗੂ ਵੀ ਜਤਾ ਗਏ ਆਪਣਾ ਦਾਅਵਾ
ਵੈਸਟ ਹਲਕੇ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਤੋਂ ਬਾਅਦ ਟਿਕਟ ਹਾਸਲ ਕਰਨ ਲਈ ਕਾਂਗਰਸ ਦੇ ਆਗੂਆਂ ਵਿਚ ਹੋਡ਼ ਲੱਗ ਗਈ ਹੈ। ਅੱਜ ਸੰਸਦ ਮੈਂਬਰ ਚੰਨੀ ਵੱਲੋਂ ਮੀਟਿੰਗ ਕਰਨ ਤੋਂ ਬਾਅਦ 6 ਦਾਅਵੇਦਾਰ ਟਿਕਟ ਹਾਸਲ ਕਰਨ ਦੀ ਇੱਛਾ ਸਬੰਧੀ ਜ਼ਿਲ੍ਹਾ ਕਾਂਗਰਸ ਭਵਨ ਪੁੱਜੇ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਨੂੰ ਆਪਣੀ-ਆਪਣੀ ਐਪਲੀਕੇਸ਼ਨ ਸਬਮਿਟ ਕਰਵਾਈ। ਇਨ੍ਹਾਂ ਚਿਹਰਿਆਂ ਵਿਚ ਸਾਬਕਾ ਕੌਂਸਲਰ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਸਾਬਕਾ ਕੌਂਸਲਰ ਵਿਪਨ, ਸਾਬਕਾ ਕੌਂਸਲਰ ਤਰਸੇਮ ਲਖੋਤਰਾ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਮੈਂਬਰ ਵਿਕਾਸ ਸੰਗਰ, ਸਾਬਕਾ ਕੌਂਸਲਰ ਮਨਦੀਪ ਜੱਸਲ, ਸਾਬਕਾ ਕੌਂਸਲਰ ਪ੍ਰਭਦਿਆਲ ਭਗਤ ਦੇ ਨਾਂ ਸ਼ਾਮਲ ਹਨ ਪਰ ਹਾਸੋਹੀਣੀ ਸਥਿਤੀ ਇਹ ਹੈ ਕਿ ਇਨ੍ਹਾਂ ਨਾਵਾਂ ਵਿਚ ਸੈਂਟਰਲ ਅਤੇ ਕੈਂਟ ਹਲਕੇ ਦੇ ਸਾਬਕਾ ਕੌਂਸਲਰ ਵੀ ਸ਼ਾਮਲ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਜੇਕਰ ਉਨ੍ਹਾਂ ਨੂੰ ਟਿਕਟ ਦੇਵੇਗੀ ਤਾਂ ਉਹ ਜ਼ਿਮਨੀ ਚੋਣ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਉਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ, 8ਵੀਂ ਜਮਾਤ 'ਚ ਪੜ੍ਹਦੀ ਕੁੜੀ ਨਾਲ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ
ਰਾਜਿੰਦਰ ਬੇਰੀ ਨੇ ਕਿਹਾ ਕਿ ਹਾਈਕਮਾਨ ਤੋਂ ਉਨ੍ਹਾਂ ਨੂੰ ਦਾਅਵੇਦਾਰੀ ਸਬੰਧੀ ਕੋਈ ਪ੍ਰੋਫਾਰਮਾ ਹਾਸਲ ਨਹੀਂ ਹੋਇਆ ਹੈ, ਜਿਸ ਕਾਰਨ ਅਜੇ ਜਿਹੜਾ ਵੀ ਕੋਈ ਆਗੂ ਉਨ੍ਹਾਂ ਨੂੰ ਆਪਣੀ ਐਪਲੀਕੇਸ਼ਨ ਦੇ ਰਿਹਾ ਹੈ, ਉਸ ਨੂੰ ਉਹ ਆਪਣੇ ਕੋਲ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਟਿਕਟ ਅਪਲਾਈ ਕਰਨ ਲਈ ਪ੍ਰੋਫਾਰਮਾ ਕੱਲ ਤਕ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਵਿਚ ਆ ਜਾਵੇਗਾ, ਜਿਸ ਵਿਚ ਦਾਅਵੇਦਾਰ ਦਾ ਸਮੁੱਚਾ ਵੇਰਵਾ ਦਰਜ ਕਰਕੇ ਹੀ ਟਿਕਟ ਲਈ ਅਪਲਾਈ ਕੀਤਾ ਜਾਣਾ ਹੈ।
ਸੰਸਦ ਮੈਂਬਰ ਚੰਨੀ ਕੱਲ ਤੋਂ ਵਾਰਡ ਪੱਧਰੀ ਮੀਟਿੰਗਾਂ ਦਾ ਦੌਰ ਕਰਨਗੇ ਸ਼ੁਰੂ
ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਲਈ ਇਹ ਜ਼ਿਮਨੀ ਚੋਣ ਵੱਡੀ ਚੁਣੌਤੀ ਹੈ। ਇਸ ਨੂੰ ਵੇਖਦਿਆਂ ਹੋਇਆਂ ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਉਹ ਕੱਲ ਤੋਂ ਹੀ ਵਾਰਡ ਪੱਧਰ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਇਕ ਵਾਰਡ ਵਿਚ ਮੀਟਿੰਗ ਕਰਨਗੇ ਅਤੇ ਇਸ ਦੌਰਾਨ ਉਹ ਵਾਰਡ ਨਾਲ ਸਬੰਧਤ ਲੋਕਾਂ ਦੀ ਲੋਕ ਸਭਾ ਚੋਣ ਵਿਚ ਕਾਂਗਰਸ ਨੂੰ ਜਿੱਤ ਦਿਵਾਉਣ ਸਬੰਧੀ ਧੰਨਵਾਦ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਦਿੱਕਤਾਂ ਨੂੰ ਵੀ ਸੁਣਨਗੇ।
ਉਦਯੋਗਪਤੀ ਅਤੇ ਸਾਬਕਾ ਕੌਂਸਲਰ ਪਰਿਵਾਰ ਵੀ ਟਿਕਟ ਦੇ ਦਾਅਵੇਦਾਰਾਂ ਦੀ ਦੌੜ ’ਚ ਹੋਵੇਗਾ ਸ਼ਾਮਲ!
ਸੂਤਰਾਂ ਦੀ ਮੰਨੀਏ ਤਾਂ ਸੱਤਾਧਾਰੀ ਪਾਰਟੀ ਵਿਰੁੱਧ ਲੜੀ ਜਾਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਉਠਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਚੋਣ ਵਿਚ ਧਨ-ਬਲ ਦੀ ਪੂਰੀ ਤਰ੍ਹਾਂ ਨਾਲ ਵਰਤੋਂ ਹੋਵੇਗੀ। ਇਸੇ ਕੜੀ ਵਿਚ ਸੰਸਦ ਮੈਂਬਰ ਚੰਨੀ ਅਤੇ ਜ਼ਿਲ੍ਹਾ ਪ੍ਰਧਾਨ ਦੀ ਨਜ਼ਰ ਵੈਸਟ ਹਲਕੇ ਦੇ ਅਜਿਹੇ ਪਰਿਵਾਰ ’ਤੇ ਹੈ, ਜੋ ਕਿ ਸਾਬਕਾ ਕੌਂਸਲਰ ਪਰਿਵਾਰ ਨਾਲ ਸਬੰਧਤ ਹੋਣ ਦੇ ਨਾਲ-ਨਾਲ ਉਦਯੋਗਪਤੀ ਘਰਾਣਾ ਵੀ ਹੈ।
ਮੰਨਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਦੌੜ ਵਿਚ ਸ਼ਾਮਲ ਕੀਤੇ ਜਾਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਅਤੇ ਜੇਕਰ ਸਾਰੀਆਂ ਗੋਟੀਆਂ ਸਹੀ ਬੈਠੀਆਂ ਤਾਂ ਕਾਂਗਰਸ ਦੇ ਸੀਨੀਅਰ ਆਗੂ ਉਕਤ ਪਰਿਵਾਰ ਦੇ ਕਿਸੇ ਮੈਂਬਰ ਦੀ ਟਿਕਟ ਦੀ ਦੌੜ ਵਿਚ ਸ਼ਾਮਲ ਦਾਅਵੇਦਾਰਾਂ ਵਿਚ ਐਂਟਰੀ ਕਰਵਾ ਕੇ ਉਸ ’ਤੇ ਆਪਣਾ ਦਾਅ ਖੇਡ ਸਕਦੇ ਹਨ।
ਇਹ ਵੀ ਪੜ੍ਹੋ-ਗਰਮੀ ਕਢਾਏਗੀ ਹੋਰ ਵਟ, ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।